ਵਿਰਾਸਤ ਮੇਲਾ ਲੋਕ ਕਲਾਵਾਂ ਨੂੰ ਸਦੀਵੀ ਜਿਊਂਦਾ ਰੱਖਣ ਲਈ ਸੁਨਹਿਰੀ ਮੰਚ ਹੋ ਨਿਬੜਿਆ: ਵਿਜੈ ਇੰਦਰ ਸਿੰਗਲਾ
ਵਿਰਾਸਤ ਮੇਲਾ ਲੋਕ ਕਲਾਵਾਂ ਨੂੰ ਸਦੀਵੀ ਜਿਊਂਦਾ ਰੱਖਣ ਲਈ ਸੁਨਹਿਰੀ ਮੰਚ ਹੋ ਨਿਬੜਿਆ: ਵਿਜੈ ਇੰਦਰ ਸਿੰਗਲਾ
- ਸੰਗਰੂਰ ਵਿਰਾਸਤੀ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ
ਪਰਦੀਪ ਕਸਬਾ,ਸੰਗਰੂਰ, 17 ਦਸੰਬਰ 2021
ਲੋਕ ਕਲਾਵਾਂ ਨੂੰ ਲੋਕ ਮਨਾਂ ਵਿੱਚ ਸਦੀਵੀ ਜਿਊਂਦਾ ਰੱਖਣ ਲਈ ਇੱਕ ਸੁਨਹਿਰੀ ਮੰਚ ਹੋ ਨਿਬੜਿਆ ਹੈ ਜਿਸ ਵਿੱਚ ਸ਼ਾਮਲ ਕਲਾਕਾਰਾਂ ਨੇ ਆਪਣੇ ਹੁਨਰ ਤੇ ਕਲਾਵਾਂ ਦੇ ਸੁਮੇਲ ਨਾਲ ਦਰਸ਼ਕਾਂ ਦੇ ਮਨਾਂ ’ਤੇ ਅਮਿੱਟ ਛਾਪ ਛੱਡੀ ਹੈ। ਸ਼੍ਰੀ ਸਿੰਗਲਾ ਨੇ ਕਿਹਾ ਕਿ ਸੰਗਰੂਰ ਦੀਆਂ ਵਿਰਾਸਤੀ ਇਮਾਰਤਾਂ ਦੀ ਪੁਰਾਤਨ ਦਿੱਖ ਨੂੰ ਸੰਵਾਰਨ ਵਿੱਚ ਤਰਜੀਹ ਆਧਾਰ ’ਤੇ ਕਾਰਜ ਕੀਤੇ ਗਏ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਅਨਮੋਲ ਖ਼ਜ਼ਾਨੇ ਦੇ ਰੂਬਰੂ ਹੁੰਦੀਆਂ ਰਹਿਣ।
ਸਮਾਪਤੀ ਸਮਾਰੋਹ ਮੌਕੇ ਸ਼੍ਰੀ ਹਰਬਖਸ਼ ਲਾਟਾ ਦੀ ਨਿਰਦੇਸ਼ਨਾਂ ਹੇਠ ਮੰਚਿਤ ਲਾਈਟ ਐਂਡ ਸਾਊਂਡ ਸ਼ੋਅ ‘ਜ਼ਿੰਦਾਂ ਨਿੱਕੀਆਂ’ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਮੁੱਖ ਮਹਿਮਾਨ ਸਮੇਤ ਸਾਰੇ ਦਰਸ਼ਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡੀ।ਭਾਰੀ ਠੰਡ ਤੇ ਤੇਜ਼ ਹਵਾਵਾਂ ਦੇ ਬਾਵਜੂਦ ਵੱਡੀ ਗਿਣਤੀ ਦਰਸ਼ਕਾਂ ਨੇ ਤਿੰਨ ਦਿਨਾ ਵਿਰਾਸਤੀ ਮੇਲੇ ਦੌਰਾਨ ਲੋਕ ਗੀਤਾਂ, ਲੁੱਡੀ ਨਾਚ, ਮਲਵਈ ਗਿੱਧਾ, ਭੰਡ ਤੇ ਨਕਲਾਂ, ਕੱਵਾਲੀਆਂ ਦੇ ਨਾਲ ਨਾਲ ਸ਼੍ਰੀ ਮਨਪਾਲ ਟਿਵਾਣਾ ਨਿਰਦੇਸ਼ਤ ‘ਸਰਹਿੰਦ ਦੀ ਦੀਵਾਰ’ ਤੇ ਸ਼੍ਰੀ ਹਰਬਖਸ਼ ਲਾਟਾ ਨਿਰਦੇਸ਼ਤ ‘ਸਤਿਗੁਰੂ ਨਾਨਕ ਪ੍ਰਗਟਿਆ’ ਦਾ ਆਨੰਦ ਵੀ ਮਾਣਿਆ। ਸ਼੍ਰੀ ਸਿੰਗਲਾ ਵੱਲੋਂ ਇਸ ਦੌਰਾਨ ਮੇਲੇ ਦੀ ਸਫ਼ਲਤਾ ਲਈ ਯੋਗਦਾਨ ਪਾਉਣ ਵਾਲੀਆਂ ਵੱਖ ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੇਲੇ ਦੇ ਸਫ਼ਲ ਆਯੋਜਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਿਖਾਈ ਗਈ ਦਿਲਚਸਪੀ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਦੀ ਤਰਫੋ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਲਤੀਫ ਅਹਿਮਦ ਵੱਲੋਂ ਸ੍ਰੀ ਸਿੰਗਲਾ ਨੂੰ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬੀਤੀ 14 ਦਸੰਬਰ ਨੂੰ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਇਸ ਮੇਲੇ ਦਾ ਉਦਘਾਟਨ ਕਰਨ ਦੇ ਨਾਲ ਨਾਲ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ ਕੋਠੀ, ਬਨਾਸਰ ਬਾਗ, ਮਾਰਬਲ ਬਾਰਾਂਦਰੀ ਅਤੇ ਘੰਟਾ ਘਰ ਨੂੰ ਪੁਨਰ ਸੁਰਜੀਤ ਕਰਨ ਅਤੇ ਅਪਗ੍ਰੇਡੇਸ਼ਨ ਕਰਨ ਉਪਰੰਤ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ ਸੀ।