ਲੋਕ ਜੀਵਨ ਦੀ ਗੱਲ, ਲੋਕ ਬੋਲੀ ਵਿਚ ਕਰਦੀਆਂ ਕਵਿਤਾਵਾਂ ਅਤੇ ਜੀਵਨ ਦਾ ਯਥਾਰਥਦ ਚਿਤਰ ,ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ “ਪਾਰਦਰਸ਼ੀ”
ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਪਾਰਦਰਸ਼ੀ: ਪ੍ਰਾਪਤੀ ਭਰਪੂਰ ਰਚਨਾ
ਡਾ. ਸੁਰਿੰਦਰ ਗਿੱਲ ਮੋਹਾਲੀ
ਗੁਰਭਜਨ ਗਿੱਲ ਪੰਜਾਬੀ ਸੰਸਾਰ ਵਿਚ ਜਾਣਿਆ ਪਹਿਚਾਣਿਆ ਸਾਹਿੱਤਕ ਹਸਤਾਖ਼ਰ ਹੈ। ਉਹ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਨਿਰੰਤਰ ਯੋਗਦਾਨ ਪਾਉਂਦਾ ਰਹਿੰਦਾ ਹੈ। ਅੱਜ ਸਾਡੇ ਹੱਥਾਂ ਵਿਚ ਗੁਰਭਜਨ ਗਿੱਲ ਰਚਿਤ ਕਾਵਿ ਸੰਗ੍ਰਹਿ ‘ਪਾਰਦਰਸ਼ੀ’ ਦਾ ਦੂਜਾ ਸੰਸਕਰਣ ਹੈ।ਜਿਸ ਨੂੰ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।
ਇਸ ਸੰਗ੍ਰਹਿ ਵਿਚ ਗੁਰਭਜਨ ਗਿੱਲ ਦੇ ਕਾਵਿ ਅਨੁਭਵ ਵਿਚੋਂ ਪੂਰੀਆਂ ਇਕਾਹਠ ਕਵਿਤਾਵਾਂ ਅਤੇ ਬਾਰਾਂ ਗ਼ਜ਼ਲਾਂ ਸੰਕਲਿਤ ਹਨ।
ਗੁਰਭਜਨ ਗਿੱਲ ਸਾਧਾਰਨ ਜੀਵਨ ਵਿਚੋਂ ਪ੍ਰਾਪਤ ਤੱਤਸਾਰ ਅਨੁਭਵ ਨੂੰ ਕਾਵਿ ਰੂਪ ਢਾਲਣ ਅਤੇ ਵਿਅਕਤ ਕਰਨ ਦਾ ਮਾਹਿਰ ਹੈ।ਇਸ ਸੰਗ੍ਰਹਿ ਦੀ ਮੁੱਖ ਕਵਿਤਾ ਪਾਰਦਰਸ਼ੀ (ਪੰਨਾ 23-28) ਸਾਡੇ ਇਸ ਕਥਨ ਦੀ ਸਾਖ਼ਸ਼ਾਤ ਗਵਾਹੀ ਹੈ।
ਉਪਰੋਕਤ ਕਵਿਤਾ ਵਿਚ ਇੱਕ ਸਾਧਾਰਨ ਪੰਜਾਬਣ ਮੁਟਿਆਰ ਦੇ ਜੀਵਨ, ਉਸਦੇ ਦੱਬੇ ਘੁੱਟੇ ਵਲਵਲੇ, ਕਿਸੇ ਅਨੋਖੇ ਭੈਅ ਦਾ ਅਨੁਭਵ ਅਤੇ ਪ੍ਰਸਥਿਤੀਆਂ ਕਾਰਨ ਉਸਦਾ ਚੁੱਪ ਤੇ ਅਬੋਲ ਹੋ ਜਾਣਾ ਅਤੇ ਮੂੰਹੋਂ ਕੁਝ ਵੀ ਨਾ ਕਹਿਣ ਨੂੰ ਗੁਰਭਜਨ ਗਿੱਲ ਨੇ ਅਨੂਠੇ ਢੰਗ ਨਾਲ ਚਿਤਰਿਆ ਹੈ।
ਅਸਲ ਵਿਚ ‘ਪਾਰਦਰਸ਼ੀ’ ਦੀ ਨਾਇਕਾ ਕੋਈ ਇਕ ਕੁੜੀ ਨਹੀਂ ,ਸਗੋਂ ਪੰਜਾਬ ਦੇ ਪਿੰਡਾਂ ਕਸਬਿਆਂ ਵਿਚ ਵਸਦੀਆਂ ਬਹੁਗਿਣਤੀ ਕੁੜੀਆਂ ਦੀ ਯਥਾਰਥਕ ਕਹਾਣੀ ਹੈ:
ਉਸ ਕੁੜੀ ਨੂੰ
ਬੋਲਣ ਤੋਂ ਕਿਉਂ ਡਰ ਲਗਦਾ ਹੈ
ਸ਼ਬਦਾਂ ਨੂੰ ਨਾ ਦਰਦ ਸੁਣਾਵੇ
ਅੰਦਰੋਂ ਅੰਦਰ ਝੁਰਦੀ ਖੁਰਦੀ ਭੁਰਦੀ ਜਾਵੇ।
ਖਿੱਤੀਆਂ ਤਾਰੇ ਬੇਇਤਬਾਰੇ
ਤੋੜ ਤੋੜ ਬੁੱਕਲ ਵਿਚ ਭਰਦੀ
ਬੜੇ ਸਾਂਭਦੀ ਚੰਦਰਮਾ ਸੰਗ ਖਹਿੰਦੀ
ਮੂੰਹੋਂ ਕੁਝ ਨਾ ਕਹਿੰਦੀ….।
ਕੁੱਲ ਦੁਨੀਆਂ ਤੋਂ ਬਿਲਕੁਲ ਵੱਖਰੀ
ਜੀਕੂੰ ਅਣਲਿਖੀਆਂ ਕਵਿਤਾਵਾਂ
ਨਿਰਮਲ ਜਲ ਵਿਚ ਘੁਲੀ ਚਾਨਣੀ
ਝੀਲ ਬਲੌਰੀ
ਵਿਚ ਘੁਲਿਆ ਪਰਛਾਵਾਂ।
(ਪੰਨਾ 23-24)
ਗੁਰਭਜਨ ਗਿੱਲ ਰਚਿਤ ਇਹ ਲੰਮੀ ਕਵਿਤਾ, ਸ਼ਬਦ ਚਿਤਰਨ ਦੇ ਨਾਲ ਨਾਲ ਭਾਵ-ਚਿਤਰ ਪੇਸ਼ ਕਰਨ ਵਿਚ ਵੀ ਅਨੂਠੀ ਅਤੇ ਸ਼ਕਤੀਸ਼ਾਲੀ ਰਚਨਾ ਹੈ।
ਗੁਰਭਜਨ ਗਿੱਲ ਦੀ ਲਿਖਤ ਅਨੁਸਾਰ:
ਜਗਮਗ ਜਗਮਗ ਜਗਦੇ
ਦੋ ਨੈਣਾਂ ਦੇ ਦੀਵੇ।
ਚੰਨ ਤੇ ਸੂਰਜ ਵੇਖ ਵੇਖ
ਹੁੰਦੇ ਨੇ ਖੀਵੇ।
ਹਿੱਕ ਦੇ ਅੰਦਰ ਕਿੰਨਾ ਕੁਝ,
ਆਕਾਰ ਨਾ ਧਾਰੇ।
ਸ਼ਬਦ ਸ਼ਕਤੀਆਂ ਤੋਂ ਬਿਨ
ਹੌਕੇ ਬਣੇ ਵਿਚਾਰੇ।
(ਪੰਨਾ 27)
ਪੰਜਾਬ ਦੀ ਸਾਧਾਰਣ ਪੇਂਡੂ ਕੁੜੀ ਦਾ ਯਥਾਰਥਕ ਚਿਤਰ ਪੇਸ਼ ਕਰਨ ਉਪਰੰਤ ਕਵੀ ਗੁਰਭਜਨ ਗਿੱਲ ਸ੍ਵੈ ਨੂੰ ਸੰਬੋਧਨ ਹੁੰਦਾ ਹੋਇਆ ਆਧੁਨਿਕ, ਕਲਿਆਣਕਾਰੀ ਅਤੇ ਕ੍ਰਾਂਤੀਕਾਰੀ ਆਵਾਜ਼ ਮਾਰਦਾ ਹੈ:
‘‘ਜੀਣ ਜੋਗੀਏ`
ਸੁਪਨੇ ਨੂੰ ਆਕਾਰ
ਜੋ ਬੋਲਣ ਤੋਂ ਵਰਜੇ,
ਦੁਸ਼ਮਣ ਮਾਰ ਤਾਂ ਦੇਹ
ਕਦੋਂ ਕਹੇਂਗੀ
ਮੈਨੂੰ ਤਾਂ ਇਹ ਧਰਤੀ ਸਾਰੀ
ਭਰਿਆ ਭਰਿਆ ਘਰ ਲੱਗਦਾ ਹੈ।
ਵੇ ਵੀਰਾ ਵੇ ਜੀਣ ਜੋਗਿਆ,
ਸਾਥ ਦਏਂ ਤਾਂ
ਤੇਰੇ ਹੁੰਦਿਆਂ ਸੁੰਦਿਆਂ ਏਥੇ,
ਹੁਣ ਨਾ ਮੈਨੂੰ ਬੋਲਣ ਲੱਗਿਆਂ
ਡਰ ਲਗਦਾ ਹੈ।’’
ਪਾਰਦਰਸ਼ੀ 28
ਯਥਾਰਥਕਤਾ, ਭਾਵਨਾਤਮਿਕਤਾ ਅਤੇ ਪ੍ਰਗਤੀਸ਼ੀਲਤਾ ਦੇ ਸਾਂਝੇ ਰੰਗਾਂ ਵਿਚ ਰੰਗੀ ਇਹ ਕਵਿਤਾ ਪੜ੍ਹ ਕੇ ਕੌਣ ਕਹੇਗਾ ਕਿ ਆਧੁਨਿਕ ਪੰਜਾਬੀ ਕਾਵਿ ਨਿਰਾਸ਼ਵਾਦ ਵੱਲ ਜਾ ਰਹੀ ਹੈ –
ਇਸ ਸੰਗ੍ਰਹਿ ਵਿਚ ਕੁਝ ਅਤਿ ਨਿੱਕੀਆਂ ਕਵਿਤਾਵਾਂ ਵੀ ਸੰਕਲਿਤ ਹਨ। ਇਨ੍ਹਾਂ ਨਿੱਕੀਆਂ ਕਵਿਤਾਵਾਂ ਵਿਚ ਵੀ ਕਵੀ ਆਪਣੇ ਨਿਵੇਕਲੇ ਰੰਗ ਵਿਚ ਨਜ਼ਰ ਆਉਂਦਾ ਹੈ।
ਇਹ ਕਵਿਤਾ ਹੈ:
ਕਾਹਲੀ ਕਾਹਲੀ
ਕਾਹਲੀ ਕਾਹਲੀ
ਤੁਰਨ ਵਾਲਿਓ
ਅੱਗੇ ਲੰਘ ਕੇ
ਬਿਲਕੁਲ ਕੱਲ੍ਹੇ ਰਹਿ ਜਾਓਗੇ।
ਫਿਰ ਨਾ ਕਹਿਣਾ
ਕੋਈ ਨਾ ਏਥੇ ਭਰੇ ਹੁੰਗਾਰਾ।
ਪੰਨਾ 68
