ਲੋਕ ਹੱਕਾਂ ਲਈ ਜੂਝਣ ਵਾਲੇ ਆਗੂ ਨੇ ਸਾਥੀਆਂ ਸਣੇ ਚੁੱਕਿਆ ‘ਝਾੜੂ’
ਲੋਕ ਹੱਕਾਂ ਲਈ ਜੂਝਣ ਵਾਲੇ ਆਗੂ ਨੇ ਸਾਥੀਆਂ ਸਣੇ ਚੁੱਕਿਆ ‘ਝਾੜੂ’
ਅਸ਼ੋਕ ਵਰਮਾ,ਬਠਿੰਡਾ,2 ਫਰਵਰੀ2022
ਬਠਿੰਡਾ ਜਿਲ੍ਹੇ ਦੇ ਵੱਡੇ ਪਿੰਡ ਨਗਰ ਪੰਚਾਇਤ ਕੋਟਸ਼ਮੀਰ ’ਚ ਵਾਰਡ ਨੰਬਰ 4 ਤੋਂ ਕਾਂਗਰਸੀ ਕੌਂਸਲਰ ਅਤੇ ਹਮੇਸ਼ਾ ਲੋਕ ਹਿੱਤਾਂ ਖਾਤਰ ਮੋਹਰੀ ਹੋਕੇ ਲੜਾਈ ਲੜਨ ਵਾਲੇ ਆਗੂ ਜਸਕਰਨ ਸਿੰਘ ਕੋਟਸ਼ਮੀਰ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਤੋਂ ਤੰਗ ਆਕੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ ਹੈ। ਵਿਸ਼ੇਸ਼ ਤੱਥ ਹੈ ਕਿ ਜਸਕਰਨ ਸਿੰਘ ਦੇ ਨਾਲ ਹੋਰ ਵੀ ਸੈਂਕੜੇ ਲੋਕਾਂ ਨੇ ਅੱਜ ਸਿਆਸੀ ਸਫਾਈ ਲਈ ਝਾੜੂ ਚੁੱਕਿਆ ਜਿੰਨ੍ਹਾਂ ’ਚ ਵੱਡੀ ਗਿਣਤੀ ਪਿੰਡ ਦੇ ਵੱਖ ਵੱਖ ਪ੍ਰੀਵਾਰਾਂ ਦੇ ਬਜ਼ੁਰਗ ਵੀ ਸ਼ਾਮਲ ਹਨ। ਕੌਂਸਲਰ ਜਸਕਰਨ ਸਿੰਘ ਕੋਟਸ਼ਮੀਰ ਸਾਬਕਾ ਸਰਪੰਚ ਤੇ ਟਕਸਾਲੀ ਕਾਂਗਰਸੀ ਰੱਖਾ ਸਿੰਘ ਦਾ ਲੜਕਾ ਹੈ ਜੋ ਹੱਕਾਂ ਦੀ ਲੜਾਈ ਦੌਰਾਨ ਨਾਂ ਕਦੇ ਅੱਗੇ ਲਿਫਿਆ ,ਨਾਂ ਝਿਪਿੀਆ ਅਤੇ ਨਾਂ ਹੀ ਕਿਸੇ ਦੀ ਈਨ ਮੰਨੀ।
ਜਸਕਰਨ ਸਿੰਘ ਦੇ ਕਾਂਗਰਸ ਨਾਲੋਂ ਤੋੜ ਵਿਛੋੜੇ ਨੂੰ ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੂੰ ਲੱਗਿਆ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਜਸਕਰਨ ਸਿੰਘ ਪਿੰਡ ਦੀ ਸਹਿਕਾਰੀ ਸਭਾ ਦੇ ਸਕੱਤਰ ਸਨ ਜਿਸ ਦੇ ਨਾਲ ਨਾਲ ਪੰਜਾਬ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਪ੍ਰਧਾਨ ਵਜੋਂ ਮੁਲਾਜਮ ਹੱਕਾਂ ਅਤੇ ਕਿਸਾਨੀ ਮਸਲਿਆਂ ਲਈ ਅਹਿਮ ਯੋਗਦਾਨ ਪਾਇਆ। ਇਸ ਹੱਕੀ ਸੰਘਰਸ਼ ਦੌਰਾਨ ਜਸਕਰਨ ਸਿੰਘ ਨੂੰ ਕਈ ਵਾਰ ਆਪਣੇ ਸਾਥੀਆਂ ਸਾਹਿਤ ਜੇਲ੍ਹ ਵੀ ਜਾਣਾ ਪਿਆ ਅਤੇ ਪੁਲਿਸ ਦੀ ਕੁੱਟ ਵੀ ਪਿੰਡੇ ਤੇ ਹੰਢਾਉਣੀ ਪਈ ਹੈ। ਜਸਕਰਨ ਸਿੰਘ ਦੇ ਕਾਂਗਰਸ ਪਾਰਟੀ ਨਾਲ ਨਰਾਜ਼ ਹੋਣ ਦੀ ਚੁੰਝ ਚਰਚਾ ਤਾਂ ਲੰਘੇ ਸਾਲ ਦਸੰਬਰ ਦੇ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਸੀ ।
ਇਹ ਕਿਆਸਅਰਾਈਆਂ ਅੱਜ ਉਸ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਉਪਰੰਤ ਖਤਮ ਹੋ ਗਈਆਂ ਹਨ। ਇਸ ਸਬੰਧ ’ਚ ਰੱਖੇ ਇੱਕ ਭਰਵੇਂ ਸਮਾਗਮ ਦੌਰਾਨ ਬਠਿੰਡਾ ਦਿਹਾਤੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਰਤਨ ਪੁੱਜੇ ਜਿੰਨ੍ਹਾਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਹਰ ਦੁੱਖ ਸੁੱਖ ’ਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਮਸਲਾ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਖੇਤ ਮਜਦੂਰ ਅਤੇ ਬੇਜਮੀਨੇ ਕਾਸ਼ਤਕਾਰਾਂ ਦੇ ਮੁਆਫ ਕੀਤੇ ਕੀਤੇ ਕਰਜੇ ਦੇ ਚੈਕਾਂ ਨੂੰ ਲੈਕੇ ਵਿਗੜਿਆ ਸੀ। ਕਰਜਾ ਰਾਹਤ ਦੇ ਚੈਕ ਲਾਭਪਾਤਰੀ ਕਿਸਾਨਾਂ ਮਜ਼ਦੂਰਾਂ ਨੂੰ ਵੰਡਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਨੇ ਹਲਕਾ ਇੰਚਾਰਜਾਂ ਤੇ ਵਿਧਾਇਕਾਂ ਨੂੰ ਦਿੱਤੀ ਸੀ ।
