ਐਮ.ਪੀ. ਤੇ ਡੀ.ਸੀ. ਵੱਲੋਂ ਲੁਧਿਆਣਾ ਦਾ ਪਹਿਲਾ ਆਨਲਾਈਨ ਸੀ.ਐਨ.ਜੀ. ਸਟੇਸ਼ਨ ਰਾਏਕੋਟ ਦੇ ਲੋਕਾਂ ਨੂੰ ਸਮਰਪਿਤ
ਖਪਤਕਾਰਾਂ ਨੂੰ 67 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਸੀ.ਐਨ.ਜੀ. ਹੋਵੇਗੀ ਉਪਲੱਬਧ
ਦਵਿੰਦਰ ਡੀ.ਕੇ . ਰਾਏਕੋਟ/ਲੁਧਿਆਣਾ, 29 ਅਕਤੂਬਰ 2021
ਇੱਕ ਵੱਡੀ ਵਾਤਾਵਰਨ ਪੱਖੀ ਪਹਿਲਕਦਮੀ ਤਹਿਤ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਪਹਿਲਾ ਥਿੰਕ ਗੈਸ ਆਨਲਾਈਨ ਸੀ.ਐਨ.ਜੀ. ਸਟੇਸ਼ਨ ਲੋਕ ਅਰਪਣ ਕੀਤਾ ਗਿਆ, ਜਿੱਥੇ ਰਾਏਕੋਟ ਸ਼ਹਿਰ ਦੇ ਖਪਤਕਾਰਾਂ ਨੂੰ 67 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਸੀ.ਐਨ.ਜੀ. ਉਪਲੱਬਧ ਹੋਵੇਗੀ।
ਅੱਜ ਦੇ ਦਿਨ ਨੂੰ ਸੁਭ ਦਿਹਾੜੇ ਵਜੋਂ ਦੱਸਦਿਆਂ ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਖਪਤਕਾਰਾਂ ਨੂੰ ਸਸਤੇ ਅਤੇ ਕੁਸ਼ਲ ਈਂਧਨ ਨੂੰ ਯਕੀਨੀ ਬਣਾਉਣ ਵੱਲ ਇੱਕ ਵੱਡਾ ਕਦਮ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਇੱਕ ਪਾਸੇ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਵਿੱਚ ਮਦਦ ਮਿਲੇਗੀ ਅਤੇ ਦੂਜੇ ਪਾਸੇ ਖਪਤਕਾਰਾਂ ਨੂੰ ਇਸ ਸਸਤੇ ਅਤੇ ਭਵਿੱਖ ਦੇ ਈਂਧਣ ਦੀ ਉਪਲੱਬਧਤਾ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਰਾਏਕੋਟ ਹਲਕੇ ਦੇ ਲੋਕ ਪਾਈਪ ਲਾਈਨ ਰਾਹੀਂ ਸੀ.ਐਨ.ਜੀ. ਸਿੱਧੀ ਆਪਣੇ ਘਰਾਂ ਤੱਕ ਪਹੁੰਚਾ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਲੁਧਿਆਣਾ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਲੰਬੀ ਮਿਆਦ ਦੀ ਯੋਜਨਾ ਦੀ ਸ਼ੁਰੂਆਤ ਹੈ ਅਤੇ ਜ਼ਿਲ੍ਹੇ ਭਰ ਵਿੱਚ ਥਿੰਕ ਗੈਸ ਦੇ ਅਜਿਹੇ ਹੋਰ ਪੰਪ ਵੀ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅਜਿਹੇ 26 ਪੰਪ ਪਹਿਲਾਂ ਹੀ ਸਫਲਤਾਪੂਰਵਕ ਚੱਲ ਰਹੇ ਹਨ। ਇਸ ਖਪਤਕਾਰ ਪੱਖੀ ਪਹਿਲਕਦਮੀ ਲਈ ਕੰਪਨੀ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕਾਂ ਲਈ ਕਿਫ਼ਾਇਤੀ, ਸੁਰੱਖਿਅਤ ਅਤੇ ਸੁਵਿਧਾਜਨਕ ਈਂਧਣ ਹੈ। ਉਨ੍ਹਾਂ ਦੱਸਿਆ ਕਿ ਗੈਸੀ ਈਂਧਣ ਦੀ ਸ਼ੁਰੂਆਤ ਨਾਲ ਜਿੱਥੇ ਲੋਕਾਂ ਨੂੰ ਨਿਰਵਿਘਨ ਅਤੇ ਸੁਚਾਰੂ ਈਂਧਣ ਮੁਹੱਈਆ ਕਰਾਉਣ ਦੇ ਨਾਲ-ਨਾਲ ਵਾਤਾਵਰਣ ਅਨੁਕੂਲ ਈਂਧਣ ਦੀ ਸ਼ੁਰੂਆਤ ਦਾ ਰਾਹ ਪੱਧਰਾ ਹੋਵੇਗਾ, ਉੱਥੇ ਹੀ ਲੁਧਿਆਣਾ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਾਤਾਵਰਨ ਨੂੰ ਬਚਾਉਣ ਅਤੇ ਜ਼ਿਲ੍ਹਾ ਵਾਸੀਆਂ ਦੀ ਵੱਡੀ ਪੱਧਰ ‘ਤੇ ਸਹੂਲਤ ਲਈ ਇਹ ਸਮੇਂ ਦੀ ਲੋੜ ਹੈ। ਸਮਾਗਮ ਦੌਰਾਨ ਉਨ੍ਹਾਂ ਬੂਟੇ ਵੀ ਲਗਾਏ। ਇਸ ਮੌਕੇ ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ, ਥਿੰਕ ਗੈਸ ਦੇ ਸੀ.ਈ.ਓ. ਹਰਦੀਪ ਸਿੰਘ ਰਾਏ, ਸੰਦੀਪ ਤ੍ਰੇਹਨ, ਮਨਮੋਹਨ ਸਿੰਘ, ਬ੍ਰਜੇਸ਼ ਸਿੰਘ, ਜੌਨੀ ਸ਼ਰਮਾ ਅਤੇ ਹੋਰ ਹਾਜ਼ਰ ਸਨ।