ਪਾਰਦਰਸ਼ੀ ਦਾ ਰਚੈਤਾ ਭਾਵੇਂ ਪੰਜਾਬ ਵਿਚ ਹੀ ਵੱਸਦਾ ਹੈ ਪਰ ਉਸਨੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿਖੇ ਪਰਵਾਸ ਭੋਗਦੇ, ਪੰਜਾਬੀਆਂ ਦੇ ਜੀਵਨ, ਦੁੱਖਾਂ, ਦਰਦਾਂ ਨੂੰ ਦੇਖਿਆ ਜਾਣਿਆਂ ਅਤੇ ਅਨੁਭਵ ਕੀਤਾ ਹੈ। ਉਸ ਅਨੁਭਵ ਨੂੰ ਉਸਨੇ ਕਾਵਿ ਸਰੂਪ ਦਿੱਤਾ ਹੈ। ਆਪਣੇ ਦੇਸ, ਆਪਣੇ ਘਰਾਂ, ਪਿੰਡਾਂ ਅਤੇ ਸ਼ਹਿਰਾਂ ਤੋਂ ਦੂਰ ਵੱਸਦੇ ਪੰਜਾਬੀਆਂ ਦਾ ਭੂ ਹੇਰਵਾ,ਉਦਾਸੀ, ਓਪਰੇਪਨ ਦੇ ਅਹਿਸਾਸ ਅਤੇ ਮਾਤਾ ਪਿਤਾ ਅਤੇ ਪਰਵਾਰਕ ਸਾਝਾਂ ਦੀਆਂ ਯਾਦਾਂ ਨੂੰ ਭਲੀ ਭਾਂਤ ਚਿਤਰਿਆ ਹੈ।
ਘਰ ਨੂੰ ਮੁੜ ਆ’ (72), ਹਵਾਈ ਜਹਾਜ ਵਿਚ ਸਫ਼ਰ (73-74), ਲਾਸ ਵੇਗਾਸ ’ਚ (75-76), ਮੇਰਾ ਬਾਬਲ ਅੱਜ (77-78) ਆਦਿ ਕਵਿਤਾਵਾਂ ਪਰਵਾਸੀ ਅਨੁਭਵ ਦੀਆਂ ਕਵਿਤਾਵਾਂ ਹਨ।
ਪਾਰਦਰਸ਼ੀ ਵਿਚ ਸੰਕਲਿਤ ਕੁਝ ਕੁਝ ਕਵਿਤਾਵਾਂ ਵਿਅਕਤੀ ਵਿਸ਼ੇਸ਼ ਵਿਅਕਤੀ ਕਾਵਿ ਚਿਤਰ ਹਨ।
ਇਸ ਭਾਂਤ ਦੀਆਂ ਕਵਿਤਾਵਾਂ ਵਿਚ ‘ਇਨਕਲਾਬ ਦਾ ਪਾਂਧੀ’ (ਗੁਰਸ਼ਰਨ ਸਿੰਘ ਭਾਅ ਜੀ) ਇਹ ਤਾਂ ਜੋਤ ਨਿਰੰਤਰ (ਬਾਬਾ ਬੁੱਧ ਸਿੰਘ ਢਾਹਾਂ) ਗੁਰੂ ਦਾ ਪੂਰਨ ਸਿੰਘ (ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ), ਸ਼ਬਦ ਚੇਤਨਾ ਦਾ ਵਣਜਾਰਾ (ਡਾ- ਪ੍ਰੇਮ ਪ੍ਰਕਾਸ਼ ਸਿੰਘ, ਭਾਸ਼ਾ ਵਿਗਿਆਨੀ) ਆਦਿ ਕਵਿਤਾਵਾਂ ਸੰਕਲਿਤ ਹਨ। ਵਿਅਕਤੀ ਕੇਂਦਰਿਤ ਹੋਣ ਕਾਰਨ ਅਤੇ ਸ਼ਰਧਾ ਯੁਕਤ ਇਹ ਕਵਿਤਾਵਾਂ, ਸਾਹਿੱਤਕ ਰੰਗਣ ਦੇ ਹੁੰਦਿਆਂ ਵੀ ਆਮ ਜੇਹੀਆਂ ਬਣ ਕੇ ਰਹਿ ਗਈਆਂ ਹਨ। ਭਗਤ ਪੂਰਨ ਸਿੰਘ ਦੀ ਸੇਵਾ ਅਤੇ ਲਗਨ ਦਾ ਵਰਣਨ ਕਰਦਾ ਕਵੀ ਕੁਝ ਜ਼ਿਆਦਾ ਹੀ ਸ਼ਰਧਾਵਾਦੀ ਹੋ ਗਿਆ ਜਾਪਦਾ ਹੈ ਅਤੇ ਕਈ ਅਤਿ ਕਥਨੀ ਅਲੰਕਾਰਾਂ ਦੀ ਵਰਤੋਂ ਕਰਦਾ ਹੈ।
ਇਸ ਸੰਗ੍ਰਹਿ ਵਿਚ ਗੁਰਭਜਨ ਰਚਿਤ ਬਾਰਾਂ ਗ਼ਜ਼ਲਾਂ ਵੀ ਸੰਕਲਿਤ ਹਨ। ਗੁਰਭਜਨ ਨੇ ਗ਼ਜ਼ਲ ਰਚਨਾ ਸਬੰਧੀ ਪਿੰਗਲ ਅਤੇ ਅਰੂਜ਼ ਨੂੰ ਸਮਝਿਆ ਅਤੇ ਗੰਭੀਰਤਾ ਨਾਲ ਗ਼ਜ਼ਲ ਰਚਨਾ ਕੀਤੀ ਹੈ। ਗੁਰਭਜਨ ਗਿੱਲ ਰਚਿਤ ਗ਼ਜ਼ਲਾਂ ਕੇਵਲ ਮਨ ਪਰਚਾਵੇ ਦਾ ਸਾਧਨ ਮਾਤਰ ਨਾ ਹੋ ਕੇ ਲੋਕ ਜੀਵਨ ਦੀ ਗੱਲ, ਲੋਕ ਬੋਲੀ ਵਿਚ ਕਰਦੀਆਂ ਅਤੇ ਜੀਵਨ ਦਾ ਯਥਾਰਥਦ ਚਿਤਰ ਪੇਸ਼ ਕਰਦੀਆਂ ਹਨ। ਉਸਦੇ ਕਈ ਕਈ ਸ਼ਿਅਰ ਜੀਵਨ ਦਾ ਤਤਸਾਰ ਪ੍ਰਗਟ ਕਰਦੇ ਹੋਏ ਕੋਈ ਸਾਰਥਕ ਸੁਨੇਹਾ, ਕੋਈ ਲਲਕਾਰ ਅਤੇ ਕੋਈ ਵੰਗਾਰ ਬਣ ਜਾਂਦੇ ਹਨ:
‘‘ਬਿਨਾ ਗੋਡੀਆਂ ਤੋਂ ਡੋਡੀਆਂ ਨਾ ਫੁੱਲ ਪੱਤੀਆਂ
ਏਦਾਂ ਬੈਠੇ ਬੈਠੇ ਆਉਣੀ ਨਹੀਂਓ ਵਿਹੜੇ ’ਚ ਬਹਾਰ।’’
(ਪੰਨਾ 117)
ਪੰਜਾਬ ਦੀ ਸਾਧਾਰਣ ਪੇਂਡੂ ਕੁੜੀ ਦਾ ਯਥਾਰਥਕ ਚਿਤਰ ਪੇਸ਼ ਕਰਨ ਉਪਰੰਤ ਕਵੀ ਗੁਰਭਜਨ ਗਿੱਲ ਖ਼ੁਦ ਉਸਨੂੰ ਸੰਬੋਧਨ ਹੁੰਦਾ ਹੋਇਆ ਆਧੁਨਿਕ, ਕਲਿਆਣਕਾਰੀ ਇਹ ਕ੍ਰਾਂਤੀਕਾਰੀ ਆਵਾਜ਼ ਮਾਰਦਾ ਹੈ:
ਏਹੋ ਸੋਚਾਂ,
ਏਸ ਪਰਬਤੋਂ, ਗੰਗਾ ਯਮੁਨਾ ਕਿਉਂ ਨਹੀਂ ਲਹਿੰਦੀ?
