ਵਿਕਾਸ ਪੱਖੋਂ ਪਟਿਆਲਾ ’ਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ : ਜੈ ਇੰਦਰ ਕੌਰ
ਵਿਕਾਸ ਪੱਖੋਂ ਪਟਿਆਲਾ ’ਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ : ਜੈ ਇੰਦਰ ਕੌਰ
ਰਾਜੇਸ਼ ਗੌਤਮ, ਪਟਿਆਲਾ, 3 ਫਰਵਰੀ 2022
ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਅਤੇ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਚੋਣ ਪ੍ਰਚਾਰ ਕਰ ਰਹੀ ਬੀਬਾ ਜੈ ਇੰਦਰ ਕੌਰ ਨੇ ਅੱਜ ਪੀਲੀ ਸੜਕ ਰਾਘੋ ਮਾਜਰਾ ਤੋਂ ਪੁਰਾਣੀ ਸਬਜ਼ੀ ਮੰਡੀ ਚੌਂਕ ਤੱਕ ਦੁਕਾਨ-ਦੁਕਾਨ ਜਾ ਕੇ ਬਾਜ਼ਾਰਾਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਮੁੱਚੀ ਪੰਜਾਬ ਲੋਕ ਕਾਂਗਰਸ ਦੀ ਲੀਡਰਸ਼ਿਪ, ਅਹੁੱਦੇਦਾਰ, ਮੈਂਬਰ, ਭਾਜਪਾ ਦੀ ਟੀਮ ਹਾਜ਼ਰ ਸਨ। ਇਸ ਮੌਕੇ ਜੈ ਇੰਦਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਨੇ ਵਿਕਾਸ ਪੱਖੋਂ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਅਤੇ 1 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕੰਮ ਸ਼ੁਰੂ ਕਰਵਾਕੇ ਪਟਿਆਲਾ ਵਿੱਚ ਕਈ ਅਹਿਮ ਪ੍ਰੋਜੈਕਟਾਂ ਨੂੰ ਸਿਰੇ ਚਾੜਿਆ ਅਤੇ ਸਮੁੱਚੇ ਪਟਿਆਲਾ ਸ਼ਹਿਰ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਪੀ.ਐਲ.ਸੀ ਅਤੇ ਭਾਜਪਾ ਗਠਬੰਧਨ ਦੀ ਸਰਕਾਰ ਬਣਨ ਤੋਂ ਬਾਅਦ ਸਮੁੱਚੇ ਪੰਜਾਬ ਅਤੇ ਖਾਸ ਕਰਕੇ ਪਟਿਆਲਾ ਦਾ ਮੁੜ ਤੋਂ ਵਿਕਾਸ ਆਰੰਭ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਹੁਣ ਡਬਲ ਫੰਡ ਲਿਆ ਕੇ ਪਹਿਲਾਂ ਨਾਲੋਂ ਵੱਧ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਆਉਣ ਵਾਲੀ 20 ਫਰਵਰੀ ਨੂੰ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ।