ਵੈਕਸੀਨੇਸ਼ਨ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਸਮੂਹ ਵਿਭਾਗੀ ਅਧਿਕਾਰੀ ਪੂਰਜੋਰ ਯਤਨ ਕਰਨ
ਵੈਕਸੀਨੇਸ਼ਨ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਸਮੂਹ ਵਿਭਾਗੀ ਅਧਿਕਾਰੀ ਪੂਰਜੋਰ ਯਤਨ ਕਰਨ
- ਲੋਕਾਂ ਨੂੰ ਲਗਾਈ ਜਾ ਰਹੀ ਵੈਕਸ਼ੀਨ ਸਬੰਧੀ ਰੋਜ਼ਾਨਾ ਵਿਭਾਗੀ ਅਧਿਕਾਰੀ ਲੈਣ ਫੀਡਬੈਕ
- ਫਰਜ ਸਮਝਦੇ ਹੋਏ ਲੋਕਾਂ ਨੂੰ ਖੁਦ ਅੱਗੇ ਆ ਕੇ ਵੈਕਸੀਨ ਲਗਵਾਉਣ ਦੀ ਅਪੀਲ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 4 ਫਰਵਰੀ 2022
ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ ਸ਼ਿਵਾ ਪ੍ਰਸਾਦ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਅੰਦਰ ਵੈਕਸੀਨੇਸ਼ਨ ਦੀਆਂ ਦੋਨੋ ਖੁਰਾਕਾਂ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ `ਚ ਕੋਵਿਡ ਟੀਕਾਕਰਨ ਦਾ ਮੁਕੰਮਲ 100 ਫੀਸਦੀ ਟੀਚਾ ਪੂਰਾ ਕਰਨ ਨੂੰ ਇੱਕ ਚੁਣੌਤੀ ਮੰਨਕੇ ਟੀਕਾਕਰਨ ਮੁਹਿੰਮ `ਚ ਤੇਜੀ ਲਿਆਂਦੀ ਜਾਵੇ ਤੇ ਪੁਰਜੋਰ ਯਤਨ ਕੀਤੇ ਜਾਣ।
ਸ੍ਰੀ ਕੇ ਸ਼ਿਵਾ ਪ੍ਰਸਾਦ ਨੇ ਕੋਵਿਡ ਵੈਕਸੀਨੇਸ਼ਨ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਸੁਰੱਖਿਆ ਲਈ ਲੋਕਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਜ਼ੋ ਲੋਕ ਟੀਕਾ ਲਗਵਾਉਣ ਤੋਂ ਗੁਰੇਜ਼ ਨਾ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ `ਚ ਕੋਵਿਡ ਟੀਕਾਕਰਨ ਦੀ ਪ੍ਰਾਪਤੀ ਰਾਸ਼ਟਰੀ ਅੰਕੜਿਆਂ ਦੇ ਬਰਾਬਰ ਲਿਆਉਣ ਅਤੇ ਅਜੇ ਵੀ ਟੀਕਾਕਰਨ ਤੋਂ ਰਹਿ ਗਏ ਯੋਗ ਨਾਗਰਿਕਾਂ ਨੂੰ ਵੈਕਸੀਨ ਲਗਾਉਣ ਲਈ ਕੋਵਿਡ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ ਕਰਨਾ ਪਵੇਗਾ।
