‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਤਹਿਤ ਮਰੀਜਾਂ ਦੇ ਆਪ੍ਰੇਸ਼ਨਾਂ ਲਈ ਪਹਿਲੀ ਬੱਸ ਰਵਾਨਾ
‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਤਹਿਤ ਮਰੀਜਾਂ ਦੇ ਆਪ੍ਰੇਸ਼ਨਾਂ ਲਈ ਪਹਿਲੀ ਬੱਸ ਰਵਾਨਾ
- ਡਿਪਟੀ ਕਮਿਸ਼ਨਰ ਨੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 14 ਦਸੰਬਰ 2021
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਖਾਂ ਦੀ ਮੋਤੀਆ ਬਿੰਦ ਬਿਮਾਰੀ ਤੋਂ ਮੁਕਤੀ ਲਈ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਤਹਿਤ ਜ਼ਿਲ੍ਹੇ ਅੰਦਰ ਮਰੀਜਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਇਸੇ ਅਭਿਆਨ ਤਹਿਤ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਵਿੰਦਰ ਸਿੰਘ ਨੇ ਅਪਰੇਸ਼ਨਾਂ ਲਈ ਚੁਣੇ ਗਏ ਮਰੀਜਾਂ ਦੀ ਪਹਿਲੀ ਬੱਸ ਨੂੰ ਅੱਜ ਹਰੀ ਝੰਡੀ ਦਿਖਾ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਫਿਰੋਜ਼ਪੁਰ ਰਜਿੰਦਰ ਅਰੋੜਾ ਤੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨੇ ਵੱਡੇ ਉਪਰਾਲੇ ਤਹਿਤ ਸੂਬੇ ਭਰ ਅੱਖਾਂ ਦੇ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਲੋਕਾਂ ਦੀਆਂ ਅੱਖਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੋਤੀਆਬਿੰਦ ਤੋਂ ਪੀੜਤ ਪਾਏ ਜਾਣ ਵਾਲੇ ਵਿਅਕਤੀਆਂ ਦਾ 15 ਦਿਨ ਅੰਦਰ ਮੁਫ਼ਤ ਆਪਰੇਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਭਿਆਨ ਤਹਿਤ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਵੀ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਮੋਤੀਆ ਬਿੰਦ ਤੋਂ ਪੀੜਤ ਲੋਕਾਂ ਨੂੰ ਸਰਕਾਰ ਦੇ ਇਸ ਉਪਰਾਲੇ ਦਾ ਪੂਰਾ ਲਾਭ ਉਠਾਉਣ ਲਈ ਅਪੀਲ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ:ਅਰੋੜਾ ਨੇ ਦੱਸਿਆ ਕਿ ਆਪ੍ਰੇਸ਼ਨ ਵਾਲੇ ਮਰੀਜਾਂ ਲਈ ਰਿਫਰੈਸ਼ਮੈਂਟ ਦੇ ਨਾਲ-ਨਾਲ ਆਉਣ-ਜਾਣ ਲਈ ਆਵਾਜਾਈ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਵਾਲੇ ਮਰੀਜਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਜਾਣਗੀਆਂ। ਦਸੰਬਰ ਮਹੀਨੇ ਵਿੱਚ ਹਰੇਕ ਤਹਿਸੀਲ ਵਿੱਚ ਘੱਟੋ-ਘੱਟ ਇੱਕ ਕੈਂਪ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਸਕਰੀਨਿੰਗ ਕੈਪਾਂ ਦੌਰਾਨ ਮਰੀਜ਼ਾਂ ਦੀ ਕੋਵਿਡ ਵੈਕਸੀਨੇਸ਼ਨ ਵੀ ਕੀਤੀ ਗਈ ਹੈ। ਇਹ ਮੁਹਿੰਮ 31 ਦਸੰਬਰ ਤੱਕ ਜਾਰੀ ਰਹੇਗੀ।
ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ।