ਸ਼ਹੀਦੀ ਸਭਾ ਦੌਰਾਨ ਸੰਗਤ ਦੀ ਸਹੂਲਤ ਲਈ ਈ-ਰਿਕਸ਼ਾ ਸੇਵਾ ਦੀ ਸ਼ੁਰੂਆਤ
ਸ਼ਹੀਦੀ ਸਭਾ ਦੌਰਾਨ ਸੰਗਤ ਦੀ ਸਹੂਲਤ ਲਈ ਈ-ਰਿਕਸ਼ਾ ਸੇਵਾ ਦੀ ਸ਼ੁਰੂਆਤ
- -ਵਿਧਾਇਕ ਨਾਗਰਾ ਨੇ ਹਰੀ ਝੰਡੀ ਦੇ ਕੇ ਈ-ਰਿਕਸ਼ਾ ਕੀਤੇ ਰਵਾਨਾ
- – ਬਜ਼ੁਰਗ, ਮਹਿਲਾਵਾਂ, ਦਿਵਿਆਂਗ ਅਤੇ ਬੱਚੇ ਲੈ ਸਕਦੇ ਨੇ 50 ਈ-ਰਿਕਸ਼ਿਆਂ ਦੀ ਸਹੂਲਤ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 25 ਦਸੰਬਰ: 2021
ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਆਰੰਭ ਹੋਈ ਸ਼ਹੀਦੀ ਸਭਾ ਦੌਰਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਪੁੱਜਣ ਵਾਲੀ ਸੰਗਤ ਵਿੱਚ ਸ਼ਾਮਲ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਅਤੇ ਦਿਵਿਆਂਗਜਨਾਂ ਨੂੰ ਆਵਾਜਾਈ ਦੀ ਮੁਫਤ ਸਹੂਲਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈ-ਰਿਕਸ਼ੇ ਮੁਹੱਈਆ ਕਰਵਾਏ ਹਨ। ਇਨ੍ਹਾਂ ਈ-ਰਿਕਸ਼ਿਆਂ ਨੂੰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਦੀ ਦੁਨੀਆ ਭਰ ਵਿੱਚ ਕੋਈ ਮਿਸਾਲ ਨਹੀ ਮਿਲਦੀ। ਉਨ੍ਹਾਂ ਕਿਹਾ ਕਿ ਈ-ਰਿਕਸ਼ਿਆਂ ਦੀ ਸੁਰੂਆਤ ਸੰਗਤ ਦੀ ਸੇਵਾ ਲਈ ਬਹੁਤ ਵਧੀਆ ਉਪਰਾਲਾ ਹੈ।
ਸ.ਨਾਗਰਾ ਨੇ ਕਿਹਾ ਕਿ ਬਾਹਰੋਂ ਆਉਣ ਵਾਲੀ ਸੰਗਤ ਵਿੱਚ ਸ਼ਾਮਲ ਸਰੀਰਕ ਪੱਖੋਂ ਲੋੜਵੰਦ ਇਨ੍ਹਾਂ ਰਿਕਸ਼ਿਆ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ 15 ਈ ਰਿਕਸ਼ੇ ਮੋਤੀ ਰਾਮ ਮਹਿਰਾ ਗੇਟ ਤੋਂ ਗੁਰਦੂਆਰਾ ਫਤਹਿਗੜ੍ਹ ਸਾਹਿਬ ਤੱਕ ਚੱਲਣਗੇ। 15 ਰਿਕਸ਼ੇ 04 ਨੰਬਰ ਚੁੰਗੀ ਤੋਂ ਗੁਰਦੂਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੱਕ ਚੱਲਣਗੇ। ਇਸਦੇ ਨਾਲ ਹੀ ਰੁਤਬਾ ਹੋਟਲ ਤੋਂ ਗੁਰਦੂਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੱਕ 10 ਈ ਰਿਕਸ਼ੇ ਚੱਲਣਗੇ ਅਤੇ ਮਾਧੋਪੁਰ ਰੋਡ ਤੋਂ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੱਕ ਵੀ 10 ਈ ਰਿਕਸ਼ੇ ਚਲਾਏ ਗਏ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਹ ਈ-ਰਿਕਸ਼ੇ ਸ਼ਹੀਦੀ ਸਭਾ ਦੌਰਾਨ ਸੰਗਤ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਸੰਗਤ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ, ਇਸ਼ਨਾਨ ਘਰਾਂ ਤੇ ਪਖਾਨਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।