ਸ਼ੑੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਲੁਕੀਆਂ ਸ਼ਕਤੀਆਂ ਨੂੰ ਸਮਝੋ-ਖੰਨਾ, ਦੱਤ
ਸ਼ੑੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਲੁਕੀਆਂ ਸ਼ਕਤੀਆਂ ਨੂੰ ਸਮਝੋ-ਖੰਨਾ, ਦੱਤ
ਸੋਨੀ ਪਨੇਸਰ,ਬਰਨਾਲਾ -21 ਦਸੰਬਰ 2021
ਪਿਛਲੇ ਦਿਨਾਂ ਸ਼ੑੀ ਦਰਬਾਰ ਸਾਹਿਬ ਵਿਖੇ ਸ਼ੑੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਸਬੰਧੀ ਇਨਕਲਾਬੀ ਕੇਂਦਰ, ਪੰਜਾਬ ਦੀ ਸੂਬਾ ਕਮੇਟੀ ਵੱਲੋਂ ਪਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਬਰਗਾੜੀ ਕਾਂਡ ਤੋਂ ਬਾਅਦ ਵੀ ਸ਼ੑੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ‘ਚ ਨਹੀਂ ਆ ਰਹੀਆਂ। ਇਸ ਸਬੰਧੀ ਹੱਦ ਤਾਂ ਉਦੋਂ ਹੋ ਗਈ ਜਦੋਂ ਸਿੱਖਾਂ ਦੇ ਸਰਵਉੱਚ ਧਾਰਮਿਕ ਸਥਾਨ ਸ਼ੑੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਯਤਨ ਕੀਤਾ ਗਿਆ। ਇਸ ਤੋਂ ਪਹਿਲਾਂ ਦਿੱਲੀ ਦੇ ਸਿੰਘੂ ਬਾਰਡਰ ਅਤੇ ਦਰਬਾਰ ਸਾਹਿਬ ਤੋਂ ਬਾਅਦ ਕਪੂਰਥਲਾ ਵਿਖੇ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਵਾਪਰਨ ਦੇ ਐਨ ਮੌਕੇ ‘ਤੇ ਸਿੱਧੇ ਤੌਰ ਤੇ ਸ਼ਾਮਿਲ ਦੱਸੇ ਜਾ ਰਹੇ ਵਿਅਕਤੀਆਂ ਨੂੰ ਇਕੱਠੀਆਂ ਹੋਈਆਂ ਭੀੜਾਂ ਵੱਲੋਂ ਪਕੜ ਕੇ ਅਤੇ ਕੁੱਟਮਾਰ ਕਰਕੇ ਜਾਂ ਵੱਢ ਟੁੱਕਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬਰਗਾੜੀ ਕਾਂਡ ਵਿੱਚ ਕੋਈ ਇਨਸਾਫ਼ ਨਾ ਹੋਇਆ ਹੋਣ ਕਰਕੇ ਸ਼ੑੀ ਦਰਬਾਰ ਸਾਹਿਬ ਅਤੇ ਹੋਰ ਥਾਵਾਂ ‘ਤੇ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਜਗਤ ਅੰਦਰ ਵੱਡੀ ਪੱਧਰ ਤੇ ਰੋਸ ਪੈਦਾ ਕਰ ਦਿੱਤਾ ਹੈ। ਪੰਜਾਬ ਸਰਕਾਰ, ਸ਼ੑੋਮਣੀ ਗੁਰਦਵਾਰਾ ਪੑਬੰਧਕ ਕਮੇਟੀ, ਪੰਜਾਬ ਪੁਲਿਸ ਅਤੇ ਖੁਫ਼ੀਆ ਤੰਤਰ ਇਨ੍ਹਾਂ ਘਟਨਾਵਾਂ ਦਾ ਖੁਰਾ ਖੋਜ ਲੱਭਣ, ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜੵਾ ਕਰਕੇ ਸਜ਼ਾਵਾਂ ਦੇਣ ਅਤੇ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਦੇ ਪੁਖਤਾ ਪੑਬੰਧ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਹੋਇਆ ਹੈ। ਜਿਸ ਕਰਕੇ ਲੋਕਾਂ ਦਾ ਭਰੋਸਾ ਇਨ੍ਹਾਂ ਸਾਰੀਆਂ ਸੰਸਥਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ। ਇਹੀ ਕਾਰਨ ਹੈ ਕਿ ਧਾਰਮਿਕ ਜ਼ਜ਼ਬਾਤਾਂ ਨਾਲ ਭੜਕੀਆਂ ਭੀੜਾਂ ਅਜਿਹੇ ਕਤਲਾਂ ਉੱਪਰ ਜੈਕਾਰੇ ਛੱਡ ਰਹੀਆਂ ਹਨ।
ਭਾਰਤ ਅੰਦਰ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਣ ਦਾ ਵਰਤਾਰਾ ਕੋਈ ਨਵਾਂ ਵਰਤਾਰਾ ਨਹੀਂ। ਪਹਿਲਾਂ ਅੰਗਰੇਜ਼ ਅਤੇ 1947 ਤੋਂ ਬਾਅਦ ਭਾਰਤੀ ਹਾਕਮ ਲੋਕਾਂ ਵਿੱਚ ਧਾਰਮਿਕ ਵੰਡੀਆਂ ਪਾਕੇ ਅਤੇ ਫਿਰਕੂ ਦੰਗੇ ਭੜਕਾ ਕੇ ਆਪਣਾ ਉੱਲੂ ਸਿੱਧਾ ਕਰਦੇ ਰਹੇ ਹਨ। ਮੰਦਿਰਾਂ ਵਿੱਚ ਗਊ ਦੀਆਂ ਪੂਛਾਂ ਸੁੱਟਣਾ, ਮਸਜਿਦਾਂ ਵਿੱਚ ਸੂਰਾਂ ਦਾ ਮਾਸ ਸੁੱਟਣਾ ਜਾਂ ਗੁਰਦਵਾਰਿਆਂ ਦੀਆਂ ਹਦੂਦਾਂ ਅੰਦਰ ਬੀੜੀ ਸਿਗਰਟ ਦੇ ਬੰਡਲ ਸੁੱਟਣ ਦੀਆਂ ਕਾਰਵਾਈਆਂ ਕਰਕੇ ਹਿੰਦ ਮੁਸਲਮਾਨਾਂ ਅਤੇ ਹਿੰਦੂ ਸਿੱਖਾਂ ‘ਚ ਪਾੜੇ ਪਾਉਣ ਦੇ ਯਤਨ ਸਾਡੇ ਦੇਸ਼ ਦੇ ਇਤਹਾਸ ਅੰਦਰ ਕਾਲੇ ਧੱਬੇ ਹਨ। ਇਤਹਾਸ ਅੰਦਰ ਫਿਰਕੂ ਕਤਲੋਗਾਰਤ ਅਤੇ ਦੰਗੇ ਸਾਡੇ ਲੋਕਾਂ ਲਈ ਵੱਡਾ ਸਬਕ ਛੱਡ ਕੇ ਗਏ ਹਨ ਜੋ ਮੌਜੂਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸਮਝਣ ਵਿੱਚ ਸਹਾਈ ਹੋ ਸਕਦੇ ਹਨ।
ਭਾਰਤ ਦੀਆਂ ਹਾਕਮ ਜਮਾਤਾਂ ਬੁਰੀ ਤਰ੍ਹਾਂ ਆਰਥਿਕ ਸਿਆਸੀ ਸੰਕਟ ਦੀਆਂ ਬੌਂਦਲਾਈਆਂ ਹੋਈਆਂ ਹਨ। ਖਾਸ ਕਰਕੇ ਪੰਜਾਬ ਅੰਦਰ ਉਹ ਵੱਡੇ ਸਿਆਸੀ ਸੰਕਟ ਵਿੱਚੋਂ ਗੁਜਰ ਰਹੀਆਂ ਹਨ। ਲੱਗਭੱਗ ਸਾਰੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਲੋਕਾਂ ਦੇ ਨੱਕੋਂ ਬੁੱਲੋਂ ਲਹਿ ਚੁੱਕੀਆਂ ਹਨ। ਪੰਜਾਬ ਦੀ ਕਿਸਾਨੀ ਨੇ ਖੇਤੀ ਕਾਨੂੰਨਾਂ ਖਿਲਾਫ਼ ਇੱਕ ਸਾਲ ਤੋਂ ਵੱਧ ਲੰਮਾ ਸੰਘਰਸ਼ ਲੜੵਕੇ ਜਿੱਤ ਪ੍ਰਾਪਤ ਕੀਤੀ ਹੈ। ਜਿਸ ਕਰਕੇ ਉਨ੍ਹਾਂ ਦਾ ਵਿਸ਼ਵਾਸ ਆਪਣੇ ਏਕੇ ਅਤੇ ਸੰਘਰਸ਼ ਵਿੱਚ ਬਣ ਚੁੱਕਿਆ ਹੈ। ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂ ਉਨ੍ਹਾਂ ਦੇ ਨਾਇਕ ਹਨ। ਇਨ੍ਹਾਂ ਉੱਤੇ ਉਨ੍ਹਾਂ ਨੂੰ ਵੱਡਾ ਭਰੋਸਾ ਹੈ। ਹੁਣ ਉਹ ਨਵੇਂ ਗੇੜ ਦੀ ਲੜੵਾਈ ਲੜਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਆਪਣੇ ਪਰ ਤੋਲ ਰਹੇ ਹਨ। ਇਹ ਹਾਲਤ ਹਾਕਮ ਜਮਾਤਾਂ ਲਈ ਵੱਡਾ ਚਿੰਤਾ ਦਾ ਕਾਰਨ ਹੈ। ਲੋਕਾਂ ਦੀ ਭਾਈਚਾਰਕ ਏਕਤਾ ਨੂੰ ਤੋੜਨ ਲਈ ਉਹ ਬੀਤੇ ਸਮੇਂ ਅੰਦਰ ਧਰਮ ਦਾ ਪੱਤਾ ਖੇਡਕੇ ਲੋਕਾਂ ਵਿੱਚ ਨਫ਼ਰਤ ਦੀਆਂ ਲਕੀਰਾਂ ਖਿੱਚਦੀਆਂ ਰਹੀਆਂ ਹਨ ਅਤੇ ਹੁਣ ਵੀ ਉਨ੍ਹਾਂ ਦੇ ਹਿੱਤ ਮੰਗ ਕਰਦੇ ਹਨ ਕਿ ਲੋਕ ਏਕਤਾ ਦੇ ਕਿਲੇ ਨੂੰ ਸੰਨ੍ਹ ਲਾਈ ਜਾਵੇ। ਹਾਕਮ ਜਮਾਤਾਂ ਦੇ ਨਾਲ ਨਾਲ ਫਿਰਕੂ ਧਾਰਮਿਕ ਜਨੂੰਨੀ,ਉਨ੍ਹਾਂ ਦਾ ਹੱਥ ਠੋਕਾ ਬਣਕੇ ਲੋਕਾਂ ਦੀ ਸਾਂਝ ਨੂੰ ਤੋੜਨ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ। ਕਿਸਾਨ ਅੰਦੋਲਨ ਭਾਰਤੀ ਹਾਕਮਾਂ ਅਤੇ ਖਾਲਿਸਤਾਨੀਆਂ ਨੂੰ ਫੁੱਟੀ ਅੱਖ ਨਹੀਂ ਸੀ ਭਾਉਂਦਾ, ਇਸੇ ਕਰਕੇ ਉਹ 26 ਜਨਵਰੀ ਦੀਆਂ ਘਟਨਾਵਾਂ, ਸਿੰਘੂ ਬਾਰਡਰ ਤੇ ਧਾਰਮਿਕ ਗ੍ਰੰਥ ਦੀ ਬੇਅਦਬੀ ਅਤੇ ਕਤਲ ਦੀ ਘਟਨਾ ਵਰਗੇ ਮੌਕਿਆਂ ‘ਤੇ ਇੱਕ ਕਤਾਰ ਚ ਖੜੇ ਦਿਖਾਈ ਦਿੱਤੇ। ਹੁਣ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਵੀ ਇਹੀ ਤਾਕਤਾਂ ਫਾਇਦਾ ਖੱਟਣ ਦੇ ਰੌਂਅ ਵਿੱਚ ਹਨ ਅਤੇ ਲੋਕ ਆਗੂਆਂ ਤੇ ਚਿੱਕੜ ਸੁੱਟਣ ਦਾ ਗਣੀਮਤ ਮੌਕਾ ਸਮਝ ਰਹੀਆਂ ਹਨ।
ਇਨਕਲਾਬੀ ਕੇਂਦਰ, ਪੰਜਾਬ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਮੌਕੇ ਆਪਣੀ ਏਕਤਾ ਅਤੇ ਸੰਜਮ ਬਣਾਈ ਰੱਖਣ, ਹਾਕਮ ਜਮਾਤਾਂ, ਇਨ੍ਹਾਂ ਦੀਆਂ ਏਜੰਸੀਆਂ ਅਤੇ ਲੋਕਾਂ ਦੇ ਜਜਬਾਤਾਂ ਨੂੰ ਭੜਕਾਉਣ ਵਾਲੇ ਧਾਰਮਿਕ ਜਨੂੰਨੀਆਂ ਦੀਆਂ ਚਾਲਾਂ ਨੂੰ ਸਮਝਣ। ਉਨ੍ਹਾਂ ਨੂੰ ਇਹ ਸਮਝਣ ਦੀ ਜਰੂਰਤ ਹੈ ਕਿ ਇਨ੍ਹਾਂ ਘਟਨਾਵਾਂ ਦੀ ਥਾਹ ਪਾਉਣ ਦਾ ਸਾਧਨ ਬਣ ਸਕਣ ਵਾਲੇ ਬੰਦਿਆਂ ਨੂੰ ਕਿਉਂ ਕਤਲ ਕੀਤਾ ਜਾ ਰਿਹਾ ਹੈ ? ਕੀ ਹੁਣ ਸਰਕਾਰ ਅਤੇ ਇਸ ਦੀਆਂ ਸੰਸਥਾਵਾਂ ਤੇ ਦਬਾਅ ਪਾਕੇ ਇਨਸਾਫ਼ ਹਾਸਿਲ ਕਰਨ ਦੀ ਬਜਾਇ, ਇਹੋ ਜਿਹੇ ਲੋਕ ਹੀ ਭੀੜਤੰਤਰਾਂ ਰਾਹੀਂ ਇਨਸਾਫ਼ ਕਰਿਆ ਕਰਨਗੇ ? ਜੇ ਅਜਿਹਾ ਹੋਵੇਗਾ ਤਾਂ ਆਰਐਸਐਸ ਦੇ ਕਾਤਲੀ ਗਰੋਹਾਂ ਅਤੇ ਇਨ੍ਹਾਂ ਵਿੱਚ ਕੀ ਫਰਕ ਰਹਿ ਜਾਵੇਗਾ ? ਕੀ ਆਰਐਸਐਸ ਦੇ ਫਾਸ਼ੀਵਾਦੀ ਅਤੇ ਫਿਰਕੂ ਟੋਲੇ ਭੀੜਾਂ ਇਕੱਠੀਆਂ ਕਰਕੇ ਘੱਟ ਗਿਣਤੀ ਮੁਸਲਮਾਨਾਂ ਦੇ ਖਿਲਾਫ਼ ਕਾਤਲੀ ਕਾਰਵਾਈਆਂ ਨਹੀਂ ਕਰ ਰਹੇ ? ਕੀ ਦਿੱਲੀ ਅਤੇ ਗੁਜਰਾਤ ਵਿੱਚ ਹੋਏ ਸਿੱਖਾਂ ਅਤੇ ਮੁਸਲਮਾਨਾਂ ਦੇ ਕਤਲੇਆਮਾਂ ਨੂੰ ਧਰਮ ਦੇ ਜਨੂੰਨ ਚ ਅੰਨ੍ਹੀਆਂ ਹੋਈਆਂ ਫਿਰਕੂ ਭੀੜਾਂ ਨੇ ਅੰਜਾਮ ਨਹੀਂ ਸੀ ਦਿੱਤਾ ? ਜੇਕਰ ਇਹ ਕਤਲੇਆਮ ਮਨੁੱਖਤਾ ਦੇ ਨਾਂ ‘ਤੇ ਕਲੰਕ ਹਨ ਤਾਂ ਕੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਾਉਣ ਵਾਲੀਆਂ ਸ਼ਕਤੀਆਂ ਦਾ ਮੋਹਰਾ ਬਨਣ ਵਾਲਿਆਂ ਨੂੰ ਭੜਕੀਆਂ ਭੀੜਾਂ ਵੱਲੋਂ ਕਤਲ ਕਰਨ ਦੀਆਂ ਕਾਰਵਾਈਆਂ ਸ਼ਰਮਸ਼ਾਰ ਕਰਨ ਵਾਲੀਆਂ ਨਹੀਂ ?
ਇਨਕਲਾਬ ਕੇਂਦਰ, ਪੰਜਾਬ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਲੋਕਾਂ ਦੇ ਧਾਰਮਿਕ ਜਜਬਾਤਾਂ ਨੂੰ ਭੜਕਾਉਣ ਵਾਲੀਆਂ ਲੋਕ ਦੁਸ਼ਮਣ ਤਾਕਤਾਂ ਦੇ ਚੰਦਰੇ ਮਨਸੂਬਿਆਂ ਨੂੰ ਸਮਝਣ ਅਤੇ ਅਜਿਹੀਆਂ ਤਾਕਤਾਂ ਨੂੰ ਲੋਕਾਂ ਦੇ ਕਟਹਿਰੇ ਵਿੱਚ ਖੜੵਾ ਕਰਨ ਅਤੇ ਸਜ਼ਾ ਦੇਣ ਲਈ ਲੋਕ ਸ਼ਕਤੀ ਦਾ ਦਬਾਅ ਲਾਮਬੰਦ ਕਰਨ ਅਤੇ ਅਜਿਹਾ ਕਰਦੇ ਹੋਏ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਲੀਹੋਂ ਲਾਹੁਣ ਵਾਲੀਆਂ ਸਾਜ਼ਿਸ਼ਾਂ ਨੂੰ ਚਕਨਾਚੂਰ ਕਰਨ।