ਪ੍ਰਮੁੱਖ ਸਕੱਤਰ ਨੇ ਕਿਹਾ ਕਿ ਕੋਵਿਡ ਟੀਕਾਕਰਨ ਦਾ ਟੀਚਾ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਹੈ, ਜਿਸ ਨੂੰ ਹਰੇਕ ਵਿਭਾਗ ਵੱਲੋਂ ਆਪਸੀ ਤਾਲਮੇਲ ਨਾਲ ਹੀ ਪੂਰਾ ਕੀਤਾ ਜਾ ਸਕੇਗਾ, ਇਸ ਲਈ ਹਰ ਅਧਿਕਾਰੀ ਅਤੇ ਕਰਮਚਾਰੀ ਸਿਹਤ ਵਿਭਾਗ ਨਾਲ ਸਹਿਯੋਗ ਕਰਕੇ ਆਪਣੀ ਬਣਦੀ ਜਿੰਮੇਵਾਰੀ ਬਾਖ਼ੂਬੀ ਨਿਭਾਏ। ਉਨ੍ਹਾਂ ਕਿਹਾ ਕਿ ਅਧਿਕਾਰੀ ਰੋਜਾਨਾ ਫੀਡਬੈਕ ਲੈਣੀ ਯਕੀਨੀ ਬਣਾਉਣ।
ਸ੍ਰੀ ਕੇ ਸ਼ਿਵਾ ਪ੍ਰਸ਼ਾਦ ਨੇ ਖੇਤੀਬਾੜੀ ਵਿਭਾਗ ਦੇ ਮੁਖੀ ਨੂੰ ਪਿੰਡਾ ਵਿਖੇ ਕੈਂਪ ਲਗਾਉਣ ਲਈ ਕਿਹਾ ਤਾਂ ਜੋ ਕੈਂਪਾਂ ਵਿਖੇ ਆਉਣ ਵਾਲੇ ਜਿੰਮੀਦਾਰ ਭਰਾਵਾਂ ਨੂੰ ਵੈਕਸੀਨੇਸ਼ਨ ਲਗਵਾਉਣ ਪ੍ਰਤੀ ਜਾਗਰੂਕ ਕੀਤਾ ਜਾਵੇ ਕਿ ਜਿਸਦੀ ਖੁਰਾਕ ਬਕਾਇਆ ਹੈ ਉਹ ਆਪਣੀ ਰਹਿੰਦੀ ਖੁਰਾਕ ਜ਼ਰੂਰ ਲਗਾਵੇ।ਉਨ੍ਹਾਂ ਡਿਪਟੀ ਰਜਿਸਟਰ ਕੋਪਰੇਟਿਵ ਸੋਸਾਇਟੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਜਿਥੇ ਪਹਿਲਾਂ ਆਪਣੇ ਮੁਕੰਮਲ ਸਟਾਫ ਨੂੰ 100 ਫੀਸਦੀ ਵੈਕਸੀਨੇਟਿਡ ਕਰਵਾਉਣ ਉਥੇ ਸੋਸਾਇਟੀਆਂ ਅਧੀਨ ਸਾਰੇ ਨੁਮਾਇੰਦਿਆਂ ਨੂੰ ਵੀ ਵੈਕਸੀਨੇਸ਼ਨ ਲਗਵਾਉਣਾ ਯਕੀਨੀ ਬਣਾਉਣ।
ਉਨ੍ਹਾਂ ਫੂਡ ਸਪਲਾਈ ਵਿਭਾਗ, ਉਦਯੋਗ ਵਿਭਾਗ ਦੇ ਜ਼ਿਲ੍ਹਾ ਮੈਨੇਜਰ ਨੂੰ ਫੈਕਟਰੀਆਂ ਤੇ ਉਦਯੋਗਾਂ `ਚ ਕੰਮ ਕਰਦੇ ਸਾਰੇ ਕਾਮਿਆਂ, ਕਿਰਤ ਵਿਭਾਗ ਨੂੰ ਸਾਰੇ ਕਿਰਤੀਆਂ, ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲਾਂ ਵਿੱਚ ਪੜ੍ਹਦੇ ਸਾਰੇ 15 ਤੋਂ 18 ਸਾਲ ਦੇ ਵਿਦਿਆਰਥੀਆਂ ਸਮੇਤ ਫੂਡ ਸਪਲਾਈ ਵਿਭਾਗ ਨੂੰ ਭੱਠਿਆ `ਤੇ ਕੰਮ ਕਰਦੀ ਲੇਬਰ ਅਤੇ ਰਾਸ਼ਨ ਡਿਪੂਆਂ ਨਾਲ ਜੁੜੇ ਪਰਿਵਾਰਾ ਦਾ ਕੋਵਿਡ ਟੀਕਾਕਰਨ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਮੁਹਿੰਮ ਦੇ ਟੀਚੇ ਨੂੰ ਸਫਲ ਬਣਾਉਣ ਲਈ ਰੋਜ਼ਾਨਾ ਸ਼ਾਮ ਨੂੰ ਫੀਡਬੈਕ ਵੀ ਲੈਣੀ ਯਕੀਨੀ ਬਣਾਈ ਜਾਵੇ ਕਿ ਰੋਜ਼ ਕਿੰਨੇ ਵਿਅਕਤੀਆਂ ਵੱਲੋਂ ਵੈਕਸੀਨੇਸ਼ਨ ਲਗਵਾਈ ਗਈ ਹੈ ਤਾਂ ਹੀ ਜ਼ਿਲੇ੍ਹ ਦਾ ਇਕ ਇਕ ਵਿਅਕਤੀ ਵੈਕਸੀਨੇਟਿਡ ਹੋਵੇਗਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਜ਼ਿਲ੍ਹੇ `ਚ ਟੀਕਾਕਰਨ ਲਈ ਚਲਾਈ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹੇ `ਚ ਹਰ ਯੋਗ ਨਾਗਰਿਕ ਨੂੰ ਕੋਵਿਡ ਵੈਕਸੀਨ ਲਗਾਉਣੀ ਯਕੀਨੀ ਬਣਾ ਕੇ ਮਿਥੇ ਟੀਚੇ ਨੂੰ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਲੋਕਾ ਨੂੰ ਵੀ ਅਪੀਲ ਕੀਤੀ ਕਿ ਹਰ ਨਾਗਰਿਕ ਦਾ ਇਹ ਜਰੂਰੀ ਫਰਜ਼ ਹੈ ਕਿ ਉਹ ਕੋਵਿਡ ਤੋਂ ਖ਼ੁਦ ਬਚਣ ਸਮੇਤ ਚੋਣਾਂ ਦੌਰਾਨ ਕੋਵਿਡ ਸੁਰੱਖਿਅਤ ਮਾਹੌਲ ਲਈ ਤੇ ਦੂਜਿਆਂ ਨੂੰ ਇਸ ਭਿਆਨਕ ਬਿਮਾਰੀ ਦੀ ਲਾਗ ਲਗਾਉਣ ਤੋਂ ਬਚਣ ਲਈ ਲਾਜਮੀ ਕੋਵਿਡ ਟੀਕਾਕਰਨ ਕਰਵਾਏ।
ਉਨ੍ਹਾਂ ਨੇ ਲੋਕਾਂ ਨੂੰ ਆਸ਼ਾ ਤੇ ਆਂਗਣਵਾੜੀ ਵਰਕਰਾਂ ਵੱਲੋਂ ਕੋਵਿਡ ਟੀਕਾਕਰਨ ਸਬੰਧੀ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਮੀਟਿੰਗ `ਚ ਏ.ਡੀ.ਸੀ. ਜਨਰਲ ਸ੍ਰੀ ਅਭਿਜੀਤ ਕਪਲਿਸ਼, ਐਸ.ਡੀ.ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ, ਸ੍ਰੀ ਅਮਿਤ ਗੁਪਤਾ, ਸ. ਦੇਵਦਰਸ਼ਦੀਪ ਸਿੰਘ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਮੁੱਖ ਖੇਤੀਬਾੜੀ ਅਫਸਰ ਸ. ਰੇਸ਼ਮ ਸਿੰਘ, ਡਿਪਟੀ ਰਜਿਸਟਰਾਰ ਮੈਡਮ ਸੁਸ਼ਮਾ ਕੁਮਾਰੀ, ਜ਼ਿਲ੍ਹਾ ਭਲਾਈ ਅਫਸਰ ਸ. ਬਰਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਸ.ਐਮ.ਓਜ ਵੀ ਮੌਜੂਦ ਸਨ।