ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਆਈਕਨਜ ਹੋਏ ਸਰਗਰਮ
ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਆਈਕਨਜ ਹੋਏ ਸਰਗਰਮ
- ਜਿਵੇਂ ਸਾਨੂੰ ਮਜ਼ਬੂਤ ਕੀਤਾ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰੋ – ਜਗਵਿੰਦਰ ਅਤੇ ਜਗਦੀਪ
ਰਿਚਾ ਨਾਗਪਾਲ,ਪਟਿਆਲਾ, 17 ਜਨਵਰੀ: 2022
ਲੋਕਤੰਤਰ ਦੀ ਮਜ਼ਬੂਤੀ ਅਤੇ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਅਤੇ ਦਿਵਿਆਂਗਜਨ ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਪਟਿਆਲਾ ਦੇ ਵੋਟਰ ਜਾਗਰੂਕਤਾ ਦੂਤਾਂ ਨੇ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ਵਿਚ ਪੁਰੀ ਸਰਗਰਮੀ ਨਾਲ ਆਪਣੇ ਕਾਰਜ ਸ਼ੁਰੂ ਕਰ ਦਿੱਤੇ ਹਨ।
ਦਿਵਿਆਂਗਜਨ ਵੋਟਰਾਂ ਲਈ ਜ਼ਿਲ੍ਹਾ ਦੂਤ ਜਗਵਿੰਦਰ ਸਿੰਘ ਪਾਤੜਾਂ, ਅੰਤਰ-ਰਾਸ਼ਟਰੀ ਪੈਰਾ ਸਾਈਕਲਿਸਟ (ਜਿਹਨਾਂ ਦੀਆਂ ਬਚਪਨ ਤੋਂ ਬਾਹਵਾਂ ਨਹੀਂ ਹਨ) ਅਤੇ ਜਗਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਦਿਵਿਆਂਗਜਨ ਅਤੇ ਜ਼ਿਲ੍ਹਾ ਦੂਤ (ਬੋਲਣ ਸੁਨਣ ਤੋਂ ਅਸਮਰਥ) ਨੇ ਅੱਜ ਸਥਾਨਕ ਮਿੰਨੀ ਸਕੱਤਰੇਤ ਸੇਵਾ ਕੇਂਦਰ ਵਿਖੇ ਵੋਟਰਾਂ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ ਅਤੇ ਵੋਟਰ ਹੈਲਪ ਲਾਈਨ ਐਪਸ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਸਾਂਝੇ ਬਿਆਨ ਰਾਹੀਂ ਕਿਹਾ ਕਿ ਜਿਵੇਂ ਤੁਹਾਡੇ ਸਹਿਯੋਗ ਨੇ ਸਾਨੂੰ ਮਜ਼ਬੂਤ ਕੀਤਾ ਹੈ ਉਸੇ ਤਰ੍ਹਾਂ ਵੋਟਾਂ ਵਿੱਚ 100 ਫ਼ੀਸਦੀ ਸ਼ਮੂਲੀਅਤ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰੋ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵੀ ਹਾਜ਼ਰ ਸਨ।
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਦੀ ਪਟਿਆਲਾ ਵਿੱਚ ਗਿਣਤੀ ਜੋ ਕਿ ਲਗਭਗ 34300 ਹੈ ਅਤੇ ਦਿਵਿਆਂਗਜਨ ਵੋਟਰਾਂ ਜਿਹਨਾਂ ਦੀ ਗਿਣਤੀ 13460 ਹੈ ਦੀਆਂ ਵੋਟਾਂ ਜੇ ਉਹ ਚਾਹੁਣ ਤਾਂ ਪੋਸਟਲ ਬੈਲਟ ਪੇਪਰ ਰਾਹੀਂ ਘਰ ਤੋਂ ਪਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਕੋਵਿਡ ਨਾਲ ਸਬੰਧਤ ਮਰੀਜ਼ਾਂ ਦੀ ਵੋਟ ਪਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਗਵਿੰਦਰ ਸਿੰਘ ਸਾਈਕਲ ਉਪਰ ਅਲੱਗ ਅਲੱਗ ਜਗ੍ਹਾ ਉੱਪਰ ਜਾ ਕੇ ਵੋਟਰ ਜਾਗਰੂਕਤਾ ਦਾ ਸੁਨੇਹਾ ਦੇ ਰਹੇ ਉੱਥੇ ਜਗਦੀਪ ਸਿੰਘ ਸੰਕੇਤਕ ਭਾਸ਼ਾ ਰਾਹੀਂ ਸੋਸ਼ਲ ਮੀਡੀਆ ਅਤੇ ਪੋਸਟਰਾਂ ਰਾਹੀਂ ਵੋਟਰ ਜਾਗਰੂਕਤਾ ਦਾ ਸੁਨੇਹਾ ਦੇ ਰਹੇ ਹਨ।