ਕਿਸਾਨਾਂ ਦੇ ਹੋਏ ਨੁਕਸਾਨ ਲਈ ਰਾਜੂ ਖੰਨਾ ਨੇ ਕੀਤਾ ਸੀ ਮੰਤਰੀ ਕਾਕਾ ਰਣਦੀਪ ਦਾ ਘਿਰਾਓ
ਅਸ਼ੋਕ ਧੀਮਾਨ , ਸ਼੍ਰੀ ਫ਼ਤਹਿਗੜ੍ਹ ਸਾਹਿਬ, 21 ਨਵੰਬਰ,2021
ਪਿਛਲੇ ਮਹੀਨੇ ਹੋਈ ਬੇ ਮੌਸਮੀ ਭਾਰੀ ਬਾਰਸ਼ ਵਿੱਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ।ਜਿਸ ਵਿੱਚ ਖ਼ਾਸਕਰ ਹਲਕਾ ਅਮਲੋਹ ਦੇ ਕਿਸਾਨ ਜੋ ਆਲੂ ਦੀ ਖੇਤੀ ਕਰਦੇ ਹਨ ਆਲੂ ਦੀ ਬਿਜਾਈ ਕਰ ਹੀ ਰਹੇ ਸਨ ਕਿ ਭਾਰੀ ਬਾਰਸ਼ ਨੇ ਇਕ ਨਵੀਂ ਬੀਜੀ ਆਲੂ ਦੀ ਫ਼ਸਲ ਖ਼ਰਾਬ ਕਰ ਦਿੱਤੀ। ਜਿਸ ਵਿੱਚ ਤਿੱਨ ਹਜ਼ਾਰ ਤੋਂ ਵੱਧ ਏਕੜ ਅਤੇ ਪੰਦਰਾਂ ਕਰੋੜ ਤੋਂ ਵੱਧ ਦਾ ਨੁਕਸਾਨ ਕਿਸਾਨਾਂ ਦਾ ਹੋਇਆ। ਹੁਣ ਸਪੈਸ਼ਲ ਗੋਦਾਵਰੀ ਤੋਂ ਪੂਰੇ ਜ਼ਿਲ੍ਹੇ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਮਿਲਣ ਦੀ ਆਸ ਬਣੀ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰਬਜੀਤ ਸਿੰਘ ਝਿੰਜਰ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਨੇ ਕੀਤਾ। ਝਿੰਜਰ ਨੇ ਕਿਹਾ ਕਿ ਇੱਕ ਮਹੀਨੇ ਦੇ ਕਰੀਬ ਕਿਸਾਨਾਂ ਵੱਲੋਂ ਵਾਰ ਵਾਰ ਬੇਨਤੀ ਕਰਨ ਤੇ ਵੀ ਹਲਕਾ ਅਮਲੋਹ ਦੇ ਐਮ ਐਲ ਏ ਤੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਕੰਨੀਂ ਜੂੰ ਨਹੀਂ ਸਰਕੀ। ਓਹਨਾਂ ਕਿਹਾ ਕਿ ਜਿਹੜਾ ਮੰਤਰੀ ਆਪਣੇ ਹਲਕੇ ਦੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣ ਨਹੀ ਸਕਦਾ ਉਹ ਪੂਰੇ ਪੰਜਾਬ ਦਾ ਖੇਤੀਬਾੜੀ ਮੰਤਰੀ ਬਣਕੇ ਕੀ ਸਵਾਰੇਗਾ? ਜਦੋਂ ਸਬਰ ਦਾ ਬੰਨ੍ਹ ਟੁੱਟਿਆ ਤਾਂ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਖੇਤੀਬਾੜੀ ਮੰਤਰੀ ਦੇ ਦਫਤਰ ਦਾ ਘਿਰਾਓ ਕੀਤਾ। ਅਤੇ ਸੜਕ ਜਾਮ ਕਰਕੇ ਲਗਾਤਾਰ ਧਰਨਾ ਲਾ ਦਿੱਤਾ। ਜਿਸ ਦੇ ਸਿੱਟੇ ਵਜੋਂ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਪੂਰੇ ਜ਼ਿਲ੍ਹੇ ਦੇ ਹੀ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਝਿੰਜਰ ਨੇ ਅੱਗੇ ਕਿਹਾ ਕਿ ਰਾਜੂ ਖੰਨਾ ਕਰਕੇ ਹੀ ਇੱਕਲੇ ਅਮਲੋਹ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਦੇ ਕਿਸਾਨਾਂ ਜਿਹਨਾਂ ਦਾ ਬਾਰਸ਼ ਵਿੱਚ ਨੁਕਸਾਨ ਹੋਇਆ ਹੈ, ਨੂੰ ਮੁਆਵਜ਼ਾ ਮਿਲਣ ਦੀ ਆਸ ਬੱਝੀ ਹੈ। ਜਿਸ ਲਈ ਰਾਜੂ ਖੰਨਾ ਵਧਾਈ ਦੇ ਪਾਤਰ ਹਨ। ਝਿੰਜਰ ਨੇ ਕਿਹਾ ਕਿ ਉਹ ਆਪ ਵੀ ਇਸ ਧਰਨੇ ਵਿਚ ਸ਼ਾਮਲ ਹੋਏ ਸਨ। ਓਹਨਾਂ ਪ੍ਰਸ਼ਾਸਨ ਅਤੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਸਰਕਾਰ ਤੇ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ।