ਲੜਕੀਆਂ ਨੂੰ ‘SHAKTI APP ‘ ਬਾਰੇ ਜਾਗ੍ਰਿਤ ਕਰਨ ਪਹੁੰਚੇ ਡੀਐੱਸਪੀ ਕੁਲਵੰਤ ਸਿੰਘ
ਰਵੀ ਸੈਣ, ਬਰਨਾਲਾ,26 ਦਸੰਬਰ 2022
ਐੱਸ ਐੱਸ ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵਲੋਂ ਇੱਥੋਂ ਦੇ ਇੱਕ ਆਈਲੈਟਸ ਕੋਚਿੰਗ ਸੈਂਟਰ ਵਿਖੇ ਬੱਚਿਆਂ ਅਤੇ ਔਰਤਾਂ ਸੰਬੰਧੀ ਅਵੇਰਨੈੱਸ ਕੈਂਪ ਲਗਾਇਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡੀ ਐੱਸ ਪੀ ਕੁਲਵੰਤ ਸਿੰਘ (ਚਿਲਡਰਨ ਐਂਡ ਵੋਮੈਨ) ਵਲੋਂ ਲੜਕੀਆਂ ਨੂੰ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ‘ਸਕਤੀ ਐਪ’ ਬਾਰੇ ਵਿਸਥਾਰਪੂਰਵਕ ਦੱਸਿਆ। ਉਹਨਾ ਕਿਹਾ ਕਿ ਹਰ ਇੱਕ ਔਰਤ-ਲੜਕੀ ਨੂੰ ਆਪਣੇ ਮੋਬਾਈਲ ਫੋਨ ਚ ‘ ਸ਼ਕਤੀ ਐਪ’ ਡਾਊਨਲੋਡ ਕਰਕੇ ਰੱਖਣੀ ਚਾਹੀਦੀ ਹੈ। ਉਹਨਾ ਕਿਹਾ ਕਿ ਸਮਾਜ ਵਿੱਚ ਵਿਚਰਦਿਆਂ ਔਰਤਾਂ -ਬੱਚਿਆਂ ਨੂੰ ਜੇਕਰ ਕਦੇ ਵੀ ਕਿਸੇ ਪ੍ਰੇਸਾਨੀ ਆਵੇ ਤਾਂ ‘ ਸ਼ਕਤੀ ਐਪ’ ਦੀ ਬਦੌਲਤ ਉਹ ਪੁਲਿਸ ਦੀ ਮੱਦਦ ਲੈ ਸਕਦੇ ਹਨ। ਜੇਕਰ ਕਦੇ ਕਿਸੇ ਲੜਕੀ -ਔਰਤ ਨੂੰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਉਹ ਆਪਣੇ ਮੋਬਾਈਲ (ਜਿਸ ਵਿੱਚ ਸ਼ਕਤੀ ਐਪ’ ਡਾਊਨਲੋਡ ਹੋਵੇ) ਨੂੰ ਜੋਰ ਨਾ ਹਿਲਾਵੇ ਜਾਂ ਫਿਰ ਹੇਠਾਂ ਸੁੱਟ ਦੇਵੇ ਤਾਂ ‘ ਸ਼ਕਤੀ ਐਪ’ ਦੇ ਜ਼ਰੀਏ ਘਟਨਾ ਸਥਾਨ ਦੀ (ਲੋਕੇਸ਼ਨ) ਦੇ ਨੇੜਲੇ ਥਾਣੇ ਅਤੇ ਉੱਚ ਅਧਿਕਾਰੀਆਂ ਨੂੰ ਤੁਰੰਤ ਸੂਚਨਾ ਮਿਲ ਜਾਵੇਗੀ।ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੰਜਾਬ ਪੁਲਿਸ ਵੱਲੋਂ ਪੀੜਤਾ ਦੀ ਮੱਦਦ ਕੀਤੀ ਜਾਵੇਗੀ। ਇਸ ਮੌਕੇ ਉਹਨਾ ਸੈਂਟਰ ਵਿਚ ਮੌਜੂਦ ਵਿਦਿਆਰਥੀਆਂ ਨੂੰ ਟ੍ਰੈਫਿਕ ਰੂਲਾਂ ਆਦਿ ਸੰਬੰਧੀ ਵੀ ਜਾਗਰੂਕ ਕੀਤਾ। ਇਸ ਮੌਕੇ ਏ ਐੱਸ ਆਈ ਜਗਤਾਰ ਸਿੰਘ, ਹੌਲਦਾਰ ਜਸ਼ਨਦੀਪ ਕੌਰ, ਸਿਪਾਹੀ ਰੀਤੂ ਰਾਣੀ ਆਦਿ ਹਾਜ਼ਰ ਸਨ।