Skip to content
Advertisement
ਸ਼ਹੀਦ ਵਰਿੰਦਰ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਨਿੱਘੀਆਂ ਸ਼ਰਧਾਂਜਲੀਆਂ ਭੇਟ
ਪਰਦੀਪ ਕਸਬਾ,ਲਹਿਰਾਗਾਗਾ/ਸੰਗਰੂਰ, 6 ਜਨਵਰੀ: 2022
ਪਿਛਲੇ ਦਿਨੀਂ ਛੱਤੀਸਗੜ੍ਹ ਦੇ ਜ਼ਿਲ੍ਹਾ ਸੁਕਮਾ ਵਿੱਚ ਨਕਸਲਬਾੜੀ ਮੁੱਠਭੇੜ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸੀ ਆਰ ਪੀ ਐਫ ਦੀ ਕੋਬਰਾ 208 ਬਟਾਲੀਅਨ ਦੇ ਜਾਂਬਾਜ਼ ਕਾਂਸਟੇਬਲ ਸ੍ਰੀ ਵਰਿੰਦਰ ਸਿੰਘ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਨਾਜ ਮੰਡੀ ਲਹਿਰਾਗਾਗਾ ਵਿਖੇ ਪਾਇਆ ਗਿਆ। ਇਸ ਉਪਰੰਤ ਸ਼ਹੀਦ ਨਮਿਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖਸੀਅਤਾਂ ਤੇ ਸਥਾਨਕ ਨਿਵਾਸੀਆਂ ਨੇ ਸ਼ਹੀਦ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਪੰਜਾਬ ਸਰਕਾਰ ਦੀ ਤਰਫੋਂ ਸ਼ਾਮਲ ਹੁੰਦਿਆਂ ਸ਼ਹੀਦ ਦੇ ਪਰਿਵਾਰ ਨੂੰ ਐਕਸ ਗਰੇਸ਼ੀਆ ਮੁਆਵਜ਼ੇ ਵਜੋਂ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਸੌਂਪਿਆ।
ਉਨ੍ਹਾਂ ਨੇ ਸ਼ਹੀਦ ਦੇ ਮਾਤਾ ਪਿਤਾ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਹੀਦ ਦਾ ਪਰਿਵਾਰ ਸਰਕਾਰ ਦਾ ਪਰਿਵਾਰ ਹੈ ਅਤੇ ਭਵਿੱਖ ਵਿੱਚ ਵੀ ਪਰਿਵਾਰ ਦੀ ਹਰੇਕ ਪੱਖੋਂ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹੀਦ ਸ. ਵਰਿੰਦਰ ਸਿੰਘ ਨੇ ਛੋਟੀ ਉਮਰੇ ਹੀ ਦੇਸ਼ ਦੀ ਰਾਖੀ ਲਈ ਆਪਣੀ ਜਾਨ ਵਾਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਜਿਸ ਨਾਲ ਸਾਰਿਆਂ ਦਾ ਸਿਰ ਫ਼ਖ਼ਰ ਨਾਲ ਉੱਚਾ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਕਾਂਸਟੇਬਲ ਸ. ਵਰਿੰਦਰ ਸਿੰਘ 2017 ਵਿੱਚ ਸੀਆਰਪੀਐਫ ਵਿੱਚ ਭਰਤੀ ਹੋਏ ਸਨ।ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਹੀਦ ਵਰਿੰਦਰ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਐਕਸ ਗ੍ਰੇਸ਼ੀਆ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਵਿੱਚੋਂ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਅੱਜ ਸ਼ਹੀਦ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ ਅਤੇ 45 ਲੱਖ ਰੁਪਏ ਸਮੇਤ ਹੋਰ ਐਲਾਨ ਜਲਦੀ ਤੋਂ ਜਲਦੀ ਪੂਰੇ ਕਰਨ ਲਈ ਦਸਤਾਵੇਜ਼ੀ ਕਾਰਵਾਈ ਜਾਰੀ ਹੈ। ਇਸ ਮੌਕੇ ਵਿਧਾਇਕ ਸ੍ਰ ਪਰਮਿੰਦਰ ਸਿੰਘ ਢੀਂਡਸਾ, ਸ੍ਰ ਗੋਬਿੰਦ ਸਿੰਘ ਲੋਂਗੋਵਾਲ, ਐਸ ਡੀ ਐਮ ਸ਼੍ਰੀਮਤੀ ਨਵਰੀਤ ਕੌਰ ਸੇਖੋਂ, ਡੀ ਐਸ ਪੀ ਸ਼੍ਰੀ ਮਨੋਜ ਗੋਰਸੀ, ਜ਼ਿਲ੍ਹਾ ਸੈਨਿਕ ਵੈਲਫੇਅਰ ਵਿਭਾਗ ਵੱਲੋਂ ਸ਼੍ਰੀ ਹਰਜੀਤ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
Advertisement
Advertisement
error: Content is protected !!