‘ਵਿਧਾਨ ਸਭਾ ਚੋਣਾਂ 2022’ ਸੰਬੰਧੀ ਹਲਚਲ ਸ਼ੁਰੂ
‘ਵਿਧਾਨ ਸਭਾ ਚੋਣਾਂ 2022’ ਸੰਬੰਧੀ ਹਲਚਲ ਸ਼ੁਰੂ
- ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਨੂੰ ਚੋਣ ਜਾਬਤੇ ਦੀ ਪਾਲਣਾ ਸਖ਼ਤੀ ਨਾਲ ਕਰਨ ਦੀ ਅਪੀਲ
- ਚੋਣ ਪ੍ਰਚਾਰ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਲਾਜਮੀ-ਸੰਦੀਪ ਹੰਸ
ਰਿਚਾ ਨਾਗਪਾਲ,ਪਟਿਆਲਾ, 12 ਜਨਵਰੀ: 2022
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਵਿਧਾਨ ਸਭਾ ਚੋਣਾਂ ਸਬੰਧੀਂ ਲਾਗੂ ਹੋਏ ਚੋਣ ਜਾਬਤੇ ਤੋਂ ਜਾਣੂ ਕਰਵਾਉਣ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅੱਜ ਇੱਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਹੰਸ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਚੋਣ ਜਾਬਤੇ ਦੀ ਸਖ਼ਤੀ ਪਾਲਣਾ ਨਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਆਪਣੀਆਂ ਸਾਰੀਆਂ ਗਤੀਵਿਧੀਆਂ ਨਿਰਧਾਰਤ ਨਿਯਮਾਂ ਅਤੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਨਿਰਧਾਰਤ ਨੇਮਾਂ ਅੰਦਰ ਰਹਿ ਕੇ ਹੀ ਕਰਨ ਤਾਂ ਉਨ੍ਹਾਂ ਨੂੰ ਕੋਈ ਦਿਕਤ ਨਹੀਂ ਆਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਮੀਦਵਾਰ ਲਈ ਕਾਨੂੰਨੀ ਚੋਣ ਖ਼ਰਚੇ ਦੀ ਸੀਮਾ 40 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ, ਇਸ ਲਈ ਸਾਰੇ ਉਮੀਦਵਾਰ ਨਿਯਮਾਂ ਦਾ ਪਾਲਣ ਕਰਨ ਕਿਉਂਕਿ ਉਨ੍ਹਾਂ ਦੇ ਖਰਚੇ ‘ਤੇ ਨਜ਼ਰ ਰੱਖੀ ਜਾਵੇਗੀ। ਪ੍ਰਚਾਰ ਲਈ ਵਰਤੇ ਜਾਣ ਵਾਲੇ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਵੀ ਚੋਣ ਕਮਿਸ਼ਨ ਵੱਲੋਂ ਤਿੱਖੀ ਨਜ਼ਰ ਰੱਖੀ ਜਾਵੇਗੀ, ਜਿਸ ਲਈ ਹਰ ਤਰ੍ਹਾਂ ਦੇ ਪ੍ਰਚਾਰ ਲਈ ਉਮੀਦਵਾਰਾਂ ਵੱਲੋਂ ਅਗੇਤੀਆਂ ਪ੍ਰਵਾਨਗੀਆਂ ਲੈਣੀਆਂ ਲਾਜਮੀ ਹਨ। ਉਨ੍ਹਾਂ ਕਿਹਾ ਕਿ ਮੁੱਲ ਦੀਆਂ ਖ਼ਬਰਾਂ ਦੇ ਮਾੜੇ ਰੁਝਾਨ ਨੂੰ ਠੱਲ ਪਾਉਣ ਲਈ ਪਾਰਟੀਆਂ ਸਹਿਯੋਗ ਦੇਣ। ਨਾਮਜਦਗੀ ਸਮੇਂ ਹਰ ਉਮੀਦਵਾਰ ਨੂੰ ਫਾਰਮ ਨੰਬਰ 26 ਭਰਨ ਸਮੇਂ ਹਲਫ਼ੀਆ ਬਿਆਨ ਦਾ ਹਰ ਕਾਲਮ ਭਰਨ ਸਮੇਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਵੀ ਜਾਣਕਾਰੀ ਦੇਵੇਗਾ।
ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਰੈਲੀਆਂ, ਮਾਰਚ ਤੇ ਮੀਟਿੰਗਾਂ ‘ਤੇ 15 ਜਨਵਰੀ ਤੱਕ ਕੋਵਿਡ ਪਾਬੰਦੀਆਂ ਲਾਗੂ ਹਨ ਪਰੰਤੂ ਘਰ-ਘਰ ਪ੍ਰਚਾਰ ਕੀਤਾ ਜਾ ਸਕਦਾ ਹੈ, ਇਸ ਲਈ ਵੀ 5 ਤੋਂ ਜਿਆਦਾ ਵਿਅਕਤੀ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਨਿਰੰਤਰ ਕਾਰਜਸ਼ੀਲ ਹਨ ਅਤੇ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਵੀ ਚੌਕਸੀ ਵਰਤੀ ਜਾ ਰਹੀ ਹੈ, ਇਸ ਲਈ ਨਸ਼ਿਆਂ ਦੀ ਵੰਡ ਸਮੇਤ ਕੋਈ ਵੀ ਗ਼ੈਰਕਾਨੂੰਨੀ ਗਤੀਵਿਧੀ ਨਾ ਕੀਤੀ ਜਾਵੇ।
ਇਸ ਮੌਕੇ ਮੌਜੂਦ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਸਰਕਾਰੀ ਇਮਾਰਤਾਂ ਜਾਂ ਸਰਕਾਰੀ ਮਸ਼ੀਨਰੀ ‘ਤੇ ਕੋਈ ਪ੍ਰਚਾਰ ਸਮੱਗਰੀ ਨਾ ਲਗਾਈ ਜਾਵੇ ਅਤੇ ਨਾ ਹੀ ਵਰਦੀਧਾਰੀ ਜਵਾਨਾਂ ਜਾਂ ਸੈਨਾ ਦੀ ਤਸਵੀਰ ਆਪਣੀ ਚੋਣ ਸਮਗਰੀ ‘ਚ ਵਰਤੀ ਜਾਵੇ। ਇਸਤੋਂ ਬਿਨ੍ਹਾਂ ਕਿਸੇ ਧਾਰਮਿਕ ਅਸਥਾਨ ‘ਤੇ ਚੋਣ ਪ੍ਰਚਾਰ ਨਾ ਕੀਤਾ ਜਾਵੇ ਅਤੇ ਨਾ ਹੀ ਧਰਮ ਜਾਤੀ ਆਦਿ ਦੇ ਨਾ ‘ਤੇ ਗ਼ਲਤ ਪ੍ਰਚਾਰ ਕੀਤਾ ਜਾਵੇ।
ਚੋਣ ਜਾਬਤੇ ਅਤੇ ਸਬੰਧਤ ਨਿਯਮਾਂ ਤੋਂ ਜਾਣੂ ਕਰਵਾਉਂਦਿਆਂ ਸ. ਥਿੰਦ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਪ੍ਰ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਗੱਲੋਂ ਪੂਰੀ ਤਰ੍ਹਾਂ ਪਾਬੰਦ ਹੈ ਕਿ ਇਹ ਚੋਣਾਂ ਪੂਰੀ ਤਰ੍ਹਾਂ ਨਿਰਪੱਖ, ਸੁਤੰਤਰ ਅਤੇ ਭੈਅ ਮੁਕਤ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਸਬੰਧਤ ਨਿਯਮਾਂ ਅਤੇ ਦਸਤਾਵੇਜਾਂ ਦਾ ਇੱਕ-ਇੱਕ ਸੈਟ ਵੀ ਮੁਹੱਈਆ ਕਰਵਾਇਆ।
ਇਸ ਮੀਟਿੰਗ ਮੌਕੇ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਕਾਂਗਰਸ ਦੇ ਦਫ਼ਤਰ ਇੰਚਾਰਜ ਮਹਿੰਦਰ ਸਿੰਘ, ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਤੋਂ ਆਕਾਸ਼ ਸ਼ਰਮਾ ਤੇ ਸੁਖਬੀਰ ਸਿੰਘ, ਆਮ ਆਦਮੀ ਪਾਰਟੀ ਤੋਂ ਸੁਖਦੇਵ ਸਿੰਘ, ਐਨ.ਸੀ.ਪੀ. ਤੋਂ ਜਸਵਿੰਦਰ ਸਿੰਘ ਛਾਬੜਾ, ਸ਼ਿਵ ਸੈਨਾ ਤੋਂ ਸ਼ਮਾਂ ਕਾਂਤ ਪਾਂਡੇ, ਸ਼ਿਵ ਸੈਨਾ ਹਿੰਦੁਸਤਾਨ ਤੋਂ ਰਵਿੰਦਰ ਸਿੰਗਲਾ ਆਦਿ ਨੇ ਵਿਸ਼ਵਾਸ਼ ਦੁਆਇਆ ਕਿ ਉਹ ਚੋਣ ਜਾਬਤੇ ਦੀ ਪੂਰੀ ਤਰ੍ਹਾਂ ਪਾਲਣਾਂ ਕਰਨਗੇ। ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀ ਰਾਮਜੀ ਲਾਲ, ਚੋਣ ਕਾਨੂੰਗੋ ਪ੍ਰਿਯੰਕਾ ਰਾਣੀ ਵੀ ਮੌਜੂਦ ਸਨ।