ਮੋਤੀਆ ਮੁਕਤ ਮੁਹਿੰਮ ਤਹਿਤ 438 ਮਰੀਜ਼ਾਂ ਦੀਆਂ
- ਅੱਖਾਂ ਦੇ ਹੋਏ ਆਪ੍ਰੇਸ਼ਨ ਸਿਵਲ ਸਰਜਨ
ਪਰਦੀਪ ਕਸਬਾ,ਸੰਗਰੂਰ, 10 ਦਸੰਬਰ 2021
ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ ਤਹਿਤ ਜ਼ਿਲੇ ਵਿੱਚ 9 ਦਸੰਬਰ ਤੱਕ 3425 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਹੈ। ਇਨਾਂ ਵਿੱਚੋਂ 776 ਵਿਅਕਤੀ ਮੋਤੀਆ ਤੋਂ ਪੀੜਤ ਪਾਏ ਗਏ ਜਿੰਨਾਂ ਵਿੱਚੋਂ 438 ਵਿਅਕਤੀਆਂ ਦੇ ਸਫ਼ਲ ਆਪਰੇਸ਼ਨ ਹੋ ਚੁੱਕੇ ਹਨ ਅਤੇ ਬਾਕੀ ਮਰੀਜ਼ਾਂ ਦੇ ਵੀ ਛੇਤੀ ਹੀ ਆਪ੍ਰੇਸ਼ਨ ਕਰ ਦਿੱਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ ਤਹਿਤ ਘਰ ਘਰ ਜਾ ਕੇ ਮੋਤੀਆਂ ਨਾਲ ਪੀੜਤ ਮਰੀਜ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਮਾਹਿਰ ਡਾਕਟਰਾਂ ਵੱਲੋਂ ਜਾਂਚ ਕਰਕੇ ਯੋਗ ਮਰੀਜ਼ਾਂ ਦੇ ਮੁਫਤ ਆਪ੍ਰੇਸ਼ਨ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਮਰੀਜ਼ਾਂ ਨੂੰ ਜਿੱਥੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਨਾਲ ਹੀ ਖਾਣ ਪੀਣ ਅਤੇ ਆਉਣ ਜਾਣ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਧੁੰਦਲਾ ਵਿਖਾਈ ਦਿੰਦਾ ਹੈ ,ਨੇੜੇ ਦੀ ਨਜ਼ਰ ਘਟ ਗਈ ਹੈ, ਇਕ ਦਮ ਰੋਸ਼ਨੀ ਹੋਣ ’ਤੇ ਅੱਖਾਂ ਚੁੰਧਿਆ ਜਾਂਦੀਆਂ ਹਨ, ਇਕ ਵਸਤੂ ਦੋ ਦੋ ਨਜਰ ਆਉਂਦੀ ਹੈ ਤਾਂ ਉਹ ਇਨਾਂ ਕੈਂਪਾਂ ਦਾ ਲਾਭ ਉਠਾ ਕੇ ਆਪਣੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣ।
ਐੱਸ. ਐੱਮ. ਓ. ਆਈ. ਮੋਬਾਇਲ ਡਾ. ਸੰਜੇ ਮਾਥੁਰ ਨੇ ਕਿਹਾ ਕਿ 40 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜਿਨਾਂ ਲੋਕਾਂ ਵੱਲੋਂ ਅਜੇ ਤੱਕ ਅੱਖਾਂ ਦੀ ਜਾਂਚ ਨਹੀਂ ਕਰਵਾਈ ਗਈ ਉਹ ਇਨਾਂ ਕੈਂਪਾਂ ਵਿੱਚ ਜਾਂ ਆਪਣੇ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਵਾ ਲੈਣ।