ਸ਼ਹੀਦੀ ਸਭਾ ਦੀ ਦੂਜੀ ਸ਼ਾਮ
ਸ਼ਹੀਦੀ ਸਭਾ ਦੀ ਦੂਜੀ ਸ਼ਾਮ
- -ਆਮ ਖਾਸ ਬਾਗ ਵਿਖੇ ‘ਮੈਂ ਤੇਰਾ ਬੰਦਾ’ ਦੀ ਭਾਵਪੂਰਨ ਪੇਸ਼ਕਾਰੀ
- -ਪ੍ਰਸਿੱਧ ਅਦਾਕਾਰਾ ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਨੇ ਨਾਟਕ ‘ਚ ਨਿਭਾਈ ਅਹਿਮ ਭੂਮਿਕਾ
- -ਐਮ.ਐਲ.ਏ. ਜੀ.ਪੀ., ਡੀ.ਸੀ. ਤੇ ਹੋਰ ਸ਼ਖ਼ਸੀਅਤਾਂ ਨੇ ਵੀ ਦੇਖਿਆ ਮਹਾਂ ਨਾਟਕ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 26 ਦਸੰਬਰ:2021
ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਾਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਅਦੁਤੀ ਸ਼ਹਾਦਤ ਦੀ ਯਾਦ ਵਿੱਚ ਇੱਥੇ ਜੁੜੀ ਸਾਲਾਨਾ ਸ਼ਹੀਦੀ ਸਭਾ ਦੀ ਦੂਜੀ ਸ਼ਾਮ ਮੌਕੇ ਅੱਜ ਸਥਾਨਕ ਆਮ ਖਾਸ ਬਾਗ ਵਿਖੇ ‘ਮੈਂ ਤੇਰਾ ਬੰਦਾ’ ਦੀ ਵਿਲੱਖਣ ਪੇਸ਼ਕਾਰੀ ਹੋਈ।
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤ ਨੂੰ ਸਿੱਖ ਇਤਿਹਾਸ ਦੇ ਰੂਬਰੂ ਕਰਵਾਉਣ ਲਈ ਪੇਸ਼ ਕੀਤੇ ਗਏ ਇਸ ਨਾਟਕ ਨੂੰ ਪ੍ਰਸਿੱਧ ਅਦਾਕਾਰਾ ਨਿਰਮਲ ਰਿਸ਼ੀ ਵੱਲੋਂ ਲਿਖਿਆ ਅਤੇ ਉੱਘੇ ਨਿਰਦੇਸ਼ਕ ਮਨਪਾਲ ਟਿਵਾਣਾ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ। ਇਸ ਨਾਟਕ ਦਾ ਸੰਗੀਤ, ਗਜ਼ਲ ਸਮਾਰਟ ਤੇ ਉੱਘੇ ਗਾਇਕ ਮਰਹੂਮ ਜਗਜੀਤ ਸਿੰਘ ਵੱਲੋਂ ਦਿੱਤਾ ਗਿਆ ਹੈ। ਇਸ ਨਾਟਕ ‘ਚ ਸ਼ਬਦ ਗਾਇਨ ਜਗਜੀਤ ਸਿੰਘ ਸਮੇਤ ਦਲੇਰ ਮਹਿੰਦੀ ਅਤੇ ਸੁਖਵਿੰਦਰ ਸਿੰਘ ਵੱਲੋਂ ਧਾਰਮਿਕ ਤੇ ਜੋਸ਼ੀਲੇ ਗੀਤ ਗਾਏ ਗਏ ਹਨ।
ਇਸ ਦੌਰਾਨ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਸਮੇਤ ਵੱਡੀ ਗਿਣਤੀ ਹੋਰ ਸ਼ਖ਼ਸੀਅਤਾਂ ਨੇ ਵੀ ਇਸ ਮਹਾਂ ਨਾਟਕ ਨੂੰ ਭਾਵੁਕਤਾ ਨਾਲ ਦੇਖਿਆ।
ਸਵਾ ਘੰਟੇ ਦੇ ਇਸ ਨਾਟਕ ‘ਚ ਦੋਵਾਂ ਹੀ ਅਦਾਕਾਰਾਂ, ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਸਮੇਤ 22 ਉੱਘੇ ਕਲਾਕਾਰਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ , ਜਿਸ ਦੀ ਵਿਲੱਖਣ ਪੇਸ਼ਕਾਰੀ ਦੌਰਾਨ ਹੱਡ ਚੀਰਦੀ ਠੰਢ ਦੇ ਬਾਵਜੂਦ ਦੂਰੋਂ-ਦੂਰੋਂ ਪੁੱਜੀ ਵੱਡੀ ਗਿਣਤੀ ਸੰਗਤ ਨੇ ਨਾਟਕ ਵੇਖਿਆ। ਸੰਗਤ ਨੇ ਇਸ ਨਾਟਕ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦੀ ਸਭਾ ਲਈ ਕੀਤੇ ਪ੍ਰਬੰਧਾਂ ਦੀ ਪ੍ਰਸੰਸਾ ਵੀ ਕੀਤੀ।
ਇਸ ਨਾਟਕ ‘ਮੈਂ ਤੇਰਾ ਬੰਦਾ’ ਦੌਰਾਨ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਦੇ ਜਨਮ ਤੋਂ ਲੈਕੇ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਰਹਿੰਦ ਫ਼ਤਹਿ ਕਰਨ ਲਈ ਥਾਪੜਾ ਦੇ ਕੇ ਭੇਜਣਾ, ਵਜ਼ੀਰ ਖ਼ਾਨ ਨੂੰ ਸਜ਼ਾ ਦੇਣੀ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣੀ ਅਤੇ ਚਪੜਚਿੜੀ ਦੀ ਜੰਗ ਆਦਿ ਦੇ ਬਿਰਤਾਂਤ ਸਮੇਤ ਸਿੱਖ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਨੂੰ ਭਾਵਪੂਰਨ ਤਰੀਕੇ ਨਾਲ ਦਰਸਾਇਆ ਗਿਆ।
ਇਸ ਮੌਕੇ ਵਿਧਾਇਕ ਸ. ਨਾਗਰਾ ਦੀ ਸੁਪਤਨੀ ਮਨਦੀਪ ਕੌਰ ਨਾਗਰਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਭਾਸ਼ ਸੂਦ, ਏ.ਡੀ.ਸੀ. (ਜ) ਅਨੀਤਾ ਦਰਸ਼ੀ, ਏ.ਡੀ.ਸੀ. (ਸ਼ਹਿਰੀ ਵਿਕਾਸ) ਅਨੁਪ੍ਰਿਤਾ ਜੌਹਲ, ਐਸ.ਪੀ. ਨਵਰੀਤ ਸਿੰਘ ਵਿਰਕ ਤੇ ਰਾਜਪਾਲ ਸਿੰਘ, ਐਸ.ਡੀ.ਐਮ. ਹਿਮਾਸ਼ੂ ਗੁਪਤਾ, ਐਸ.ਡੀ.ਐਮ. ਬਸੀ ਪਠਾਣਾ ਯਸ਼ਪਾਲ ਸ਼ਰਮਾ, ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਤੇ ਤਹਿਸੀਲਦਾਰ ਗੁਰਜਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵੱਡੀ ਦੂਰੋਂ-ਨੇੜਿਓਂ ਪੁੱਜੀ ਸੰਗਤ ਨੇ ਵੀ ਇਸ ਮਹਾਂ ਨਾਟਕ ਨੂੰ ਦੇਖਿਆ।