ਪੀੜ ਪਿਘਲ ਕੇ ਪੱਥਰਾਂ ਦੇ ਸੰਗ ਕਿਉਂ ਨਹੀਂ ਖਹਿੰਦੀ?
ਅੰਬਰ ਦੇ ਵਿਚ ਉੱਡਦੀ ਥੱਲੇ ਕਿਉਂ ਨਹੀਂ ਲਹਿੰਦੀ?
ਆਲ-ਦੁਆਲ਼ੇ ਵਲਗਣ ਕਿਉਂ ਹੈ ਵਲਦੀ ਰਹਿੰਦੀ?
ਇਸ ਨੂੰ ਆਖੋ,
ਇਹ ਸ਼ਬਦਾਂ ਦਾ ਸੰਗ ਕਰੇ।
ਜਿੱਥੇ ਜਿੱਥੇ ਕੋਰੀ ਧਰਤੀ, ਰੰਗ ਭਰੇ।
ਸ਼ਬਦ ਵਿਹੂਣੀ ਜ਼ਿੰਦਗੀ
ਮਾਂਗ ਸੰਧੂਰ ਭਰੇ।
ਚੁੱਪ ਨੂੰ ਤੋੜੇ,
ਜ਼ਿੰਦਗੀ ਨੂੰ ਭਰਪੂਰ ਕਰੇ।
ਇਸ ਨੂੰ ਆਖੋ
ਜੀਣ ਜੋਗੀਏ!
ਸੁਪਨੇ ਨੂੰ ਆਕਾਰ ਤਾਂ ਦੇਹ।
ਜੋ ਬੋਲਣ ਤੋਂ ਵਰਜੇ,
ਦੁਸ਼ਮਣ ਮਾਰ ਤਾਂ ਦੇਹ।
ਸਦੀਆਂ ਤੋਂ ਬੋਲਣ ਤੋਂ ਡਰਦੀ,
ਡਰਦੀ ਮਾਰੀ, ਹਰ ਹਰ ਕਰਦੀ,
ਕਦੋਂ ਕਹੇਗੀ?