ਬਠਿੰਡਾ ਦਿਹਾਤੀ ਹਲਕੇ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਪਿੰਡ ਕੋਟਸ਼ਮੀਰ ’ਚ ਲਾਭਪਾਤਰੀ ਕਿਸਾਨਾਂ ਮਜਦੂਰਾਂ ਨੂੰ ਚੈਕ ਵੰਡੇ ਸਨ। ਲਾਭਪਾਤਰੀ ਇੰਨ੍ਹਾਂ ਚੈਕਾਂ ਨੂੰ ਹੱਥਾਂ ’ਚ ਲੈਕੇ ਬੈਂਕਾਂ ’ਚ ਤਰਲੇ ਕੱਢਦੇ ਰਹੇ ਪਰ ਜਦੋਂ ਕਾਫੀ ਦਿਨ ਚੈਕ ਪਾਸ ਨਾਂ ਹੋਏ ਤਾਂ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਲਾਭਪਾਤਰੀਆਂ ਦੀ ਪਿੱਠ ਤੇ ਆ ਗਈ। ਸਹਿਕਾਰੀ ਯੂਨੀਅਨ ਦੇ ਵਫਦ ਨੇ ਜਸਕਰਨ ਸਿੰਘ ਕੋਟਸ਼ਮੀਰ ਦੀ ਅਗਵਾੲਂ ਹੇਠ ਬੈਂਕ ਪ੍ਰਬੰਧਕਾਂ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦੇ ਦਿੱਤੀ। ਸੂਤਰ ਦੱਸਦੇ ਹਨ ਕਿ ਇਸ ਨੂੰ ਆਪਣੀ ਹੇਠੀ ਸਮਝਦਿਆਂ ਕਾਂਗਰਸ ਦੇ ਇੱਕ ਵੱਡੇ ਆਗੂ ਦੇ ਕਥਿਤ ਇਸ਼ਾਰੇ ਤਹਿਤ ਜਸਕਰਨ ਸਿੰਘ ਨੂੰ ਇੱਕ ਝੂਠੇ ਪੁਲਿਸ ’ਚ ਕੇਸ ’ਚ ਫਸਾ ਦਿੱਤਾ ਗਿਆ।
ਹਾਲਾਂਕਿ ਜਸਕਰਨ ਸਿੰਘ ਨੂੰ ਇਸ ਮਾਮਲੇ ’ਚ ਕੁੱਝ ਦਿਨ ਜੇਲ੍ਹ ਵੀ ਜਾਣਾ ਅਤੇ ਅਦਾਲਤੀ ਪ੍ਰਕਿਰਿਆ ਵਿੱਚੋਂ ਵੀ ਗੁਜ਼ਰਨਾ ਪਿਆ ਪਰ ਉਸ ਨੇ ਈਨ ਨਹੀਂ ਮੰਨੀ। ਹੁਣ ਜਦੋਂ ਚੋਣਾਂ ਆ ਗਈਆਂ ਤਾਂ ਕੋਟਸ਼ਮੀਰ ਦੇ ਕਈ ਵੱਡੇ ਪ੍ਰੀਵਾਰਾਂ ਜਿੰਨ੍ਹਾਂ ਨੂੰ ‘ਲਾਣਿਆਂ ’ ਵਜੋਂ ਜਾਣਿਆ ਜਾਂਦਾ ਹੈ ਤਾਂ ਉਨ੍ਹਾਂ ਝਾੜੂ ਚੁੱਕਕੇ ਕਾਂਗਰਸ ਨੂੰ ਝਟਕਾ ਦਿੱਤਾ ਹੈ। ਜਸਕਰਨ ਸਿੰਘ ਨੇ ਆਪ ਉਮੀਦਵਾਰ ਅਮਿਤ ਰਤਨ ਕੋਟਫੱਤਾ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਜਿੱਤ ਲਈ ਉਹ ਦਿਨ ਰਾਤ ਇਕ ਕਰ ਦੇਣਗੇ। ਜਸਕਰਨ ਸਿੰਘ ਸੈਕਟਰੀ ਦੀ ਪ੍ਰੇਰਨਾ ਨਾਲ ਆਮ ਆਦਮੀ ਪਾਰਟੀ ’ਚ ਨਾਲ ਜੁੜਨ ਵਾਲਿਆਂ ਸੋਹਣੇ ਕਾ ਲਾਣਾ,ਭੋਲੇ ਕਾ ਲਾਣਾ ,ਮੋਹਨ ਕਾ ਲਾਣਾ,ਸਿੱਖਣੀ ਕਾ ਲਾਣਾ, ਨਾਜ਼ਰ ਕਾ ਲਾਣਾ ,ਗਾਰੀ ਕਾ ਲਾਣਾ ਅਤੇ ਸਿੱਖਾਂ ਦਾ ਲਾਣਾ ਸ਼ਾਮਲ ਹਨ।