ਮੁੱਖ ਮੰਤਰੀ ਚੰਨੀ ਨੇ ਸਾਰਿਆਂ ਲਈ ਸਸਤੇ ਮਕਾਨਾਂ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ “ਅਟੱਲ ਅਪਾਰਟਮੈਂਟਸ” ਦਾ ਰੱਖਿਆ ਨੀਂਹ ਪੱਥਰ
ਮੁੱਖ ਮੰਤਰੀ ਚੰਨੀ ਨੇ ਸਾਰਿਆਂ ਲਈ ਸਸਤੇ ਮਕਾਨਾਂ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ “ਅਟੱਲ ਅਪਾਰਟਮੈਂਟਸ” ਦਾ ਰੱਖਿਆ ਨੀਂਹ ਪੱਥਰ
- ਲੁਧਿਆਣਾ ਇੰਪਰੂਵਮੈਂਟ ਟਰੱਸਟ 336 ਐਚ ਆਈ ਜੀ ਅਤੇ 240 ਐਮ ਆਈ ਜੀ ਮਲਟੀ ਸਟੋਰੀ ਰਿਹਾਇਸ਼ੀ ਫਲੈਟ ਬਣਾਏਗਾ
- “100 ਫ਼ੀਸਦੀ ਸੈਲਫ ਫਾਇਨਾਂਸਿੰਗ ਸਕੀਮ” ਤਹਿਤ ਐਲ.ਆਈ.ਟੀ. ਵੱਲੋਂ ਕੀਤਾ ਜਾਵੇਗਾ ਨਿਰਮਾਣ
ਦਵਿੰਦਰ ਡੀ.ਕੇ,ਲੁਧਿਆਣਾ, 16 ਦਸੰਬਰ:2021
ਸਾਰਿਆਂ ਲਈ ਸਸਤੇ ਮਕਾਨਾਂ ਦੇ ਸੁਫ਼ਨੇ ਨੂੰ ਸਾਕਾਰ ਕਰਨ ਵੱਲ ਇਕ ਹੋਰ ਕਦਮ ਵਧਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਪੱਖੋਵਾਲ ਰੋਡ ’ਤੇ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ਵਿੱਚ ਅਟੱਲ ਅਪਾਰਟਮੈਂਟਸ ਦਾ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਵੱਲੋਂ “100 ਫ਼ੀਸਦੀ ਸੈਲਫ ਫਾਇਨਾਂਸਿੰਗ ਸਕੀਮ” ਤਹਿਤ ਬਣਾਇਆ ਜਾ ਰਿਹਾ ਹੈ ਅਤੇ ਇਸ ਵਿੱਚ 12 ਮੰਜ਼ਿਲਾ 336 ਐਚ ਆਈ ਜੀ ਅਤੇ 240 ਐਮ ਆਈ ਜੀ ਫਲੈਟ ਹੋਣਗੇ। ਉਨ੍ਹਾਂ ਕਿਹਾ ਕਿ ਇੱਥੋਂ ਦੇ ਵਸਨੀਕਾਂ ਨੂੰ ਸਸਤੇ ਘਰ ਮੁਹੱਈਆ ਕਰਵਾਉਣਾ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਐਲ.ਆਈ.ਟੀ. ਵੱਲੋਂ ਸ਼ਹੀਦ ਕਰਨੈਲ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ ਨੇੜੇ 8.80 ਏਕੜ ਵਿੱਚ ਇਹਨਾਂ ਫਲੈਟਾਂ ਦੀ ਉਸਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਅੱਗੇ ਦੱਸਿਆ ਕਿ ਪ੍ਰਸਤਾਵਿਤ ਫਲੈਟਾਂ ਲਈ ਲੋੜੀਂਦੀ ਜ਼ਮੀਨ ਲੁਧਿਆਣਾ ਇੰਪਰੂਵਮੈਂਟ ਟਰੱਸਟ ਕੋਲ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਇਸ ਸਕੀਮ ਲਈ 18 ਦਸੰਬਰ, 2021 ਤੱਕ ਅਪਲਾਈ ਕਰ ਸਕਦੇ ਹਨ ਅਤੇ 24 ਦਸੰਬਰ, 2021 ਨੂੰ ਅਲਾਟਮੈਂਟ ਸਬੰਧੀ ਡਰਾਅ ਕੱਢਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਫਲੈਟਾਂ ਵਿੱਚ ਭੂਚਾਲ ਰੋਧਕ ਢਾਂਚਾ, ਐਚ ਆਈ ਜੀ ਤੇ ਐਮ ਆਈ ਜੀ ਅਤੇ ਕਲੱਬ ਲਈ ਵੱਖਰਾ ਗਰੀਨ ਪਾਰਕ, ਇਨਡੋਰ ਸਵੀਮਿੰਗ ਪੂਲ ਸਮੇਤ ਵੱਖਰਾ ਕਲੱਬ, ਮਲਟੀਪਰਪਜ਼ ਹਾਲ, ਜਿਮਨੇਜ਼ੀਅਮ, ਟੇਬਲ ਟੈਨਿਸ ਰੂਮ, ਵੱਖਰੀ ਸਮਰਪਿਤ ਟਾਵਰ ਪਾਰਕਿੰਗ, ਹਰੇਕ ਫਲੈਟ ਵਿੱਚ ਵੀਡੀਓ ਡੋਰ ਫੋਨ ਅਤੇ 24 ਘੰਟੇ ਸੁਰੱਖਿਆ ਲਈ ਮੁੱਖ ਪ੍ਰਵੇਸ਼ ਦੁਆਰ ‘ਤੇ ਸੀ ਸੀ ਟੀ ਵੀ ਕੈਮਰੇ, 24 ਘੰਟੇ ਬੈਕਅਪ ਦੇ ਨਾਲ ਹਰੇਕ ਬਲਾਕ ਵਿੱਚ 13 ਵਿਅਕਤੀਆਂ ਦੀ ਸਮਰੱਥਾ ਵਾਲੀਆਂ 2 ਲਿਫਟਾਂ, ਬਾਹਰੀ ਐਲੀਵੇਸ਼ਨ ‘ਤੇ ਲਾਲ ਟਾਈਲਾਂ ਨਾਲ ਵਾਸ਼ਡ ਗਰਿੱਟ ਫਿਨਿਸ਼, ਸਾਰੇ ਕਮਰਿਆਂ ਵਿੱਚ ਵੱਡੀ ਬਾਲਕੋਨੀ, ਡਰਾਇੰਗ ਰੂਮ ਅਤੇ ਰਸੋਈ, ਨਵੀਨਤਮ ਤਕਨੀਕਾਂ ਨਾਲ ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਯਾਰਡ ਹਾਈਡ੍ਰੈਂਟ ਅਤੇ ਵੈਟ ਰਾਈਜ਼ਰ ਦੇ ਨਾਲ ਸੈਂਟਰਲਾਈਜ਼ਡ ਫਾਇਰ ਹਾਈਡ੍ਰੈਂਟ ਸਿਸਟਮ, ਲਿਫਟਾਂ ਲਈ 24 ਘੰਟੇ ਪਾਵਰ ਬੈਕਅਪ ਦੇ ਪ੍ਰਬੰਧਨ ਤੋਂ ਇਲਾਵਾ ਕਈ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਐਲਆਈਟੀ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਪੀਐਸਆਈਡੀਸੀ ਚੇਅਰਮੈਨ ਕੇ.ਕੇ. ਬਾਵਾ, ਨਰੇਸ਼ ਧੀਂਗਾਨ, ਨਗਰ ਨਿਗਮ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਹਾਜ਼ਰ ਸਨ।