ਵਿਧਾਨ ਸਭਾ ਚੋਣ ਹਲਕਾ ਦਿੜ੍ਹਬਾ ਦੇ ਦੋ ਤੇ ਸੁਨਾਮ ਦੇ ਇੱਕ ਪੋਲਿੰਗ ਸਟੇਸ਼ਨ ਦੀ ਬਿਲਡਿੰਗ ਤਬਦੀਲ
ਵਿਧਾਨ ਸਭਾ ਚੋਣ ਹਲਕਾ ਦਿੜ੍ਹਬਾ ਦੇ ਦੋ ਤੇ ਸੁਨਾਮ ਦੇ ਇੱਕ ਪੋਲਿੰਗ ਸਟੇਸ਼ਨ ਦੀ ਬਿਲਡਿੰਗ ਤਬਦੀਲ
- ਜ਼ਿਲ੍ਹੇ ਦੇ ਪੰਜ ਚੋਣ ਹਲਕਿਆਂ ’ਚ 30 ਪੋਲਿੰਗ ਸਟੇਸ਼ਨਾਂ ਦੇ ਨਾਮ ਵੀ ਕਰਵਾਏ ਦਰੁਸਤ
ਪਰਦੀਪ ਕਸਬਾ ,ਸੰਗਰੂਰ, 21 ਜਨਵਰੀ: 2022
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਸੰਗਰੂਰ ਦੇ ਦੋ ਵਿਧਾਨ ਸਭਾ ਹਲਕਿਆਂ ਦੀਆਂ ਤਿੰਨ ਇਮਾਰਤਾਂ ਦੀ ਹਾਲਤ ਸਹੀ ਨਾ ਹੋਣ ਕਾਰਨ ਅਤੇ ਮੁਢਲੀਆਂ ਸਹੂਲਤਾਂ ਦੀ ਘਾਟ ਕਾਰਨ ਪੋਲਿੰਗ ਸਟੇਸ਼ਨਾਂ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਇਨ੍ਹਾਂ 3 ਪੋਲਿੰਗ ਸਟੇਸ਼ਨਾਂ ਦੀ ਬਿਲਡਿੰਗ ਬਦਲਣ ਸਮੇਤ 30 ਪੋਲਿੰਗ ਸਟੇਸ਼ਨਾਂ ਦੇ ਨਾਮ ਦਰੁਸਤ ਕਰਨ ਦੀ ਤਜਵੀਜ਼ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ ਜੋ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 100-ਦਿੜ੍ਹਬਾ ਦੇ ਮੌਜੂਦਾ ਬੂਥ ਨੰਬਰ 7, ਖੇਰੇਮਾਨ ਧਰਮਸ਼ਾਲਾ, ਮਹਿਲਾਂ ਨੂੰ ਤਬਦੀਲ ਕਰਕੇ ਬੂਥ ਨੰਬਰ 7, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਡਲ ਬਰਾਂਚ, ਮਹਿਲਾਂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਿੜ੍ਹਬਾ ਹਲਕੇ ਦੇ ਹੀ ਬੂਥ ਨੰਬਰ 6, ਕੋਆਪਰੇਟਿਵ ਸੁਸਾਇਟੀ, ਮਹਿਲਾਂ ਦੀ ਇਮਾਰਤ ਬਦਲ ਕੇ ਬੂਥ ਨੰਬਰ 6, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਡਲ ਬਰਾਂਚ, ਮਹਿਲਾਂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 101-ਸੁਨਾਮ ਦੇ 179 ਆਫਿਸ ਕੋਆਪਰੇਟਿਵ ਸੁਸਾਇਟੀ ਸ਼ੇਰੋਂ ਨੂੰ ਸਰਕਾਰੀ ਆਦਰਸ਼ ਮਾਡਲ ਸਕੂਲ ਸ਼ੇਰੋਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ 30 ਪੋਲਿੰਗ ਸਟੇਸ਼ਨਾਂ ਦੇ ਨਾਮ ਦਰੁਸਤ ਕਰਵਾਏ ਗਏ ਹਨ ਜਿਨ੍ਹਾਂ ਵਿੱਚ ਲਹਿਰਾ ਦੇ 2, ਦਿੜ੍ਹਬਾ ਦੇ 18, ਸੁਨਾਮ ਦਾ 1, ਸੰਗਰੂਰ ਦੇ 5 ਅਤੇ ਧੂਰੀ ਦੇ 4 ਪੋਲਿੰਗ ਸਟੇਸ਼ਨ ਸ਼ਾਮਲ ਹਨ।