ਮੰਗਿਆ ਪਾਣੀ ਤੇ ਮਿਲੀ ਪ੍ਰੇਸ਼ਾਨੀ , 8 ਮਹੀਨਿਆਂ ਤੋਂ ਪਾਣੀ ਲਈ ਲੜ੍ਹ ਰਿਹੈ ਭਗਵੰਤ
ਹਰਿੰਦਰ ਨਿੱਕਾ , ਬਰਨਾਲਾ 2 ਅਗਸਤ 2022
ਮੰਗਿਆ ਪਾਣੀ ਤੇ ਮਿਲੀ ਪ੍ਰੇਸ਼ਾਨੀ ਜੀ ਹਾਂ ! ਕੁਦਰਤੀ ਨਿਆਮਤ ਤੇ ਜਿੰਦਗੀ ਜਿਊਣ ਦੀ ਮੁੱਢਲੀ ਜਰੂਰਤ ਪੀਣ ਵਾਲਾ ਪਾਣੀ ਹਾਸਿਲ ਕਰਨ ਲਈ ਕਰੀਬ 8 ਮਹੀਨਿਆਂ ਤੋਂ ਕਾਗਜੀ ਪੱਤਰੀ ਲੜਾਈ ਲੜ ਰਿਹਾ ਭਗਵੰਤ ਰਾਏ। ਭਗਵੰਤ ਜਿਹੜੇ ਵੀ ਕੰਮ ਨੂੰ ਹੱਥ ਵਿੱਚ ਲੈਂਦਾ ਹੈ, ਉਸ ਲਈ ਉਹ ਹਰ ਕਾਨੂੰਨੀ ਜਾਣਕਾਰੀ ਪ੍ਰਾਪਤ ਕਰਕੇ ਹੀ ਅੱਗੇ ਵੱਧਦਾ ਹੈ। ਵੱਡੇ ਵੱਡੇ ਅਧਿਕਾਰੀਆਂ ਅਤੇ ਸੱਤਾਧਾਰੀ ਆਗੂਆਂ ਨੂੰ ਕਾਨੂੰਨੀ ਕੁੜਿੱਕੀ ਵਿੱਚ ਲੈਣ ਮਾਹਿਰ ਭਗਵੰਤ ਪਰੰਤੂ ਇੱਨ੍ਹੀਂ ਦਿਨੀਂ, ਅਫਸਰਸ਼ਾਹੀ ਦੇ ਰਵੱਈਏ ਤੋਂ ਕਾਫੀ ਪ੍ਰੇਸ਼ਾਨ ਹੈ। ਪ੍ਰੇਸ਼ਾਨ ਹੋਵੇ ਕਿਉਂ ਨਾ ਜਦੋਂ ਹਰ ਅਧਿਕਾਰੀ, ਉਸ ਦੀ ਮੰਗ ਨਾਲ ਸਹਿਮਤੀ ਤਾਂ ਦਿੰਦਾ ਹੈ, ਪਰ ਪਾਣੀ ਮੁਹੱਈਆਂ ਕਰਵਾਉਣ ਲਈ ਕੋਈ ਯਤਨ ਨਹੀਂ ਕਰਦਾ। ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਭਗਵੰਤ ਰਾਏ ਨੇ ਦੱਸਿਆ ਕਿ ਉਹ ਸ਼ਹਿਰ ਦੀ ਅਣਅਧਿਕਾਰਤ ਈਸ਼ਵਰ ਕਲੋਨੀ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕਰ ਰਿਹਾ ਹੈ। ਇਸ ਸਬੰਧੀ ਉਸ ਨੇ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੂੰ ਵੀ ਦੁਰਖਾਸਤ ਦੇ ਚੁੱਕੇ ਹਨ । ਈਸ਼ਵਰ ਕਲੋਨੀ ਦੇ ਕਾਫੀ ਬਾਸ਼ਿੰਦੇ ਗੈਰਕਾਨੂੰਨੀ ਢੰਗ ਨਾਲ, ਬਿਨਾਂ ਸਮਰੱਥ ਅਧਿਕਾਰੀ ਦੀ ਮੰਜੂਰੀ ਤੋਂ ਹੀ ਸਬਮਰਸੀਬਲ ਬੋਰ ਕਰਕੇ, ਐਨ.ਜੀ.ਟੀ. ਦੀਆਂ ਹਿਦਾਇਤਾਂ ਅਤੇ ਡਿਪਟੀ ਕਮਿਸ਼ਨਰ/ ਜਿਲ੍ਹਾ ਮਜਿਸਟ੍ਰੇਟ ਵੱਲੋਂ ਜ਼ਾਰੀ ਹੁਕਮਾਂ ਨੂੰ ਵੀ ਲੋਕ ਟਿੱਚ ਸਮਝ ਰਹੇ ਹਨ। ਉਨਾਂ ਕਿਹਾ ਕਿ ਕੋਈ ਵੀ ਅਧਿਕਾਰੀ ਨਾ ਤਾਂ ਐਨ.