ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਇਆ ਸੈਲਫੀ ਪੁਆਇੰਟ
ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਇਆ ਸੈਲਫੀ ਪੁਆਇੰਟ
- ਦਿਵਿਆਂਗ ਵੋਟਰ ਵੋਟ ਪਾਉਣ ਲਈ ਆਪਣੀ ਜ਼ਰੂਰਤ ਅਨੁਸਾਰ ਲੈ ਸਕਣਗੇ ਸਹਾਇਤਾ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 29 ਦਸੰਬਰ: 2021
ਵਿਧਾਨ ਸਭਾ ਦੀਆਂ ਵੋਟਾਂ ਲਈ ਜਿ਼ਲ੍ਹੇ ਵਿੱਚ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲੈ ਕੇ ਜਾਣ ਲਈ ਵੋਟਰਾਂ ਦੀ ਸਹੂਲਤ ਅਨੁਸਾਰ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਦਿਵਿਆਂਗ ਵੋਟਰ ਮੋਬਾਇਲ ਐਪ ਪੀ.ਡਬਲਯੂ.ਡੀ. ਰਾਹੀਂ ਪੋਲਿੰਗ ਬੂਥ ’ਤੇ ਆਪਣੀ ਸਹੂਲਤ ਅਨੁਸਾਰ ਲੋੜੀਂਦੀ ਸਹਾਇਤਾ ਲੈ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਜਿ਼ਲ੍ਹੇ ਵਿੱਚ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਵਾਸਤੇ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੈਲਫੀ ਪੁਆਂਇੰਟ ਵੀ ਬਣਾਇਆ ਗਿਆ ਹੈ ਜਿਥੇ ਕਿ ਵੋਟਰਾਂ ਨੂੰ ਈ.ਵੀ.ਐਮ. ਤੇ ਵੀ.ਵੀ.ਪੈਟ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਵੋਟ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਹਨਾਂ ਹੋਰ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਬਣਾਈ ਗਈ ਸੀ. ਵਿਜਲ ਐਪ ਰਾਹੀਂ ਜਿਥੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ, ਉਥੇ ਇਸ ਐਪ ਰਾਹੀਂ ਵੋਟਰਾਂ ਨੂੰ ਕਿਸੇ ਕਿਸਮ ਦਾ ਲਾਲਚ ਦੇਣ ਲਈ ਪੈਸੇ ਜਾਂ ਕੋਈ ਹੋਰ ਸਮਾਨ ਵੰਡਣ ਸਬੰਧੀ ਫੋਟੋ ਸਮੇਤ ਸਿ਼ਕਾਇਤ ਵੀ ਭੇਜੀ ਜਾ ਸਕਦੀ ਹੈ। ਇਸ ਐਪ ਰਾਹੀਂ ਵੋਟਰ ਫੋਟੋ ਖਿੱਚ ਕੇ ਚੋਣ ਕਮਿਸ਼ਨ ਨੂੰ ਭੇਜ ਸਕਦੇ ਹਨ ਫੋਟੋ ਦੀ ਲੋਕੇਸ਼ਨ ਇਹ ਐਪ ਆਪਣੇ ਆਪ ਲੱਭ ਲੈਂਦੀ ਹੈ ਅਤੇ ਇਸ ਐਪ ਰਾਹੀਂ ਕੀਤੀ ਗਈ ਸਿ਼ਕਾਇਤ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾਵੇਗਾ ਤਾਂ ਜੋ ਵੋਟਾਂ ਨਿਰਪੱਖ ਅਤੇ ਆਜ਼ਾਦਾਨਾਂ ਢੰਗ ਨਾਲ ਪਾਈਆਂ ਜਾ ਸਕਣ।
ਸ਼੍ਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਅਜੌਕੇ ਦੌਰ ਵਿੱਚ ਇੰਟਰਨੈਟ ਦੇ ਵੱਧ ਰਹੇ ਰੁਝਾਨ ਨੂੰ ਵੇਖਦੇ ਹੋਏ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਮੋਬਾਇਲ ਐਪ ਬਣਾਈਆਂ ਗਈਆਂ ਹਨ ਉਥੇ ਹੀ ਹੈਲਪ ਲਾਈਨ 1950 ਵੀ ਬਣਾਇਆ ਗਿਆ ਹੈ ਜਿਸ ਰਾਹੀਂ ਨੌਜਵਾਨ ਆਪਣੀ ਰਜਿਸਟਰੇਸ਼ਨ ਲਈ ਸੰਦੇਸ਼ (ਐਸ.ਐਮ.ਐਸ) ਭੇਜ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਚੋਣ ਕਮਿਸ਼ਨ ਦੀ ਵੈਬਸਾਈਟ ਐਨ ਵੀ ਐਸ ਪੀ ਰਾਹੀਂ ਵੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਮੋਬਾਇਲ ਐਪ ਵੋਟਰ ਹੈਲਪ ਲਾਈਨ ਰਾਹੀਂ ਵੋਟਰ ਆਪਣੇ ਪੋਲਿੰਗ ਬੂਥ ਸਮੇਤ ਹੋਰ ਮਹੱਤਵਪੂਰਨ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਜਿਸ ਅਧੀਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।