ਵੋਟਰ ਜਾਗਰੂਕਤਾ ਵਾਹਨ ਵੱਲੋਂ ਵੱਖ-ਵੱਖ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਵੋਟਰ ਜਾਗਰੂਕਤਾ ਵਾਹਨ ਵੱਲੋਂ ਵੱਖ-ਵੱਖ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 25 ਦਸੰਬਰ 2021
ਮੁੱਖ ਚੋਣ ਅਫ਼ਸਰ ਦਫ਼ਤਰ ਪੰਜਾਬ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਭੇਜੇ ਗਏ ਜਾਗਰੂਕਤਾ ਵਾਹਨ ਵੱਲੋਂ ਜਿ਼ਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਹਨ ਵੱਲੋਂ ਹਲਕਾ ਅਬੋਹਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਜ਼ਿਲ੍ਹੇ ਵਿਚ ਸਵੀਪ ਗਤੀਵਿਧੀਆਂ ਦਾ ਹਿੱਸਾ ਹੈ ਜੋ ਕਿ ਹਰੇਕ ਵਿਧਾਨ ਸਭਾ ਹਲਕੇ ’ਚ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਵੈਨ ਰਾਹੀਂ ਨੈਤਿਕ ਮਤਦਾਨ, ਸੀ ਵਿਜਿਲ ਐਪ, ਵੋਟਰ ਹੈਲਪ ਲਾਈਨ-1950 ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਜਾਗਰੂਕਤਾ ਵੈਨ ਦਾ ਉਦੇਸ਼ ਵੋਟਰਾਂ ਖਾਸ ਕਰ ਨੌਜਵਾਨ ਵਰਗ ਨੂੰ ਚੋਣ ਅਮਲ ਪ੍ਰਤੀ ਜਾਗਰੂਕ ਕਰਕੇ ਮਤਦਾਨ ਪ੍ਰਤੀਸ਼ਤਤਾ ਨੂੰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਉਨ੍ਹਾਂ ਕੁੱਝ ਚੋੋਣ ਬੂਥਾਂ ਜਿੱਥੇ ਪਿਛਲੀ ਵਾਰ ਮਤਦਾਨ ਪ੍ਰਤੀਸ਼ਤਤਾ ਰਾਜ ਦੀ ਔਸਤ ਨਾਲੋਂ ਘੱਟ ਰਹੀ ਸੀ, ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਨੋਡਲ ਅਫਸਰ ਸੁਖਬੀਰ ਸਿੰਘ ਬੱਲ ਅਤੇ ਸਹਾਇਕ ਨੋਡਲ ਅਫਸਰ ਰਾਜਿੰਦਰ ਵਿਖਾਉਣਾ ਨੇ ਦੱਸਿਆ ਕਿ ਇਸ ਵੋਟਰ ਜਾਗਰੂਕਤਾ ਵੈਨ ਵੱਲੋਂ ਹਲਕਾ ਅਬੋਹਰ ਵਿੱਚ ਕੰਧਵਾਲਾ ਰੋਡ, ਢਾਣੀ ਬਿਸ਼ੇਸ਼ਰਨਾਥ, ਨਵੀਂ ਆਬਾਦੀ, ਸੀਤੋ ਰੋਡ, ਗੁੰਮਜਾਲ, ਸੱਪਾਂ ਵਾਲੀ, ਤੇਲੂਪੁਰਾ ਆਦਿ ਥਾਵਾਂ ਤੇ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਵਾਹਨ ਰਾਹੀਂ ਲੋਕਾਂ ਨੂੰ ਈਵੀਐੱਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।