ਸ਼ਹਿਰ ਵਾਸੀਆਂ ਲਈ ਨਵੇਂ ਸਾਲ ਦੇ ਤੋਹਫੇ ਵਜੋਂ, ਪੱਖੋਵਾਲ ਰੋਡ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਤੋਂ ਆਵਾਜਾਈ ਸ਼ੁਰੂ
ਸ਼ਹਿਰ ਵਾਸੀਆਂ ਲਈ ਨਵੇਂ ਸਾਲ ਦੇ ਤੋਹਫੇ ਵਜੋਂ, ਪੱਖੋਵਾਲ ਰੋਡ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਤੋਂ ਆਵਾਜਾਈ ਸ਼ੁਰੂ
- ਇਲਾਕਾ ਨਿਵਾਸੀਆਂ ਲਈ ਇਹ ਪ੍ਰੋਜੈਕਟ ਹੋਵੇਗਾ ਲਾਹੇਵੰਦ – ਭਾਰਤ ਭੂਸ਼ਣ ਆਸ਼ੂ
- ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ
ਦਵਿੰਦਰ ਡੀ.ਕੇ,ਲੁਧਿਆਣਾ, 01 ਜਨਵਰੀ (2022)
ਸ਼ਹਿਰ ਵਾਸੀਆਂ ਲਈ ਨਵੇਂ ਸਾਲ ਦੇ ਤੋਹਫੇ ਵਜੋਂ ਅੱਜ ਤੋਂ ਪੱਖੋਵਾਲ ਰੋਡ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਤੋਂ ਆਵਾਜਾਈ ਸ਼ੁਰੂ ਹੋ ਗਈ ਹੈ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਪੱਖੋਵਾਲ ਰੋਡ ਆਰ.ਯੂ.ਬੀ-2 ਨੂੰ ਵਾਹਨਾਂ ਦੀ ਆਵਾਜਾਈ ਲਈ ਟਰਾਇਲ ਰਨ ਲਈ ਖੋਲ੍ਹਿਆ।
ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਣੀਅਮ, ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਪੱਖੋਵਾਲ ਰੋਡ ਆਰ.ਯੂ.ਬੀ-2 ਦੀ ਵਰਤੋਂ ਸਿੱਧਵਾਂ ਨਹਿਰ ਦੇ ਨਾਲ-ਨਾਲ ਸਰਾਭਾ ਨਗਰ (ਨੇੜੇ ਸਕੇਟਿੰਗ ਰਿੰਕ) ਵੱਲ ਜਾਣ ਵਾਲੇ ਵਾਹਨਾਂ ਦੁਆਰਾ ਕੀਤੀ ਜਾਵੇਗੀ।
ਪੱਖੋਵਾਲ ਰੋਡ ‘ਤੇ ਇੱਕ ਰੇਲ ਓਵਰ ਬ੍ਰਿਜ (ਆਰ.ਓ.ਬੀ.) ਅਤੇ ਦੋ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਦੀ ਉਸਾਰੀ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਰਹੀ ਹੈ। ਇਹ ਲਗਭਗ 123 ਕਰੋੜ ਰੁਪਏ ਦੀ ਲਾਗਤ ਵਾਲਾ ਸਾਂਝਾ ਪ੍ਰੋਜੈਕਟ ਹੈ ਅਤੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਬੇਹੱਦ ਰਾਹਤ ਪ੍ਰਦਾਨ ਕਰੇਗਾ।
ਉਨ੍ਹਾਂ ਦੱਸਿਆ ਕਿ ਆਰ.ਓ.ਬੀ ਦੀ ਲੰਬਾਈ 960 ਮੀਟਰ ਹੋਵੇਗੀ ਅਤੇ ਸਿੱਧਵਾਂ ਨਹਿਰ ਵਾਲੇ ਪਾਸੇ ਤੋਂ ਹੀਰੋ ਬੇਕਰੀ ਵਾਲੇ ਪਾਸੇ ਵੱਲ, ਪੱਖੋਵਾਲ ਰੋਡ ਦੇ ਨਾਲ ਮੌਜੂਦਾ ਰੇਲਵੇ ਟ੍ਰੈਕ ਦੇ ਨਾਲ, ਆਰ.ਯੂ.ਬੀ-1 ਦੀ ਲੰਬਾਈ 527 ਮੀਟਰ ਹੋਵੇਗੀ (ਹੀਰੋ ਬੇਕਰੀ ਵਾਲੇ ਪਾਸੇ ਤੋਂ ਸਿੱਧਵਾਂ ਨਹਿਰ ਵਾਲੇ ਪਾਸੇ ਵੱਲ, ਮੌਜੂਦਾ ਰੇਲਵੇ ਟ੍ਰੈਕ ਦੇ ਅਧੀਨ ਪੱਖੋਵਾਲ ਰੋਡ ਦੇ ਨਾਲ), ਜਦੋਂਕਿ ਆਰ.ਯੂ.ਬੀ-2 ਦੀ ਲੰਬਾਈ 656 ਮੀਟਰ ਹੋਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਆਰ.ਯੂ.ਬੀ-2 ਨੂੰ ਅੱਜ ਡਰਾਈ ਰਨ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਜਦੋਂ ਸਾਰਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਇਸ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਲੁਧਿਆਣਾ (ਪੱਛਮੀ) ਹਲਕੇ ਵਿੱਚ ਚੱਲ ਰਹੇ ਸਾਰੇ ਵਿਕਾਸ ਪ੍ਰੋਜੈਕਟ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਹਨ ਅਤੇ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤੇ ਜਾਣਗੇ। ਸ੍ਰੀ ਆਸ਼ੂ ਨੇ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਇਲਾਕਾ ਨਿਵਾਸੀਆਂ ਲਈ ਲਾਹੇਵੰਦ ਸਾਬਤ ਹੋਵੇਗਾ ਜੋ ਇਸ ਸਮੇਂ ਪੱਖੋਵਾਲ ਰੋਡ ‘ਤੇ ਟ੍ਰੈਫਿਕ ਜਾਮ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ।