ਵਿਧਾਇਕ ਨਾਗਰਾ ਵੱਲੋਂ ਸੀਨੀਅਰ ਸਿਟੀਜ਼ਨ ਹੋਮ ਲੋਕ ਅਰਪਣ
ਵਿਧਾਇਕ ਨਾਗਰਾ ਵੱਲੋਂ ਸੀਨੀਅਰ ਸਿਟੀਜ਼ਨ ਹੋਮ ਲੋਕ ਅਰਪਣ
- ਸਰੀਰ ਦੀ ਸਹੀ ਸਾਂਭ ਸੰਭਾਲ ਲਈ ਫਿਜ਼ਿਓਥੈਰੇਪੀ ਦਾ ਕੀਤਾ ਜਾਵੇਗਾ ਪ੍ਰਬੰਧ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 21 ਦਸੰਬਰ 2021
ਸਰਹਿੰਦ ਮੰਡੀ ਵਿਖੇ ਲਾਇਬ੍ਰੇਰੀ ਦੇ ਬਿਲਕੁਲ ਨਾਲ 20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਸੀਨੀਅਰ ਸਿਟੀਜ਼ਨ ਹੋਮ ਨੂੰ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਲੋਕ ਅਰਪਣ ਕੀਤਾ । ਇਸ ਮੌਕੇ ਸ. ਨਾਗਰਾ ਨੇ ਕਿਹਾ ਕਿ ਇਹ ਪ੍ਰੋਜੈਕਟ ਪੂਰਾ ਹੋਣ ਨਾਲ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਸੀਨੀਅਰ ਸਿਟੀਜ਼ਨਜ਼ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ ਅਤੇ ਉਨ੍ਹਾਂ ਨੂੰ ਇਸਦਾ ਵੱਡਾ ਲਾਭ ਹੋਵੇਗਾ।
ਸ. ਨਾਗਰਾ ਨੇ ਕਿਹਾ ਕਿ ਜੱਦ ਬੱਚੇ ਜਵਾਨ ਹੋ ਜਾਂਦੇ ਹਨ ਤੇ ਕੰਮ ਸਾਂਭ ਲੈਂਦੇ ਹਨ ਤਾਂ ਪਿੰਡਾਂ ਵਿੱਚ ਤਾਂ ਸਾਂਝੀਆਂ ਥਾਵਾਂ ਹੁੰਦਿਆਂ, ਜਿੱਥੇ ਬਜ਼ੁਰਗ ਇਕੱਠੇ ਹੋ ਕੇ ਬੈਠ ਜਾਂਦੇ ਹਨ ਪਰ ਸ਼ਹਿਰਾਂ ਵਿਚ ਅਜਿਹਾ ਨਹੀਂ ਹੁੰਦਾ ਇਸ ਲਈ ਇਹ ਪ੍ਰੋਜੈਕਟ ਉਲੀਕਿਆ ਗਿਆ। ਸੀਨੀਅਰ ਸਿਟੀਜ਼ਨ ਦੀਆਂ ਹੋਰ ਬਹੁਤ ਸਾਰੀਆਂ ਲੋੜਾਂ ਵੀ ਹਨ ਤੇ ਸਰੀਰ ਦੀ ਸਹੀ ਸਾਂਭ ਸੰਭਾਲ ਲਈ ਫਿਜ਼ਿਓਥੈਰੇਪੀ ਦਾ ਪ੍ਰਬੰਧ ਇਸ ਹੋਮ ਵਿਖੇ ਕੀਤਾ ਜਾਵੇਗਾ ਤੇ ਫਿਜ਼ਿਓਥੈਰੇਪੀ ਸੈਂਟਰ ਵੀ ਬਣਾਇਆ ਜਾਵੇਗਾ। ਹੋਮ ਦੇ ਨਾਲ ਲਾਇਬਰੇਰੀ ਹੈ ਤੇ ਬਹੁਤ ਛੇਤੀ ਲਾਇਬ੍ਰੇਰੀ ਦੀ ਵੀ ਕਾਇਆ ਕਲਪ ਕੀਤੀ ਜਾਵੇਗੀ। ਇਸ ਹੋਮ ਦੇ ਪਿਛਲੇ ਪਾਸੇ ਦਰੱਖਤ ਸਾਂਭੇ ਗਏ ਹਨ, ਜਿਨ੍ਹਾਂ ਨਾਲ ਬਜ਼ੁਰਗਾਂ ਨੂੰ ਗਰਮੀਆਂ ਵਿੱਚ ਵਧੀਆ ਮਾਹੌਲ ਮਿਲੇਗਾ।
ਇਸ ਹੋਮ ਵਿੱਚ ਇੱਕ ਵੱਡਾ ਹਾਲ, ਪਖਾਨੇ, ਬਾਥਰੂਮ ਅਤੇ ਰਸੋਈ ਤਿਆਰ ਕੀਤੀ ਗਈ ਹੈ ਅਤੇ ਸੀਨੀਅਰ ਸਿਟੀਜ਼ਨਜ਼ ਨੂੰ ਇਨਡੋਰ ਗੇਮਜ਼ ਦੇ ਨਾਲ-ਨਾਲ ਇਸ ਹੋਮ ਵਿਖੇ ਸਾਰੀਆਂ ਲੋੜੀਦੀਂਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇੱਥੇ ਆ ਕੇ ਬਜ਼ੁਰਗ ਇੱਕ ਦੂਸਰੇ ਨੂੰ ਸਾਜ਼ਗਾਰ ਮਾਹੌਲ ਵਿੱਚ ਮਿਲ ਸਕਿਆ ਕਰਨਗੇ, ਅਖਬਾਰ ਪੜ੍ਹ ਸਕਿਆ ਕਰਨਗੇ ਅਤੇ ਨਾਲ ਹੀ ਲਾਇਬ੍ਰੇਰੀ ਦਾ ਭਰਪੂਰ ਲਾਹਾ ਲੈ ਸਕਣਗੇ।ਸ. ਨਾਗਰਾ ਨੇ ਕਿਹਾ ਕਿ ਵਡੇਰੀ ਉਮਰ ਦੇ ਵਿੱਚ ਬਜ਼ੁਰਗਾਂ ਲਈ ਇੱਕ ਦੂਸਰੇ ਨਾਲ ਗੱਲਬਾਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਗੱਲਬਾਤ ਦੀ ਅਣਹੋਂਦ ਬਜ਼ੁਰਗਾਂ ਨੂੰ ਗੰਭੀਰ ਬਿਮਾਰੀਆਂ ਵੱਲ ਲੈ ਜਾਂਦੀ ਹੈl ਇਹ ਉਪਰਾਲਾ ਬਜ਼ੁਰਗਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ ਅਤੇ ਸਰਹਿੰਦ ਫਤਹਿਗੜ੍ਹ ਸਾਹਿਬ ਦੇ ਵਿਕਾਸ ਲਈ ਇਸੇ ਤਰ੍ਹਾਂ ਉਪਰਾਲੇ ਲਗਾਤਾਰ ਜਾਰੀ ਰਹਿਣਗੇ।
ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕਰੋੜਾਂ ਰੁਪਏ ਨਾਲ ਸਰਹਿੰਦ-ਫਤਹਿਗੜ੍ਹ ਸਾਹਿਬ ਦਾ ਵਿਕਾਸ ਕਰਵਾਇਆ ਗਿਆ ਹੈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਰਹਿੰਦੇ ਵਿਕਾਸ ਕਾਰਜਾਂ ਸਬੰਧੀ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਉਨ੍ਹਾਂ ਨੇ ਇਹ ਯਤਨ ਕੀਤਾ ਹੈ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਵਿਕਾਸ ਕਰਵਾ ਕੇ ਵਿਕਾਸ ਦਾ ਇੱਕ ਮਾਡਲ ਤਿਆਰ ਕਰ ਕੇ ਦਿਖਾਇਆ ਜਾਵੇ ਤੇ ਕਰਵਾਇਆ ਗਿਆ ਵਿਕਾਸ ਸਭ ਦੇ ਸਾਹਮਣੇ ਹਨ।
