ਵਿਧਾਨ ਸਭਾ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖਰਚ ’ਤੇ ਰੱਖੀ ਜਾਵੇ ਤਿੱਖੀ ਨਜ਼ਰ
ਵਿਧਾਨ ਸਭਾ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖਰਚ ’ਤੇ ਰੱਖੀ ਜਾਵੇ ਤਿੱਖੀ ਨਜ਼ਰ
– ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦੀ ਵੀਡੀਓਗ੍ਰਾਫੀ ਕਰਵਾਉਣੀ ਬਣਾਈ ਜਾਵੇ ਯਕੀਨੀ
– ਖਰਚਾ ਅਬਜ਼ਰਵਰ ਸਿਧਾਰਥ ਜੈਸਵਾਲ ਨੇ ਵੱਖ-ਵੱਖ ਨਿਗਰਾਨ ਟੀਮਾਂ ਨਾਲ ਕੀਤੀ ਮੀਟਿੰਗ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 03 ਫਰਵਰੀ:2022
ਅਗਾਮੀ ਵਿਧਾਨ ਸਭਾ ਚੋਣਾ ਲਈ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ 54-ਬਸੀ ਪਠਾਣਾ, 55-ਫ਼ਤਹਿਗੜ੍ਹ ਸਾਹਿਬ ਅਤੇ 56-ਅਮਲੋਹ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦੀ ਵੀਡੀਓਗ੍ਰਾਫੀ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਉਨ੍ਹਾਂ ’ਤੇ ਹੋਣ ਵਾਲੇ ਖਰਚੇ ਨੂੰ ਸਬੰਧਤ ਉਮੀਦਵਾਰ ਦੇ ਚੋਣ ਖਰਚੇ ਵਿੱਚ ਜੋੜਿਆ ਜਾ ਸਕੇ। ਇਹ ਹਦਾਇਤਾਂ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਖਰਚਾ ਅਬਜ਼ਰਵਰ ਸ਼੍ਰੀ ਸਿਧਾਰਥ ਜੈਸਵਾਲ ਨੇ ਵੱਖ-ਵੱਖ ਨਿਗਰਾਨ ਟੀਮਾਂ ਤੇ ਉਡਨ ਦਸਤਿਆਂ ਨਾਲ ਬੱਚਤ ਭਵਨ ਵਿਖੇ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਉਨ੍ਹਾਂ ਸਮੂਹ ਨਿਗਰਾਨ ਟੀਮਾਂ ਤੇ ਉਡਨ ਦਸਤਿਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਖਰਚਾ ਟੀਮਾਂ ਨੂੰ ਤੈਅ ਸਮੇਂ ਉੱਤੇ ਸਾਰੀਆਂ ਰਿਪੋਰਟਾਂ ਭੇਜੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ।
ਸ਼੍ਰੀ ਸਿਧਾਰਥ ਜੈਸਵਾਲ ਨੇ ਨਿਗਰਾਨ ਤੇ ਮੋਨੀਟਰਿੰਗ ਟੀਮਾਂ ਤੋਂ ਚੈਕਿੰਗ ਪ੍ਰਕ੍ਰਿਆ ਦੀ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਦਰਸ਼ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਵੇ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਖਰਚਾ ਅਬ਼ਜਰਵਰ ਨੇ ਫਲਾਇੰਗ ਸਕੂਐਡ ਟੀਮਾਂ ਦੀ ਟਰੇਨਿੰਗ ਅਤੇ ਕੰਮਕਾਜ਼ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਟੀਮਾਂ ਨੂੰ ਕਿਹਾ ਕਿ ਪਾਰਦਰਸ਼ੀ ਤੇ ਨਿਰਪੱਖ ਹੋ ਕੇ ਆਪਣੇ ਫਰਜ਼ ਅਦਾ ਕੀਤੇ ਜਾਣ ਤਾਂ ਜੋ ਚੋਣ ਪ੍ਰਕ੍ਰਿਆ ਸੁਚੱਜੇ ਢੰਗ ਨਾਲ ਮੁਕੰਮਲ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਜਾਬਤੇ ਦੀ ਪਾਲਣਾ ਬਾਰੇ ਵੀ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਦੀ ਸਿ਼ਕਾਇਤ ਬਾਰੇ ਵੀ ਸੀ.ਵਿਜਲ ਐਪ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨੁਪ੍ਰਿਤਾ ਜੋਹਲ ਨੇ ਦੱਸਿਆ ਕਿ ਸੀ.ਵਿਜਲ ਐਪ ’ਤੇ ਆਉਣ ਵਾਲੀਆਂ ਸਿ਼ਕਾਇਤਾਂ ਤਹਿਤ ਹੁਣ ਤੱਕ 68 ਸਿ਼ਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਜਿਲਾ ਫਤਿਹਗੜ੍ਹ ਸਾਹਿਬ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣ ਹਲਕਾ 054-ਬਸੀ ਪਠਾਣਾਂ (ਅ.ਜ.), 055-ਫਤਿਹਗੜ੍ਹ ਸਾਹਿਬ ਅਤੇ 056-ਅਮਲੋਹ ਵਿੱਚ ਚੋਣਾਂ ਦੇ ਕੰਮ ਦਾ ਨਰੀਖਣ ਕਰਨ, ਉਮੀਦਵਾਰਾਂ ਦੇ ਖਰਚਿਆਂ ਦਾ ਨਰੀਖਣ ਕਰਨ ਅਤੇ ਲਾਅ ਐਂਡ ਆਰਡਰ ਦਾ ਨਰੀਖਣ ਕਰਨ ਲਈ ਇੱਕ ਜਨਰਲ ਅਬਜ਼ਰਵਰ, ਇੱਕ ਖਰਚਾ ਅਬਜ਼ਰਵਰ ਅਤੇ ਇੱਕ ਪੁਲਿਸ ਅਬਜ਼ਰਵਰ ਨਿਯੁੱਕਤ ਕੀਤੇ ਗਏ ਹਨ। ਜਿਨ੍ਹਾਂ ਨਾਲ ਸੰਪਰਕ ਕਰਨ ਲਈ ਉਨ੍ਹਾਂ ਦੇ ਮੋਬਾਇਲ ਨੰ. ਕ੍ਰਮਵਾਰ 7341165682 , 7087195682 ਅਤੇ 7087795682 ਹਨ। ਜੇਕਰ ਕਿਸੇ ਵੱਲੋਂ ਅਬਜਰਵਰ ਸਾਹਿਬਾਨਾ ਨੂੰ ਮਿਲ ਕੇ ਸੰਪਰਕ ਕਰਨਾ ਹੈ ਤਾਂ ਉਨ੍ਹਾਂ ਦੇ ਲਾਇਜ਼ਨ ਅਫ਼ਸਰਾਂ ਰਾਹੀਂ ਮੀਟਿੰਗ ਦਾ ਸਮਾਂ ਲਿਆ ਜਾ ਸਕਦਾ ਹੈ। ਲਾਇਜ਼ਨ ਅਫ਼ਸਰਾਂ ਦੇ ਸੰਪਰਕ ਨੰ. ਕ੍ਰਮਵਾਰ 9876170086, 9872750969 ਅਤੇ 9814055473 ਹਨ। ਇਸ ਮੌਕੇ ਵੱਖ-ਵੱਖ ਨਿਗਰਾਨ ਟੀਮਾਂ ਤੇ ਉਡਨ ਦਸਤਿਆਂ ਦੇ ਮੈਂਬਰਾਂ ਤੋਂ ਇਲਾਵਾ ਐਸ.ਡੀ.ਐਮ.-ਕਮ-ਰਿਟਰਨਿੰਗ ਅਫਸਰ ਫ਼ਤਹਿਗੜ੍ਹ ਸਾਹਿਬ ਸ਼੍ਰੀ ਹਿਮਾਂਸ਼ੂ ਗੁਪਤਾ ਵੀ ਮੌਜੂਦ ਸਨ।