ਮੈਨੂੰ ਤਾਂ ਇਹ ਧਰਤੀ ਸਾਰੀ,
ਭਰਿਆ ਭਰਿਆ ਘਰ ਲੱਗਦਾ ਹੈ।
ਵੇ ਵੀਰਾ ਵੇ ਜੀਣ ਜੋਗਿਆ,
ਸਾਥ ਦਏਂ ਤਾਂ
ਤੇਰੇ ਹੁੰਦਿਆਂ ਸੁੰਦਿਆਂ ਏਥੇ,
ਹੁਣ ਨਾ ਮੈਨੂੰ ਬੋਲਣ ਲੱਗਿਆਂ
ਡਰ ਲੱਗਦਾ ਹੈ।
ਪਾਰਦਰਸ਼ੀ 28
ਯਥਾਰਥਕਤਾ, ਭਾਵਨਾਤਮਿਕਤਾ ਅਤੇ ਪ੍ਰਗਤੀਸ਼ੀਲਤਾ ਦੇ ਸਾਂਝੇ ਰੰਗਾਂ ਵਿਚ ਰੰਗੀ ਇਹ ਕਵਿਤਾ ਪੜ੍ਹ ਕੇ ਕੌਣ ਕਹੇਗਾ ਕਿ ਆਧੁਨਿਕ ਪੰਜਾਬੀ ਕਾਵਿ ਨਿਰਾਸ਼ਵਾਦ ਵੱਲ ਜਾ ਰਹੀ ਹੈ –
ਇਸ ਸੰਗ੍ਰਹਿ ਵਿਚ ਕੁਝ ਅਤਿ ਨਿੱਕੀਆਂ ਕਵਿਤਾਵਾਂ ਵੀ ਸੰਕਲਿਤ ਹਨ। ਇਨ੍ਹਾਂ ਨਿੱਕੀਆਂ ਕਵਿਤਾਵਾਂ ਵਿਚ ਵੀ ਕਵੀ ਆਪਣੇ ਨਿਵੇਕਲੇ ਰੰਗ ਵਿਚ ਨਜ਼ਰ ਆਉਂਦਾ ਹੈ।
ਇਹ ਕਵਿਤਾ ਹੈ:
ਕਾਹਲੀ ਕਾਹਲੀ
ਕਾਹਲੀ ਕਾਹਲੀ ਤੁਰਨ ਵਾਲਿਓ
ਅੱਗੇ ਲੰਘ ਕੇ
ਬਿਲਕੁਲ ਕੱਲੇ ਰਹਿ ਜਾਓਗੇ।
ਫਿਰ ਨਾ ਕਹਿਣਾ ਕੋਈ ਨਾ ਏਥੇ ਭਰੇ ਹੁੰਗਾਰਾ।
ਪੰਨਾ 68
ਕਈ ਵਾਰ ਉਹ ਸ੍ਵੈ ਵਿਰੋਧੀ ਅਲੰਕਾਰ ਦੀ ਵਰਤੋਂ ਵੀ ਕਰਦਾ ਹੈ।
‘‘ਸ਼ਹਿਰ ਵਿਚ ਲੱਗ ਰਿਹਾ ਆਰੇ
ਤੇ ਆਰਾ,
ਅਜੇ ਵੀ ਪਿੰਡ ਨਿੰਮਾਂ ਲਾ ਰਿਹਾ ਹੈ।’’
(ਪੰਨਾ 119)
ਗੁਰਭਜਨ ਗਿੱਲ ਲੋਕਾਂ ਨੂੰ ਚੇਤੰਨ ਕਰਦਾ ਹੈ:
ਮਲਾਹੋ ਵਰਤਿਓ ਹੁਣ ਸਾਵਧਾਨੀ
ਸਮੁੰਦਰ ਫੇਰ ਖ਼ੌਰੂ ਪਾ ਰਿਹਾ ਹੈ।
(ਪੰਨਾ 119)
ਗੁਰਭਜਨ ਗਿੱਲ ਦੇ ਕਈ ਸ਼ਿਅਰ ਜੀਵਨ ਦੀਆਂ ਅਟੱਲ ਸਚਾਈਆਂ ਬਿਆਨ ਕਰ ਜਾਂਦੇ ਹਨ।
ਜਿਵੇਂ:
‘‘ਤੂੰ ਮੇਰੀ ਉਂਗਲੀ ਨਾ ਛੱਡੀਂ, ਸਦਾ ਹੁੰਗਾਰ ਦੇਂਦਾ ਰਹੀ ਤੂੰ,