ਸ. ਨਾਗਰਾ ਨੇ ਦੱਸਿਆ ਕਿ ਰੋਪੜ ਬੱਸ ਅੱਡੇ ਤੋਂ ਲੈ ਕੇ ਬੀ.ਡੀ.ਪੀ.ਓ. ਦਫ਼ਤਰ ਤੱਕ ਦੀ ਸੜਕ ਦੇ ਦੋਵੇਂ ਪਾਸੇ ਟਾਇਲਾਂ ਲਾਈਆਂ ਜਾਣਗੀਆਂ। ਇਸ ਦੇ ਨਾਲ ਨਾਲ ਚਾਰ ਨੰਬਰ ਚੂੰਗੀ ਤੋਂ ਲੈ ਕੇ ਪੁੱਲ ਤੱਕ ਵੀ ਦੋਵੇਂ ਪਾਸੇ ਵੀ ਟਾਇਲਾਂ ਲਾਈਆਂ ਜਾਣਗੀਆਂ। ਸ. ਨਾਗਰਾ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਭੇਦ ਭਾਵ ਤੋਂ ਕੀਤਾ ਗਿਆ ਹੈ। ਵਾਰਡਾਂ ਵਿੱਚ ਥੋੜ੍ਹਾ ਬਹੁਤਾ ਕੰਮ ਰਹਿ ਗਿਆ ਹੈ, ਜਿਹੜਾ ਛੇਤੀ ਮੁਕੰਮਲ ਕਰ ਲਿਆ ਜਾਵੇਗਾ। ਪੰਜਾਬ ਸਰਕਾਰ ਨੇ ਸਰਹਿੰਦ-ਪਟਿਆਲਾ ਸੜਕ ਨੂੰ ਚਾਰ ਮਾਰਗੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤੇ ਛੇਤੀ ਮੋਹਾਲੀ ਵਾਲੀ ਸੜਕ ਨੂੰ ਵੀ ਚਾਰ ਮਾਰਗੀ ਕਰਨ ਦੀ ਪ੍ਰਵਾਨਗੀ ਮਿਲ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਤ ਨਗਰ ਵਿਖੇ ਬਹੁਤ ਜਲਦ ਸੀਵਰੇਜ ਤੇ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਭਾਸ਼ ਸੂਦ, ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸੂਦ, ਮਾਰਕਿਟ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ, ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਪ੍ਰਧਾਨ ਆਰ.ਐਨ.ਸ਼ਰਮਾ, ਜਨਰਲ ਸਕੱਤਰ ਨਕੇਸ਼ ਜਿੰਦਲ, ਸੁਭਾਸ਼ ਸੋਫਤ ਖ਼ਜ਼ਾਨਚੀ, ਮੈਂਬਰ ਸਤਪਾਲ ਪੁਰੀ, ਚਰਨਜੀਵ ਸ਼ਰਮਾ, ਆਨੰਦ ਮੋਹਣ, ਪਵਨ ਕਾਲੜਾ, ਨਰਿੰਦਰ ਕੁਮਾਰ ਪ੍ਰਿੰਸ, ਜਗਜੀਤ ਸਿੰਘ ਕੋਕੀ, ਕੁਸ਼ਲਿਆ ਸ਼ਰਮਾ, ਅਰਵਿੰਦਰ ਸਿੰਘ ਸਾਰੇ ਕੌਂਸਲਰ, ਸਰਪੰਚ ਦਵਿੰਦਰ ਸਿੰਘ ਜੱਲ੍ਹਾ, ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਮਨਦੀਪ ਕੁਮਾਰ, ਕੁਲਵੰਤ ਸਿੰਘ ਢਿੱਲੋਂ, ਆਦਿ ਹਾਜ਼ਰ ਸਨ।