ਲੋਕਾਂ ਦੇ ਬੁਨਿਆਦੀ ਮੁੱਦੇ ਉਭਾਰੇਗੀ ਬਰਨਾਲਾ ਦੀ ਲੋਕ- ਕਲਿਆਣ ਰੈਲੀ: ਉਗਰਾਹਾਂ
ਲੋਕਾਂ ਦੇ ਬੁਨਿਆਦੀ ਮੁੱਦੇ ਉਭਾਰੇਗੀ ਬਰਨਾਲਾ ਦੀ ਲੋਕ- ਕਲਿਆਣ ਰੈਲੀ: ਉਗਰਾਹਾਂ
ਰਘਬੀਰ ਹੈਪੀ,ਬਰਨਾਲਾ,16 ਫਰਵਰੀ 2022
ਅੱਜ਼ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ( ਏਕਤਾ – ਉਗਰਾਹਾਂ ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ 17 ਫਰਵਰੀ ਨੂੰ ਉਹਨਾਂ ਦੀ ਜਥੇਬੰਦੀ ਵੱਲੋਂ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਲੋਕ- ਕਲਿਆਣ ਰੈਲੀ ਅੰਦਰ ਲੋਕਾਂ ਦੇ ਉਹ ਬੁਨਿਆਦੀ ਤੇ ਅਹਿਮ ਮੁੱਦੇ ਉਭਾਰੇ ਜਾਣਗੇ ਜਿਹੜੇ ਨਾ ਤਾਂ ਕਦੇ ਮੁਲਕ ਦੀ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦਾ ਅਜੰਡਾ ਬਣਦੇ ਹਨ ਤੇ ਨਾ ਹੀ ਵੋਟ ਮੰਗਦੀਆਂ ਪਾਰਟੀਆਂ ਚੋਂ ਕਿਸੇ ਦੇ ਵੀ ਚੋਣ ਮੈਨੀਫੈਸਟੋ ਦਾ ਹਿੱਸਾ ਬਣਦੇ ਹਨ। ਉਹਨਾਂ ਕਿਹਾ ਕਿ ਇਹ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਦਰੁਸਤ ਹੱਲ ਲੱਭੇ ਬਿਨਾਂ ਨਾ ਖੇਤੀ ਸੰਕਟ ਹੱਲ ਹੋ ਸਕਦਾ ਹੈ,ਨਾ ਲੋਕ ਖੁਸ਼ਹਾਲ ਜੀਵਨ ਜਿਉਂ ਸਕਦੇ ਹਨ ਤੇ ਨਾ ਹੀ ਮੁਲਕ ਆਤਮ ਨਿਰਭਰ ਵਿਕਾਸ ਦੇ ਰਾਹ ਅੱਗੇ ਵਧ ਸਕਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਤੇ ਮੁਲਕ ਦਾ ਕਲਿਆਣ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਤਿੱਖੇ ਜਮੀਨੀ ਸੁਧਾਰਾਂ ਰਾਹੀਂ ਖੇਤੀ ਤੋਂ ਜਗੀਰਦਾਰਾਂ ਤੇ ਕਾਰਪੋਰੇਟਾਂ ਦਾ ਕਬਜ਼ਾ ਖਤਮ ਕਰਕੇ ਲੋੜਵੰਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜ਼ਮੀਨ ਦੀ ਤੋਟ ਪੂਰੀ ਨਹੀਂ ਕੀਤੀ ਜਾਂਦੀ, ਜਦੋਂ ਤੱਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਜਮੀਨਾਂ ਤੇ ਜਾਨਾਂ ਦਾ ਖੌਅ ਬਣ ਰਹੇ ਸੂਦਖੋਰੀ ਪ੍ਰਬੰਧ ਦਾ ਫਸਤਾ ਨਹੀਂ ਵੱਢਿਆ ਜਾਂਦਾ, ਜਦੋਂ ਤੱਕ ਸਰਕਾਰੀ ਕਾਰੋਬਾਰਾਂ ਤੇ ਲੋਕ ਸੇਵਾਵਾਂ ਦੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ, ਜਦੋਂ ਤੱਕ ਵੱਡੇ ਜਗੀਰਦਾਰਾਂ ਤੇ ਕਾਰਪੋਰੇਟਾਂ ‘ਤੇ ਮੋਟੇ ਟੈਕਸ ਲਾਕੇ ਸਰਕਾਰੀ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਨਹੀਂ ਖੋਲ੍ਹਿਆ ਜਾਂਦਾ, ਜਦੋਂ ਤੱਕ ਮੁਲਕ ਦੇ ਸਾਰੇ ਖੇਤਰਾਂ ‘ਚ ਤਬਾਹੀ ਮਚਾ ਰਹੀਆਂ ਅਖੌਤੀ ਆਰਥਿਕ ਨੀਤੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ, ਜਦੋਂ ਤੱਕ ਸੰਸਾਰ ਵਪਾਰ ਸੰਸਥਾ ਅਤੇ ਸਾਮਰਾਜੀਆਂ ਨਾਲ਼ ਕੀਤੇ ਲੋਕ- ਦੋਖੀ ਤੇ ਕੌਮ -ਧਰੋਹੀ ਸਮਝੌਤਿਆਂ ‘ਚੋਂ ਬਾਹਰ ਨਹੀਂ ਆਇਆ ਜਾਂਦਾ, ਜਦੋਂ ਤੱਕ ਮੁਲਕ ਉਪਰ ਸਾਮਰਾਜੀ ਗਲਬੇ ਤੇ ਲੁੱਟ ਦਾ ਖਾਤਮਾ ਨਹੀਂ ਕੀਤਾ ਜਾਂਦਾ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਪਿਛਲੇ ਸੱਤਰ ਸਾਲਾਂ ਦਾ ਤਜਰਬਾ ਗਵਾਹ ਹੈ ਕਿ ਇਹਨਾਂ ਵਰ੍ਹਿਆਂ ਦੌਰਾਨ ਕਿਸੇ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ਵੱਲੋਂ ਇਹਨਾਂ ਮੁੱਦਿਆਂ ‘ਤੇ ਕਦੇ ਵੀ ਲੋਕ- ਪੱਖੀ ਫੈਸਲਾ ਜਾਂ ਕਾਨੂੰਨ ਨਹੀਂ ਲਿਆਂਦੇ ਗਏ ਅਤੇ ਨਾ ਹੀ ਕਿਸੇ ਵੀ ਹਾਕਮ ਜਮਾਤੀ ਪਾਰਟੀ ਜਾਂ ਹਕੂਮਤ ਵੱਲੋਂ ਕੋਈ ਗੰਭੀਰ ਯਤਨ ਹੋਏ ਹਨ, ਸਗੋਂ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਵੱਲੋਂ 1991ਤੋਂ ਲੈਕੇ ਅਜਿਹੀਆਂ ਕਾਰਪੋਰੇਟ ਤੇ ਜਗੀਰਦਾਰ ਪੱਖੀ ਨੀਤੀਆਂ ਜ਼ੋਰ- ਸ਼ੋਰ ਨਾਲ ਲਾਗੂ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਸਿੱਟੇ ਵਜੋਂ ਕਿਸਾਨਾਂ ਦੀਆਂ ਜ਼ਮੀਨਾਂ ਖੁੱਸੀਆਂ ਹਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਉੱਪਰ ਕਰਜ਼ੇ, ਮਹਿੰਗਾਈ ਤੇ ਬੇਰੁਜ਼ਗਾਰੀ ਦਾ ਸ਼ਿਕੰਜਾ ਹੋਰ ਕਸਿਆ ਗਿਆ ਹੈ ਅਤੇ ਮੁਲਕ ਨੂੰ ਸਾਮਰਾਜੀ ਦੇਸ਼ਾਂ ਤੇ ਸੰਸਥਾਵਾਂ ‘ਤੇ ਹੋਰ ਨਿਰਭਰ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਗੱਲ ਸਿਰਫ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਦੀ ਹੀ ਨਹੀਂ ਸਗੋਂ ਇਹਨਾਂ ਵੋਟ ਪਾਰਟੀਆਂ ਵੱਲੋਂ ਤੇ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਵੱਲੋਂ ਇਹਨਾਂ ਕਦਮਾਂ ਖਿਲਾਫ ਲੋਕਾਂ ਦੀ ਵਿਰੋਧ ਅਵਾਜ਼ ਨੂੰ ਕੁਚਲਣ ਲਈ ਕਾਲ਼ੇ ਕਾਨੂੰਨ ਲਿਆਂਦੇ ਤੇ ਲਾਗੂ ਕੀਤੇ ਗਏ ਹਨ।
ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਜੋਰ ਦੇ ਕੇ ਕਿਹਾ ਕਿ ਜਦੋਂ ਤੱਕ ਮੁਲਕ ਨੂੰ ਸੰਸਾਰ ਵਪਾਰ ਸੰਸਥਾ ਤੇ ਸਾਮਰਾਜ – ਪੱਖੀ ਸਮਝੌਤਿਆਂ ‘ਚੋਂ ਬਾਹਰ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਚੰਗੇ ਮਾੜੇ ਬੰਦਿਆਂ ਜਾਂ ਪਾਰਟੀਆਂ ਦੀ ਕੋਈ ਵੀ ਤਬਦੀਲੀ ਰਾਹੀਂ ਇਹਨਾਂ ਪਾਰਲੀਮਾਨੀ ਸੰਸਥਾਵਾਂ ਅੰਦਰ ਲੋਕ ਕਲਿਆਣ ਦੇ ਮੁੱਦੇ ਚੁੱਕੇ ਜਾਣਾ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਇਸੇ ਕਰਕੇ ਸਾਡੀ ਜਥੇਬੰਦੀ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਨਾਂ ਮਿਹਨਤਕਸ਼ ਲੋਕਾਂ ਨੂੰ ਇਹਨਾਂ ਚੋਣਾਂ ਤੇ ਇਹਨਾਂ ਪਾਰਟੀਆਂ ਦੇ ਝਾਂਸੇ ਤੋਂ ਮੁਕਤ ਹੋਣ ਅਤੇ ਸੰਘਰਸ਼ਾਂ ਦੇ ਪਰਖੇ ਪਤਰਿਆਏ ਰਾਹ ਪੈਣ ਦਾ ਸੱਦਾ ਦਿੰਦੀ ਹੈ ਕਿਉਂਕਿ ਲੋਕਾਂ ਨੇ ਹੁਣ ਤੱਕ ਜੋ ਕੁੱਝ ਵੀ ਹਾਸਲ ਕੀਤਾ ਹੈ ਉਹ ਲੋਕ ਸੰਘਰਸ਼ਾਂ ਦੇ ਜੋਰ ਹੀ ਹਾਸਲ ਕੀਤਾ ਹੈ। ਉਹਨਾਂ ਕਿਹਾ ਕਿ ਇਸ ਮੁਲਕ ਅੰਦਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਓਨੀ ਜਮਹੂਰੀਅਤ ਹੀ ਮਿਲਦੀ ਹੈ ਜੋ ਉਹ ਲੋਕ ਸੰਘਰਸ਼ਾਂ ਦੇ ਆਸਰੇ ਲੜ ਕੇ ਲੈਂਦੇ ਹਨ। ਉਹਨਾਂ ਕਿਹਾ ਕਿ ਸੰਘਰਸ਼ ਹੀ ਲੋਕਾਂ ਦੀ ਪੁੱਗਤ ਤੇ ਵੁੱਕਤ ਦਾ ਭਰੋਸੇਯੋਗ ਸਾਧਨ ਹਨ। ਉਹਨਾਂ ਅੰਤ ਵਿੱਚ ਕਿਹਾ ਕਿ ਉੱਪਰ ਬਿਆਨੇ ਲੋਕ ਕਲਿਆਣ ਦੇ ਮੁੱਦਿਆਂ ਦੇ ਦਰੁਸਤ ਹੱਲ ਲਈ ਲੋਕਾਂ ਨੂੰ ਵਿਸ਼ਾਲ ਏਕਤਾ ਉਸਾਰਨੀ ਚਾਹੀਦੀ ਹੈ ਅਤੇ ਜਾਨ – ਹੂਲਵੇਂ ਲੰਮੇ ਸ਼ੰਘਰਸ਼ਾਂ ਲਈ ਤਿਆਰ ਹੋਣਾ ਚਾਹੀਦਾ ਹੈ। ਇਸ ਮੌਕੇ ਸੂਬਾਈ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਰੂਪ ਸਿੰਘ ਛੰਨਾ ਵੀ ਮੌਜੂਦ ਸਨ।