ਸ਼ਹਿਰ ਦੀਆਂ ਮਹਿਲਾਵਾਂ ਨੇ ਸੰਭਾਲਿਆ ਸਾਬਕਾ ਵਿਧਾਇਕ ਸਿੰਗਲਾ ਦੀ ਚੋਣ ਮੁਹਿੰਮ ਦਾ ਮੋਰਚਾ
ਸ਼ਹਿਰ ਦੀਆਂ ਮਹਿਲਾਵਾਂ ਨੇ ਸੰਭਾਲਿਆ ਸਾਬਕਾ ਵਿਧਾਇਕ ਸਿੰਗਲਾ ਦੀ ਚੋਣ ਮੁਹਿੰਮ ਦਾ ਮੋਰਚਾ
- “ਮਾਤਾ ਖੀਵੀ ਯੋਜਨਾ ਤਹਿਤ” ਘਰ ਦੀ ਮਹਿਲਾ ਮੁਖੀ ਨੂੰ ਮਿਲੇਗਾ ਸਨਮਾਨ ਭੱਤਾ : ਗੁਰਰੀਤ ਸਿੰਗਲਾ
ਅਸ਼ੋਕ ਵਰਮਾ,ਬਠਿੰਡਾ 19 ਦਸੰਬਰ (2021 ):-
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ਤੇ ਘਰ ਦੀ ਮਹਿਲਾ ਮੁਖੀ ਨੂੰ ਹਰ ਸਾਲ 24 ਹਜ਼ਾਰ ਰੁਪਏ “ਮਾਤਾ ਖੀਵੀ ਯੋਜਨਾ” ਤਹਿਤ ਸਨਮਾਨ ਭੱਤਾ ਮਿਲਣਾ ਯਕੀਨੀ ਬਣਾਇਆ ਜਾਵੇਗਾ, ਇਹ ਸਨਮਾਨ ਸ਼੍ਰੋਮਣੀ ਅਕਾਲੀ ਦਲ ਹੀ ਦੇ ਸਕਦਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਔਰਤਾਂ ਨੂੰ ਬਰਾਬਰਤਾ ਦਾ ਸਨਮਾਨ ਦਿੱਤਾ ਅਤੇ ਸਿੰਗਲਾ ਪਰਿਵਾਰ ਦੀ ਸੋਚ ਵੀ ਔਰਤਾਂ, ਨੌਜਵਾਨਾਂ, ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਦੀ ਤਰੱਕੀ ਤੇ ਖੁਸ਼ਹਾਲੀ ਹੈ ਜਿਸ ਲਈ ਪੂਰਾ ਪਰਿਵਾਰ ਦਿਨ ਰਾਤ ਮਿਹਨਤ ਕਰਨ ਲਈ ਵਚਨਬੱਧ ਹੈ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਿੰਗਲਾ ਪਰਿਵਾਰ ਦੀ (ਨੂੰਹ) ਬੇਟੀ ਗੁਰਰੀਤ ਸਿੰਗਲਾ ਪਤਨੀ ਦੀਨਵ ਸਿੰਗਲਾ ਕੋਆਰਡੀਨੇਟਰ ਯੂਥ ਅਕਾਲੀ ਦਲ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਕੀਤੀਆਂ ਮਹਿਲਾਵਾਂ ਦੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਨ੍ਹਾਂ ਮੀਟਿੰਗਾਂ ਵਿੱਚ ਹੋਏ ਪ੍ਰਭਾਵਸ਼ਾਲੀ ਇਕੱਠ ਨੇ ਸਾਬਕਾ ਵਿਧਾਇਕ ਸਿੰਗਲਾ ਦੀ ਚੋਣ ਮੁਹਿੰਮ ਦੇ ਮਹਿਲਾਵਾਂ ਵੱਲੋਂ ਮੋਰਚੇ ਸੰਭਾਲਣ ਤੇ ਮੋਹਰ ਲਾਈ, ਹਰ ਵਾਰਡ ਵਿੱਚ ਮਹਿਲਾਵਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ । ਗੁਰਰੀਤ ਸਿੰਗਲਾ ਨੇ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਬਠਿੰਡਾ ਦੀ ਸਿਆਸਤ ਵਿੱਚ ਬਹੁਤ ਬਦਲਾਅ ਲਿਆਂਦਾ ਹੈ, ਹਰ ਪਾਸੇ ਦਹਿਸ਼ਤ ਦਾ ਮਾਹੌਲ, ਗੁੰਡਾ ਰਾਜ ,ਨਸ਼ਿਆਂ ਦੀ ਦਲ-ਦਲ ਕਰਕੇ ਜਵਾਨੀ ਬਰਬਾਦ ਹੋ ਰਹੀ ਹੈ, ਜੂਏ ਦੇ ਅੱਡੇ ਕੈਸੀਨੋ ਸ਼ਹਿਰ ਦੀ ਸਨਮਾਨਤਾ ਨੂੰ ਢਾਹ ਲਾ ਰਹੇ ਹਨ, ਜਦੋਂ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਹਮੇਸ਼ਾਂ ਹੀ ਸ਼ਹਿਰ ਵਿਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜ਼ਬੂਤ ਬਣਾਉਣ ਹਰ ਵਰਗ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯਤਨ ਕੀਤੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਜਿੱਤ ਲਈ ਸਹਿਯੋਗ ਦੇਣ ਤਾਂ ਜੋ ਸ਼ਹਿਰ ਨੂੰ ਇਕ ਪਰਿਵਾਰ ਦੇ ਤੌਰ ਤੇ ਖ਼ੁਸ਼ਹਾਲ ਅਤੇ ਤਰੱਕੀ ਦੀ ਰਾਹ ਵੱਲ ਤੋਰਿਆ ਜਾ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਇਸਤਰੀ ਅਕਾਲੀ ਦਲ ਦੇ ਮੈਂਬਰ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ ।