ਵੱਖ-ਵੱਖ ਪਿੰਡਾਂ ਵਿਚ ਰੋਜ਼ਗਾਰ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ: ਅਨੀਤਾ ਦਰਸ਼ੀ
ਵੱਖ-ਵੱਖ ਪਿੰਡਾਂ ਵਿਚ ਰੋਜ਼ਗਾਰ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ: ਅਨੀਤਾ ਦਰਸ਼ੀ
- ਜਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਕੀਤਾ ਜਾ ਰਿਹੈ ਉਪਰਾਲਾ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 03 ਜਨਵਰੀ:2022
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰਜਿਸਟਰ ਕਰਨ ਲਈ ਵੱਖ-ਵੱਖ ਪਿੰਡਾਂ ਵਿਚ 5 ਜਨਵਰੀ ਤੋਂ 17 ਜਨਵਰੀ ਤੱਕ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ, ਇਹਨਾਂ ਕੈਪਾਂ ਵਿਚ ਬੇਰੁਜ਼ਗਾਰ ਨੌਜਵਾਨਾਂ ਦੇ ਨਾਮ ਰੁਜ਼ਗਾਰ ਦਫ਼ਤਰ ਵਿੱਚ ਦਰਜ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਮੁੱਖ ਕਾਰਜਕਾਰੀ ਅਫਸਰ ਜਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਜਿਹੜੇ ਬੇਰੋਜ਼ਗਾਰਾਂ ਦੇ ਨਾਮ ਰਜਿਸਟਰਡ ਕੀਤੇ ਜਾਣਗੇ ਉਨ੍ਹਾਂ ਨੂੰ ਵਿਭਾਗ ਵੱਲੋਂ ਲਗਾਏ ਜਾਂਦੇ ਪਲੇਸਮੈਂਟ ਕੈਪਾਂ ਦੀ ਜਾਣਕਾਰੀ ਸਮੇਂ ਸਮੇਂ ‘ਤੇ ਮਿਲਦੀ ਰਹੇਗੀ। ਉਨ੍ਹਾਂ ਦੱਸਿਆ ਕਿ ਇਹਨਾਂ ਕੈਪਾਂ ਵਿਚ ਰੁਜ਼ਗਾਰ ਸਬੰਧੀ ਰਜਿਸਟ੍ਰੇਸ਼ਨ ਦੇ ਨਾਲ-ਨਾਲ ਚੋਣ ਵਿਭਾਗ ਵੱਲੋਂ ਚਲਾਈ ਜਾ ਰਹੀ ਸਵੀਪ ਗਤੀਵੀਧੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਸ਼੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਹ ਕੈਂਪ 5 ਜਨਵਰੀ ਨੂੰ ਅਮਲੋਹ ਬਲਾਕ ਦੇ ਪਿੰਡ ਸਮਸ਼ਪੁਰ, 7 ਜਨਵਰੀ ਨੂੰ ਅਮਲੋਹ ਬਲਾਕ ਦੇ ਪਿੰਡ ਸਲਾਣਾ ਦੁੱਲਾਂ ਸਿੰਘ ਵਾਲਾ ਅਤੇ 10 ਜਨਵਰੀ ਨੂੰ ਸਰਹੰਦ ਬਲਾਕ ਦੇ ਪਿੰਡ ਗੁਰਦੁਆਰਾ ਦੁਫੇੜਾ ਸਾਹਿਬ ਵਿਖੇ ਲਗਾਏ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ 12 ਜਨਵਰੀ ਨੂੰ ਖਮਾਣੋਂ ਬਲਾਕ ਦੇ ਪਿੰਡ ਮਨੈਲਾ ਵਿਖੇ, 14 ਜਨਵਰੀ ਨੂੰ ਪਿੰਡ ਬਾਠਾਂ ਖੁਰਦ ਅਤੇ 17 ਜਨਵਰੀ ਨੂੰ ਪਿੰਡ ਅਮਰਾਲਾ ਵਿਖੇ ਕੈਂਪ ਲਗਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੈਪਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 01 ਵਜੇ ਤੱਕ ਹੋਵੇਗਾ। ਜਿਹੜੇ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਹੁਣ ਤੱਕ ਰੁਜ਼ਗਾਰ ਵਿਭਾਗ ਵਿਚ ਨਹੀ ਹੋਈ ਉਹ ਇਨ੍ਹਾਂ ਕੈਂਪਾਂ ਵਿੱਚ ਆਪਣੇ ਅਸਲ ਦਸਤਾਵੇਜ਼ ਅਤੇ ਉਹਨਾਂ ਦੀਆਂ ਫੋਟੋ ਕਾਪੀਆਂ ਲੈਕੇ ਦਿੱਤੇ ਪਹੁੰਚ ਕੇ ਆਪਣੇ ਨਾਮ ਰਜਿਸਟਰ ਕਰਵਾ ਸਕਦੇ ਹਨ। ਉਨ੍ਹਾਂ ਜਿਲ੍ਹੇ ਦੇ ਨੌਜਵਾਨਾਂ ਨੂੰ ਇਹਨਾਂ ਕੈਂਪਾ ਦਾ ਲਾਭ ਲੈਣ ਦੀ ਅਪੀਲ ਕੀਤੀ ।
ਇਨ੍ਹਾਂ ਕੈਂਪਾਂ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਦੇ ਹੈਲਪਲਾਈਨ ਨੰ: 99156-82436 ‘ਤੇ ਸੰਪਰਕ ਕਰ ਸਕਦੇ ਹਨ ਜਾਂ ਕੰਮ ਵਾਲੇ ਦਿਨ ਸਵੇਰੇ 09 ਤੋਂ ਸ਼ਾਮ 5 ਵਜੇ ਤੱਕ ਦਫ਼ਤਰ ਵਿਚ ਆ ਸਕਦੇ ਹਨ।