ਜੀ.ਟੀ. ਦੀਆਂ ਹਿਦਾਇਤਾਂ ਨੂੰ ਲਾਗੂ ਕਰਵਾਉਣ ਦੀ ਲੋੜ ਸਮਝਦਾ ਹੈ ਅਤੇ ਨਾ ਹੀ, ਜਿਲ੍ਹਾ ਮਜਿਸਟ੍ਰੇਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਉੱਕਾ ਹੀ ਕੋਈ ਯਤਨ ਕਰ ਰਿਹਾ ਹੈ । ਭਗਵੰਤ ਰਾਏ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਣਅਧਿਕਾਰਤ ਕਲੋਨੀਆਂ ਨੂੰ ਵੀ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਉਣ ਸਬੰਧੀ ਫੈਸਲੇ ਦਿੱਤਾ ਹੋਇਆ ਹੈ। ਐਨ.ਜੀ.ਟੀ. ਦੀ ਗਾਈਡ ਲਾਈਨਜ ਦੀਆਂ ਕਾਪੀਆਂ ਸਬੰਧਿਤ ਅਧਿਕਾਰੀਆਂ ਨੂੰ ਭੇਜ ਕੇ ਲਿਖਤੀ ਸ਼ਕਾਇਤਾਂ ਵੀ ਦਿੱਤੀਆਂ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਿਸੇ ਵੀ ਅਧਿਕਾਰੀ ਨੇ ਨਾ ਤਾਂ ਈਸ਼ਵਰ ਕਲੋਨੀ ‘ਚ ਪਾਈਪ ਲਾਈਨ ਵਿਛਾ ਕੇ ਲੋਕਾਂ ਲਈ ਸ਼ੁੱਧ ਪਾਣੀ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਬਿਨ੍ਹਾਂ ਮੰਜੂਰੀ ਅਤੇ ਐਨਜੀਟੀ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਸਬਮਰਸੀਬਲ ਪੰਪ ਲਾਉਣ ਤੋਂ ਰੋਕਿਆ ਜਾ ਰਿਹਾ ਹੈ।
ਹੋਰ ਅਣਦੇਖੀ ਕੀਤੀ ਤਾਂ ਜਾਵਾਂਗਾ ਹਾਈਕੋਰਟ
ਭਗਵੰਤ ਰਾਏ ਨੇ ਕਿਹਾ ਕਿ ਹੁਣ ਬਹੁਤ ਇੰਤਜਾਰ ਹੋ ਗਿਆ, ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਨਗਰ ਕੌਂਸਲ ਪ੍ਰਬੰਧਕਾਂ ਦੇ ਮੂੰਹ ਵੱਲ ਤੱਕਦਿਆਂ ਨੂੰ, ਜੇਕਰ ਜਲਦ ਈਸ਼ਵਰ ਕਲੋਨੀ ਵਿੱਚ ਸ਼ੁੱਧ ਪਾਣੀ ਮੁਹੱਈਆ ਨਾ ਕਰਵਾਇਆ ਅਤੇ ਧੜਾਧੜ ਲੱਗ ਰਹੇ ਸਬਮਰਸੀਬਲ ਪੰਪਾਂ ਨੂੰ ਲਾਉਣ ਤੋਂ ਨਾ ਰੋਕਿਆ ਤਾਂ ਫਿਰ ਮੈਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਨ ਨੂੰ ਮਜਬੂਰ ਹੋਵਾਂਗਾ।