ਵੇਰਕਾ ਨੂੰ ਦੁੱਧ ਦੀ ਪ੍ਰਾਸੈਸਿੰਗ ਲਈ ਸ਼ਾਨਦਾਰ ਲੀਡਰਸਿ਼ਪ ਰੋਲ ਵਾਸਤੇ ਮਿਲਿਆ ਐਵਾਰਡ
ਵੇਰਕਾ ਨੂੰ ਦੁੱਧ ਦੀ ਪ੍ਰਾਸੈਸਿੰਗ ਲਈ ਸ਼ਾਨਦਾਰ ਲੀਡਰਸਿ਼ਪ ਰੋਲ ਵਾਸਤੇ ਮਿਲਿਆ ਐਵਾਰਡ
- ਉਪ ਮੁੱਖ ਮੰਤਰੀ ਨੇ ਦਿੱਤੀ ਮੁਬਾਰਕਬਾਦ
ਏ.ਐਸ. ਅਰਸ਼ੀ,ਚੰਡੀਗੜ੍ਹ, 20 ਦਸੰਬਰ 2021
ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ ਲਿਮਟਿਡ (ਮਿਲਕਫੈਡ ਪੰਜਾਬ), ਵੇਰਕਾ ਜੋ ਕਿ ਪੰਜਾਬ ਦੇ ਡੇਅਰੀ ਕਿਸਾਨਾਂ ਦੀ ਖਰੀਦ ਅਤੇ ਮੰਡੀਕਰਨ ਦੀ ਸਿਖਰ ਸੰਸਥਾ ਦਾ ਅਹਿਮ ਬ੍ਰਾਂਡ ਹੈ, ਨੂੰ ਕ੍ਰਿਸ਼ੀ ਉੱਦਮੀ ਕ੍ਰਿਸ਼ਕ ਵਿਕਾਸ ਚੈਂਬਰ ਦੁਆਰਾ ਮਿਲਕ ਪੋ੍ਰਸੈਸਿਗ ਵਿੱਚ ਸ਼ਾਨਦਾਰ ਲੀਡਰਸਿ਼ਪ ਰੋਲ ਲਈ ਸਨਮਾਨਿਤ ਕੀਤਾ ਗਿਆ ਹੈ । ਵਾਈਐਸ ਪਰਮਾਰ ਯੂਨੀਵਰਸਿਟੀ ਆਫ ਹਾਰਟੀਕਰਲਚਰ ਐਂਡ ਫੋਰੈਸਟਰੀ, ਸੋਲਨ, ਹਿਮਾਚਲ ਪ੍ਰਦੇਸ ਵਿਖੇ ਹੋਏ ਪੋਗਰੈਸਿਵ ਐਗਰੀ ਲੀਡਰਸਿ਼ਪ ਸੰਮੇਲਨ 2021 ਵਿੱਚ ਵੇਰਕਾ ਨੂੰ ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਾਲਾ ਵੱਲੋਂ ਇਸ ਐਵਾਰਡ ਨਾਲ ਨਿਵਾਜਿ਼ਆ ਗਿਆ। ਮਿਲਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਇਹ ਐਵਾਰਡ ਪ੍ਰਾਪਤ ਕੀਤਾ।
ਇਸ ਉਪਰੰਤ ਮਿਲਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਹ ਐਵਾਰਡ, ਮਿਲਕਫੈਡ ਪੰਜਾਬ ਨੂੰ ਉੱਤਰੀ ਭਾਰਤ ਵਿੱਚ ਅਤਿ ਆਧੁਨਿਕ ਡੇਅਰੀ ਪ੍ਰਾਸੈਸਿੰਗ ਦੇ ਬੁਨਿਆਦੀ ਢਾਂਚੇ ਨੂੰ ਸਥਾਪਿਤ ਕਰਨ ਵਿੱਚ ਪਾਏ ਗਏ ਯੋਗਦਾਨ ਲਈ ਸਨਮਾਨ ਵਜੋਂ ਦਿੱਤਾ ਗਿਆ ਹੈ । ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਮਿਲਕਫੈਡ ਪੰਜਾਬ ਨੇ ਦੁੱਧ ਪ੍ਰੋਸੈਸਿੰਗ ਵਿੱਚ ਸੁਧਾਰ ਕਰਨ ਸਬੰਧੀ ਬਹੁਤ ਸਾਰੀਆਂ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ। ਅਜਿਹੇ ਯਤਨਾਂ ਦੀ ਲੜੀ ਵਿੱਚ ਮਿਲਕਫੈਡ ਨੇ ਤਕਰੀਬਨ 350 ਕਰੋੜ ਰੁਪਏ ਦੀ ਲਾਗਤ ਨਾਲ, ਵੇਰਕਾ ਮੋਹਾਲੀ ਡੇਅਰੀ ਵਿਖੇ ਨਵੀਂ ਅਤੇ ਆਧੁਨਿਕ ਫਰਮੈਂਟਡ ਡੇਅਰੀ, ਵੇਰਕਾ ਮੈਗਾ ਡੇਅਰੀ, ਬੱਸੀ ਪਠਾਣਾ ਵਿਖੇ ਐਸੇਪਟਿਕ ਦੁੱਧ ਪੈਕਜਿੰਗ ਯੂਨਿਟ, ਵੇਰਕਾ ਅੰਮ੍ਰਿਤਸਰ ਡੇਅਰੀ ਵਿਖੇ ਆਟੋਮੈਟਿਡ ਡੇਅਰੀ ਅਤੇ ਵੇਰਕਾ ਜਲੰਧਰ ਡੇਅਰੀ ਵਿਖੇ ਅਤਿ ਆਧੁਨਿਕ ਦੁੱਧ ਪਾਉਡਰ ਪਲਾਂਟ ਲਗਾਇਆ ਹੈ ।
ਇਸ ਦੁੱਧ ਪ੍ਰਾਸੈਸਿੰਗ ਅਤੇ ਉਤਪਾਦਨ ਦੇ ਬੁਨਿਯਾਦੀ ਢਾਂਚੇ ਨੂੰ ਹੋਰ ਮਜਬੂਤ ਬਣਾਉਣ ਲਈ ਮਿਲਕਫੈਡ ਪੰਜਾਬ ਵਲੋਂ ਤਕਰੀਬਨ 450 ਕਰੋੜ ਰੁਪਏ ਦੀ ਲਾਗਤ ਨਾਲ ਵੇਰਕਾ ਲੁਧਿਆਣਾ ਡੇਅਰੀ ਵਿਖੇ ਆਟੋਮੇਟਿਡ ਡੇਅਰੀ ਅਤੇ ਵੇਰਕਾ ਕੈਟਲ ਫੀਡ ਪਲਾਂਟ ਘਣੀਆ ਕੇ ਬਾਂਗਰ ਵਿੱਖੇ ਨਵਾਂ ਬਾਈਪਾਸ ਪੋ੍ਰਟੀਨ ਪਲਾਂਟ, ਵੇਰਕਾ ਮੈਗਾ ਡੇਅਰੀ ਬੱਸੀ ਪਠਾਣਾ ਵਿੱਚ ਫੇਜ਼ ਦੋ ਅਤੇ ਤਿੰਨ, ਵੇਰਕਾ ਮੋਹਾਲੀ ਡੇਅਰੀ ਵਿੱਖੇ ਕੇਂਦਰੀ ਪ੍ਰਯੋਗਸ਼ਾਲਾ ਅਤੇ ਵੇਰਕਾ ਪਟਿਆਲਾ ਪਲਾਂਟ ਵਿੱਖੇ ਆਧੁਨਿਕ ਤਕਨੀਕ ਵਾਲਾ ਚੀਜ਼ ਪਲਾਂਟ ਲਗਾਇਆ ਜਾ ਰਿਹਾ ਹੈ । ਇਹ ਸਾਰੇ ਪ੍ਰੋਜੈਕਟ 2024 ਤੱਕ ਮੁੱਕਮਲ ਅਤੇ ਪੂਰੀ ਤਰ੍ਹਾਂ ਚਾਲੂ ਹੋਣ ਜਾ ਰਹੇ ਹਨ ।
ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਨੇ ਮੌਕੇ ਤੇ ਮੌਜੂਦ ਇਕੱਠ ਨੁੰ ਭਰੋਸਾ ਦਵਾਇਆ ਕਿ ਦੁੱਧ ਪ੍ਰਾਸੈਸਿੰਗ ਨੂੰ ਮਜ਼ਬੂਤ ਕਰਨ ਵਾਸਤੇ ਲੋੜੀਦੇ ਢਾਂਚੇ ਲਈ ਅਤੇ ਦੁੱਧ ਦੀ ਗੁਣਵੱਤਾ ਨੂੰ ਵਧਾਉਣ ਵਾਲੀ ਆਧੁਨਿਕ ਤਕਨੀਕਾਂ ਵਾਲੀ ਟੈਕਨੋਲੋਜੀ ਵਾਸਤੇ ਭਾਰਤ ਸਰਕਾਰ ਵੱਲੋ ਅਲੱਗ-ਅਲੱਗ ਸਕੀਮਾਂ ਅਧੀਨ ਉਦਾਰ ਵਿੱਤੀ ਸਹਾਇਤਾ ਦਿੱਤੀ ਜਾਏਗੀ ਤਾਂ ਜੋ ਡੇਅਰੀ ਦਾ ਧੰਦਾ ਹਰ ਪੱਖੋ ਲਾਹੇਵੰਦ ਰਹੇ ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਿਲਕਫੈਡ ਪੰਜਾਬ ਦੀ ਇਸ ਪ੍ਰਾਪਤੀ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਮਿਲਕਫੈਡ ਨੇ ਪੰਜਾਬ ਦੇ ਦੁੱਧ ਦੀ ਪ੍ਰਾਸੈਸਿੰਗ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਡੇਅਰੀ ਦਾ ਧੰਦਾ ਲੱਖਾਂ ਪੇਂਡੂ ਪਰਿਵਾਰਾਂ ਲਈ ਆਮਦਨੀ ਦਾ ਇਕ ਮਹੱਤਵਪੂਰਨ ਸਰੋਤ ਬਣ ਗਿਆ ਹੈ ਅਤੇ ਇਸ ਲਈ ਇਹ ਧੰਦਾ ਪੇਂਡੂ ਭਾਰਤ ਵਿੱਚ ਰੁਜ਼ਗਾਰ ਸਿਰਜਣ ਵਿੱਚ ਸਭ ਤੋਂ ਮਹੱਤਵਪੁਰਨ ਭੁਮਿਕਾ ਨਿਭਾ ਰਿਹਾ ਹੈ। ਮਿਲਕਫੈਡ ਪੰਜਾਬ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਆਧੁਨਿਕੀਕਰਨ ਦੀਆਂ ਪਹਿਲਕਦਮੀਆਂ ਦੁੱਧ ਦੀ ਗੁਣਵੱਤਾ ਵਧਾਉਣ ਵਿੱਚ ਅਤੇ ਡੇਅਰੀ ਉਤਪਾਦਾਂ ਦੇ ਉਤਪਾਦਨ ਨੂੰ ਸਾਫ ਅਤੇ ਸਵੱਛ ਢੰਗ ਨਾਲ ਬਣਾਉਣ ਅਤੇ ਖਪਤਕਾਰਾਂ ਨੂੰ ਵਾਜਬ ਕੀਮਤਾਂ ਤੇ ਵਧੀਆ ਦੁੱਧ ਉਤਪਾਦ ਮੁਹੱਈਆਂ ਕਰਾਉਣ ਵਿੱਚ ਸਹਾਈ ਹੋ ਰਹੀਆਂ ਹਨ। ਇਸ ਪ੍ਰਕਿਰਿਆ ਨਾਲ ਡੇਅਰੀ ਕਿਸਾਨਾਂ ਨੂੰ ਵਧੀਆ ਲਾਹੇਵੰਦ ਕੀਮਤ ਅਦਾ ਹੋਵੇਗੀ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਡੇਅਰੀ ਫਾਰਮਿੰਗ ਨੂੰ ਵਿਵਹਾਰਕ ਅਤੇ ਟਿਕਾਉ ਧੰਦਾ ਬਣਾਉਣ ਵਿੱਚ ਮੱਦਦ ਮਿਲੇਗੀ ।
ਉਨ੍ਹਾਂ ਅੱਗੇ ਕਿਹਾ ਕਿ ਮਿਲਕਫੈਡ ਪੰਜਾਬ ਪੇਂਡੂ ਲੋਕਾਂ ਦੀ ਸੁ਼ੱਧ ਰੋਜ਼ਾਨਾ ਆਮਦਨ ਵਿੱਚ ਵਾਧਾ ਕਰਕੇ ਅਤੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਕਮਜ਼ੋਰ ਪਈ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਤੇ ਪੇਂਡੂ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਵਿੱਚ ਮਹੱਤਵਪੂਰਨ ਅਤੇ ਚੰਗਾ ਯੋਗਦਾਨ ਪਾ ਰਿਹਾ ਹੈ।
ਸ. ਰੰਧਾਵਾ ਨੇ ਦੱਸਿਆ ਕਿ ਅਜਿਹੀਆਂ ਸਾਰੀਆਂ ਪਹਿਲਕਦਮੀਆਂ ਕਰਕੇ ਮਿਲਕਫੈਡ ਪੰਜਾਬ ਸੂਬੇ ਵਿੱਚ ਸਿੱਧੇ ਅਤੇ ਅਸਿੱਧੇ ਢੰਗ ਨਾਲ ਰੁਜ਼ਗਾਰ ਪੈਦਾ ਕਰਨ ਵਿੱਚ ਕਾਮਯਾਬ ਹੋਇਆ ਹੈ ਜਿਸ ਨਾਲ ਪੰਜਾਬ ਦੀ ਡੇਅਰੀ ਲਈ ਆਰਥਿਕਤਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ।