ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਚੋਣ ਪ੍ਰਚਾਰ ਕਰਦੇ 5 ਹੋਰ ਵਾਹਨ ਕਾਬੂ
ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਚੋਣ ਪ੍ਰਚਾਰ ਕਰਦੇ 5 ਹੋਰ ਵਾਹਨ ਕਾਬੂ
ਪਰਦੀਪ ਕਸਬਾ ,ਸੰਗਰੂਰ, 9 ਫਰਵਰੀ 2022
ਵਿਧਾਨ ਸਭਾ ਹਲਕਾ ਸੰਗਰੂਰ ਦੇ ਰਿਟਰਨਿੰਗ ਅਫ਼ਸਰ ਸ੍ਰੀ ਚਰਨਜੋਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਨਾਂ ਪ੍ਰਵਾਨਗੀ ਤੋਂ ਦੋ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਮਾਮਲੇ ਵਿੱਚ ਅੱਜ 5 ਵਾਹਨਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਕਾਬੂ ਕਰਕੇ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ।
ਰਿਟਰਨਿੰਗ ਅਫ਼ਸਰ ਨੇ ਦਸਿਆ ਕਿ ਵਿਧਾਨ ਸਭਾ ਹਲਕਾ ਵਿੱਚ ਵੱਖ ਵੱਖ ਚੌਕਸੀ ਟੀਮਾਂ 24 ਘੰਟੇ ਤਾਇਨਾਤ ਹਨ ਅਤੇ ਅਜਿਹੀ ਕੋਈ ਵੀ ਉਲੰਘਣਾ ਸਾਹਮਣੇ ਆਉਣ ਉਤੇ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਚਾਰ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।
ਰਿਟਰਨਿੰਗ ਅਫਸਰ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਚੋਣ ਦਫਤਰ ਬਿਨਾ ਪ੍ਰਵਾਨਗੀ ਤੋਂ ਖੋਲ੍ਹਿਆ ਜਾਂਦਾ ਹੈ ਜਾਂ ਕੋਈ ਵਾਹਨ ਚੋਣ ਪ੍ਰਚਾਰ ਹਿਤ ਬਿਨਾ ਪ੍ਰਵਾਨਗੀ ਤੋਂ ਵਰਤੋਂ ਵਿਚ ਲਿਆਂਦਾ ਪਾਇਆ ਜਾਂਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।