ਨੈਣਾਂ ਵਿਚਲੇ ਤਲਖ਼ ਸਮੁੰਦਰ ਕੱਲ੍ਹਿਆਂ ਕਿੱਥੇ ਤਰ ਹੁੰਦੇ ਨੇ।
ਛੱਡ ਜਿਸਮਾਂ ਦੀ ਮਿੱਟੀ ਆ ਕੇ ਰੂਹ ਦੇ ਨੇੜੇ ਬੈਠ ਜ਼ਰਾ ਤੂੰ,
ਕਿਲ੍ਹੇ ਮੁਹੱਬਤ ਵਾਲੇ ਸੱਜਣਾ, ਏਸ ਤਰ੍ਹਾਂ ਹੀ ਸਰ ਹੁੰਦੇ ਨੇ।’’
(ਪੰਨਾ 122)
ਇਨ੍ਹਾਂ ਗ਼ਜ਼ਲਾਂ ਵਿਚਲੇ ਕੁਝ ਸ਼ਿਅਰ ਜੀਵਨ ਦੀਆਂ ਅਟੱਲ ਸੱਚਾਈਆਂ ਅਤੇ ਜੀਵਨ ਯਥਾਰਥ ਦੇ ਤਤਸਾਰ ਦਾ ਪ੍ਰਗਟਾ ਹਨ। ਉਦਾਹਰਣ ਹਿਤ:
‘‘ ਲੜਨਾ ਹੁੰਦੈ ਸੌਖਾ ਯਾਰੋ, ਜੰਗਲ ਚਾਰ ਚੁਫ਼ੇਰੇ ਨਾਲ।
ਸਭ ਤੋਂ ਔਖਾ ਹੁੰਦੈ ਲੜਨਾ ਆਪਣੇ ਮਨ ਦੇ ‘ਨੇਰ੍ਹੇ ਨਾਲ।
ਆਰੀ ਤੇਜ਼, ਕੁਹਾੜਾ ਤਿੱਖਾ, ਸਭ ਨੀਅਤਾਂ ਬਦਨੀਤ ਕਿਉਂ,
ਸਭ ਰੁੱਖਾਂ ਨੇ ਕੱਠਿਆਂ ਹੋ ਕੇ, ਸ਼ਿਕਵਾ ਕੀਤਾ ਮੇਰੇ ਨਾਲ।’’
(ਪੰਨਾ 125)
ਪਾਰਦਰਸ਼ੀ ਵਿਚ ਪ੍ਰਕਾਸ਼ਿਤ 61 ਕਵਿਤਾਵਾਂ ਅਤੇ 12 ਗ਼ਜ਼ਲਾਂ ਦਾ ਪਾਠ ਗੁਰਭਜਨ ਗਿੱਲ ਦੇ ਸੂਖਮ ਕਾਵਿ ਅਨੁਭਵ ਅਤੇ ਕਾਵਿ ਦ੍ਰਿਸ਼ਟੀ ਦੀ ਪ੍ਰਪੱਕਤਾ ਦੀ ਗਵਾਹੀ ਭਰਦਾ ਹੈ। ਉਸਦੀਆਂ ਕਵਿਤਾਵਾਂ ਜੀਵਨ ਪ੍ਰਤੀ ਉਸਦੀ ਸਮਝ, ਸਾਂਝ ਅਤੇ ਮੋਹ ਦਾ ਪ੍ਰਮਾਣ ਹਨ।
ਕੁਝ ਵਰ੍ਹਿਆਂ ਪਿੱਛੋਂ ਹੀ ਕਾਵਿ ਪੁਸਤਕ ਪਾਰਦਰਸ਼ੀ ਦਾ ਦੂਜਾ ਐਡੀਸ਼ਨ ਕਵੀ ਗੁਰਭਜਨ ਗਿੱਲ ਦੀ ਪਾਠਕਾਂ ਵਿੱਚ ਲੋਕ ਪ੍ਰਿਅਤਾ ਦਾ ਪ੍ਰਮਾਣ ਹੈ।
128 ਪੰਨਿਆਂ ਦੇ ਇਸ ਕਾਵਿ ਸੰਗ੍ਰਹਿ ਦਾ ਮੁੱਲ 200/- ਰੁਪਏ ਅਤੇ ਇਸਦੇ ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ ਹਨ।