ਲਹਿਰਾ ਵਿਖੇ ਸ਼ਾਨਦਾਰ ਕੀਤਾ ਗਿਆ ਵੋਟਰ ਜਾਗਰੂਕਤਾ ਸਾਇਕਲ ਰੈਲੀ ਦਾ ਆਯੋਜਨ
ਲਹਿਰਾ ਵਿਖੇ ਸ਼ਾਨਦਾਰ ਕੀਤਾ ਗਿਆ ਵੋਟਰ ਜਾਗਰੂਕਤਾ ਸਾਇਕਲ ਰੈਲੀ ਦਾ ਆਯੋਜਨ
- ਖਰਚਾ ਅਬਜ਼ਰਵਰ, ਰਿਟਰਨਿੰਗ ਅਫਸਰ, ਡੀ.ਐਸ.ਪੀ ਸਮੇਤ ਹੋਰਾਂ ਨੇ ਵੀ ਲਿਆ ਹਿੱਸਾ
ਪਰਦੀਪ ਕਸਬਾ ,ਲਹਿਰਾਗਾਗਾ/ਸੰਗਰੂਰ, 12 ਫਰਵਰੀ 2022
ਚੋਣ ਕਮਿਸ਼ਨ ਦੀਆਂ ਹਦਾਇਤਾਂ ਉਤੇ ਵੋਟਰਾਂ ਵਿੱਚ ਵੋਟ ਪਾਉਣ ਦੀ ਅਹਿਮੀਅਤ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਜਿ਼ਲ੍ਹਾ ਸੰਗਰੂਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਜ਼ੋਸ਼ੋ ਖਰੋਸ਼ ਨਾਲ ਚੱਲ ਰਹੀ ਹੈ। ਇਸ ਮੁਹਿੰਮ ਦੇ ਤਹਿਤ ਚੋਣ ਕਮਿਸ਼ਨ ਵੱਲੋਂ ਤਾਇਨਾਤ ਖਰਚਾ ਅਬਜ਼ਰਵਰ ਸ਼੍ਰੀ ਲਿਆਕਤ ਅਲੀ ਅਫਾਕੀ ਦੀ ਨਿਗਰਾਨੀ ਹੇਠ ਅਤੇ
ਜਿ਼ਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਦੀਆਂ ਹਦਾਇਤਾਂ ਉਤੇ ਲਹਿਰਾਗਾਗਾ ਵਿਖੇ ਵੋਟਰ ਜਾਗਰੂਕਤਾ ਸਾਇਕਲ ਰੈਲੀ ਕਰਵਾਈ ਗਈ ਜਿਸ ਦੀ ਅਗਵਾਈ ਰਿਟਰਨਿੰਗ ਅਫ਼ਸਰ ਸ਼੍ਰੀਮਤੀ ਨਵਰੀਤ ਕੌਰ ਸੇਖੋਂ ਨੇ ਕੀਤੀ। ਇਸ ਮੌਕੇ ਡੀ ਐਸ ਪੀ ਸ੍ਰੀ ਮਨੋਜ ਗੋਰਸੀ ਵੀ ਹਾਜ਼ਰ ਸਨ। ਇਨ੍ਹਾਂ ਸ਼ਖ਼ਸੀਅਤਾਂ ਨੇ ਖੁਦ ਸਾਇਕਲ ਰੈਲੀ ਵਿੱਚ ਸਾਇਕਲ ਚਲਾ ਕੇ ਹਿੱਸਾ ਲਿਆ ਅਤੇ ਲੋਕਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਤਸ਼ਾਹ ਨਾਲ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਬਾਬਾ ਹੀਰਾ ਸਿੰਘ ਭੱਠਲ ਕਾਲਜ ਤੋਂ ਆਰੰਭ ਹੋਈ ਸਾਇਕਲ ਰੈਲੀ ਵਿੱਚ ਹਲਕਾ ਨਿਵਾਸੀਆਂ ਨੇ ਵੀ ਵਧ ਚੜ੍ਹ ਕੇ ਭਾਗ ਲਿਆ। ਜ਼ਾਗਰੂਕਤਾ ਰੈਲੀ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ, ਜ਼ੋ ਕਿ 20 ਫਰਵਰੀ ਨੂੰ ਹੋਣੀਆਂ ਹਨ, ਵਿਚ ਹਰ ਬਾਲਗ ਨੂੰ ਆਪਣੇ ਅਧਿਕਾਰ ਦੀ ਵਰਤੋ ਲਈ ਪ੍ਰੇਰਿਆ ਗਿਆ ਅਤੇ ਵੱਖ ਵੱਖ ਜ਼ੋਸ਼ਮਈ ਨਾਅਰਿਆਂ ਜਿਵੇਂ ‘ਆਈਆਂ ਚੋਣਾਂ ਜਨਾਬ, ਹੈ ਬਣਾਉਣਾ ਪੰਜਾਬ’ ਅਤੇ ‘ਪੰਜਾਬ ਕਰੇਗਾ ਵੋਟ 20 ਫਰਵਰੀ 2022 ਨੂੰ’ ਘਰ ਘਰ ਪਹੁੰਚਾਉਣ ਦਾ ਸੁਨੇਹਾ ਦਿੱਤਾ ਗਿਆ।
ਸਾਈਕਲ ਰੈਲੀ ਵਿੱਚ ਐਨ ਐਸ ਐਸ ਵਲੰਟੀਅਰ ਵੀ ਸ਼ਾਮਲ ਹੋਏ ਅਤੇ ਖਰਚਾ ਅਬਜ਼ਰਵਰ ਸਮੇਤ ਹੋਰ ਬੁਲਾਰਿਆਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਨੂੰ ਬਿਨਾਂ ਕਿਸੇ ਡਰ ਤੋਂ ਜ਼ਰੂਰ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਹਲਕਾ ਲਹਿਰਾ ਵਿਖੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮੁੱਚੇ ਚੋਣ ਅਮਲ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।