ਲੋਹੜੀ ਦੀ ਇਤਿਹਾਸਕ ਮੌਕਿਆਂ ਸਮੇਂ ਕਿਸਾਨ ਅੰਦੋਲਨ ਦੀ ਸੁਰ ਭਾਰੂ ਰਹੀ
ਲੋਹੜੀ ਦੀ ਇਤਿਹਾਸਕ ਮੌਕਿਆਂ ਸਮੇਂ ਕਿਸਾਨ ਅੰਦੋਲਨ ਦੀ ਸੁਰ ਭਾਰੂ ਰਹੀ
- 21 ਜਨਵਰੀ ਜੁਝਾਰ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਵੋ-ਧਨੇਰ
ਸੋਨੀ ਪਨੇਸਰ,ਬਰਨਾਲਾ,14 ਜਨਵਰੀ 2022
ਲੋਹੜੀ ਦੇ ਪਵਿੱਤਰ ਇਤਿਹਾਸਕ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 21 ਜਨਵਰੀ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ‘ਜੁਝਾਰ ਰੈਲੀ ‘ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦਾ ਮੁੱਦਾ ਪੂਰੀ ਤਰ੍ਹਾਂ ਛਾਇਆ ਰਿਹਾ। ਭਾਕਿਯੂੂ ਏਕਤਾ ਡਕੌਂਦਾ ਦੀਆਂ ਆਗੂ ਟੀਮਾਂ ਆਪਣੇ ਪਰਿਵਾਰਾਂ ਦੇ ( ਲੜਕੇ-ਲੜਕੀਆਂ) ਦੇ ਜਨਮ ਮੌਕੇ ਖੁਸ਼ੀਆਂ ਵਿੱਚ ਸ਼ਾਮਿਲ ਹੋਈਆਂ। ਪਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਬਲਵੰਤ ਉੱਪਲੀ,ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ, ਜੁਗਰਾਜ ਹਰਦਾਸਪੁਰਾ, ਬਾਬੂ ਸਿੰਘ ਖੁੱਡੀਕਲਾਂ ਅਤੇ ਕੁਲਵੰਤ ਭਦੌੜ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਦੁੱਲਾ ਭੱਟੀ ਦੀ ਵੀਰਗਾਥਾ ਨਾਲ ਜੋੜਕੇ ਵੇਖਿਆਂ ਵਧੇਰੇ ਸਾਰਥਿਕ ਹੈ। ਦੁੱਲੇ ਭੱਟੀ, ਉਸ ਦੇ ਬਾਪ, ਦਾਦਾ ਦੀ ਸ਼ਹਾਦਤ ਸਮੇਂ ਦੇ ਬਾਬਰਾਂ ਦੀ ਜਬਰ, ਲੁੱਟ ਖਿਲਾਫ਼ ਜੂਝਣ ਦਾ ਸ਼ਾਨਾਮੱਤਾ ਪੰਨਾ ਹੈ। ਸਦੀਆਂ ਬੀਤ ਜਾਣ ਬਾਅਦ ਵੀ ਦੁੱਲੇ ਭੱਟੀ ਦੀ ਸ਼ਹਾਦਤ ਮੌਜੂਦਾ ਮੋਦੀ ਹਕੂਮਤ ਦੀਆਂ ਕਿਸਾਨ-ਮਜਦੂਰ ਲੋਕ ਵਿਰੋਧੀ ਨੀਤੀਆਂ ਖਿਲਾਫ਼ ਜੂਝਣ ਲਈ ਰਾਹ ਦਰਸਾਵਾ ਬਣੀ ਹੋਈ ਹੈ। ਜੇਕਰ ਦੁੱਲੇ ਭੱਟੀ ਦੇ ਬਾਪ ਦਾਦਾ ਨੇ ਅਕਬਰ ਦੀ ਕਿਸਾਨਾਂ ਕੋਲੋਂ ਜਬਰੀ ਲਗਾਨ ਵਸੂਲੀ ਖਿਲਾਫ਼ ਬਗਾਵਤ ਦਾ ਝੰਡਾ ਚੁੱਕਿਆ ਤਾਂ ਮੌਜੂਦਾ ਸਮੇਂ ਮੋਦੀ ਹਕੂਮਤ ਨੇ ਸਾਮਰਾਜੀ ਲੁਟੇਰੀਆਂ ਸੰਸਥਾਵਾਂ ਦੀਆਂ ਨੀਤੀ ਲਾਗੂ ਕਰਦਿਆਂ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਸਾਡੀਆਂ ਜਮੀਨਾਂ ਹੀ ਅਡਾਨੀਆਂ-ਅੰਬਾਨੀਆਂ ਦੇ ਹਵਾਲੇ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਸੀ। ਮੋਦੀ ਹਕੂਮਤ ਦਾ ਇਹ ਹੱਲਾ ਸਮੁੱਚੇ ਪੇਂਡੂ ਸੱਭਿਆਚਾਰ ਨੂੰ ਉਜਾੜਨ ਲਈ ਸੀ। ਇਸ ਨਾਲ ਕਿਸਾਨਾਂ ਦੇ ਨਾਲ-ਨਾਲ ਹਰ ਤਬਕੇ ਨੇ ਬੁਰੀ ਤਰ੍ਹਾਂ ਪਰਭਾਵਿਤ ਹੋਣਾ ਸੀ। ਇਸੇ ਲਈ ਦੁੱਲੇ ਭੱਟੀ ਦੇ ਵਾਰਸਾਂ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਦਾ ਮੁੱਢ ਬੰਨਦਿਆਂ ਇਸ ਦਾ ਘੇਰਾ ਮੁਲਕ ਪੱਧਰ ਤੇ ਫੈਲਾਇਆ। ਇਸ ਅੰਦੋਲਨ ਵਿੱਚ ਵੀ ਤਿੰਨ ਪੀੜੀਆਂ ਬੁੱਢੇ, ਨੌਜਵਾਨ, ਬੱਚੇ ਪੂਰੀ ਸਿੱਦਤ ਨਾਲ ਕੁੱਦੇ। ਮੋਦੀ ਹਕੂਮਤ ਦੀ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ, ਪਾੜਨ ਖਿੰਡਾਉਣ ਦੀ ਹਰ ਸਾਜਿਸ਼ ਦਾ ਸੂਝਵਾਨ ਲੀਡਰਸ਼ਿਪ ਦੀ ਅਗਵਾਈ ਹੇਠ ਅੱਗੇ ਵਧਾਇਆ। ਇਸ ਕਿਸਾਨ ਅੰਦੋਲਨ ਵਿੱਚ ਔਰਤਾਂ ਖਾਸ ਕਰ ਕਿਸਾਨ ਔਰਤਾਂ ਦੇ ਪੂਰਾਂ ਦੇ ਪੂਰਾਂ ਦੀ ਅਹਿਮ ਭੂਮਿਕਾ ਰਹੀ ਹੈ। ਇਸ ਸਮੁੱਚੇ ਸੰਗਮ ਨੇ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕੀਤਾ ਹੈ। ਆਗੂਆਂ ਨੇ ਪਰਿਵਾਰਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੁੰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕੇਂਦਰੀ ਅਤੇ ਸੂਬਾਈ ਹਕਮਤਾਂ ਖਿਲਾਫ਼ ਵਿਧਾਨ ਸਭਾ ਚੋਣਾਂ ਸਮੇਂ ਆਪਣੇ ਕਾਡਰ ਨੂੰ ਕਿਸੇ ਸਿਆਸੀ ਪਾਰਟੀ ਦੇ ਛਕੜੇ ਵਿੱਚ ਸਵਾਰ ਹੋਣ ਦੀ ਥਾਂ ਸੰਘਰਸ਼ ਦਾ ਸੂਹਾ ਪਰਚਮ ਬੁਲੰਦ ਰੱਖਣ ਲਈ 21ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ‘ਜੁਝਾਰ ਰੈਲੀ ‘ ਵਿੱਚ ਪਰਿਵਾਰਾਂ ਸਮੇਤ ਕਾਫ਼ਲੇ ਬੰਨ੍ਹ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ।