ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਫਾਜਿ਼ਲਕਾ ਦੇ ਸਿਵਲ ਹਸਪਤਾਲ ਅਤੇ ਨਵੇਂ ਬੱਸ ਅੱਡੇ ਦਾ ਕਰਨਗੇ ਉਦਘਾਟਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਫਾਜਿ਼ਲਕਾ ਦੇ ਸਿਵਲ ਹਸਪਤਾਲ ਅਤੇ ਨਵੇਂ ਬੱਸ ਅੱਡੇ ਦਾ ਕਰਨਗੇ ਉਦਘਾਟਨ
- ਜਿ਼ਲ੍ਹਾ ਹਸਪਤਾਲ ਦੇ ਨਿਰਮਾਣ ਤੇ ਖਰਚ ਹੋਏ ਹਨ 20.72 ਕਰੋੜ ਰੁਪ
- ਬੱਸ ਸਟੈਂਡ ਦੇ ਨਿਰਮਾਣ ਤੇ ਲਾਗਤ ਆਈ ਹੈ 5 ਕਰੋੜ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 6 ਦਸੰਬਰ 2021
ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਮਿਤੀ 7 ਦਸੰਬਰ 2021 ਦਿਨ ਮੰਗਲਵਾਰ ਨੂੰ ਫਾਜਿ਼ਲਕਾ ਜਿ਼ਲ੍ਹੇ ਦੇ ਦੌਰੇ ਤੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਫਾਜਿ਼ਲਕਾ ਸ਼ਹਿਰ ਨੂੰ ਦੋ ਸੌਗਾਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ 100 ਬੈਡ ਦੇ ਜਿ਼ਲ੍ਹਾ ਹਸਪਤਾਲ ਅਤੇ ਨਵੇਂ ਬਣੇ ਬੱਸ ਅੱਡੇ ਦਾ ਉਦਘਾਟਨ ਕਰਕੇ ਇਹ ਇਮਾਰਤਾਂ ਜਿ਼ਲ੍ਹਾ ਵਾਸੀਆਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ।ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ ਹੈ।ਦੂਜ਼ੇ ਪਾਸੇ ਫਾਜਿ਼ਲਕਾ ਦੇ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਨੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਆਮਦ ਮੌਕੇ ਜਿ਼ਲ੍ਹਾ ਵਾਸੀਆਂ ਨੂੰ ਬਹੁਮੰਤਵੀ ਖੇਡ ਸਟੇਡੀਅਮ ਫਾਜਿ਼ਲਕਾ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਵੱਲੋਂ ਜਨਸਭਾ ਨੂੰ ਸੰਬੋਧਨ ਕੀਤਾ ਜਾਣਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 100 ਬੈਡ ਦਾ ਜਿ਼ਲ੍ਹਾ ਹਸਪਤਾਲ 9 ਏਕੜ ਰਕਬੇ ਵਿਚ ਬਾਰਡਰ ਰੋਡ ਤੇ ਬਣਾਇਆ ਗਿਆ ਹੈ ਅਤੇ ਇਸ ਤੇ 20.72 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਦੀ ਜਮੀਨੀ ਮੰਜਿਲ ਦਾ ਖੇਤਰਫਲ 50516 ਵਰਗ ਫੁੱਟ ਹੈ, ਪਹਿਲੀ ਮੰਜਿਲ ਦਾ ਖੇਤਰਫਲ 40374 ਵਰਗ ਫੁੱਟ ਅਤੇ ਦੂਜੀ ਮੰਜਿਲ ਦਾ ਖੇਤਰਫਲ 31113 ਵਰਗ ਫੁੱਟ ਹੈ। ਇਸ ਤੋਂ ਬਿਨ੍ਹਾਂ ਇਸ ਵਿਚ 2 ਗਾਰਡ ਰੂਮ, ਪੰਪ ਰੂਮ, ਸਰਵਿਸ ਬਲਾਕ ਆਦਿ ਵੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਟਰਾਮਾ ਸੈਂਟਰ, ਐਮਰਜੈਂਸੀ ਜ਼ੋਨ, ਆਈਸੀਯੂ, ਡਾਇਲਸਿਸ, ਡਾਇਗਨੋਸਟਿਕ ਸੈਂਟਰ, ਬੱਲਡ ਬੈਂਕ, ਲੈਬੋਰੇਟਰੀ, ਟੈਲੀਮੈਡੀਸਿਨ ਬਲਾਕ, ਡਰੱਗ ਸਟੋਰ, ਕੌਂਸਲਰ ਰੂਮ, ਐਸਐਮਓ ਦਫ਼ਤਰ, 16 ਓਪੀਡੀ ਰੂਮ, ਐਡਮਿਨ ਬਲਾਕ, ਓਟੀ ਬਲਾਕ, ਕਾਨਫਰੰਸ ਰੂਮ, ਮੈਟਰਨਿਟੀ ਬਲਾਕ, ਫੀਮੇਲ ਵਾਰਡ, ਐਸ ਐਨ ਸੀ ਯੂ ਬਲਾਕ, ਆਇਸੋਲੇਸ਼ਨ ਵਾਰਡ, ਪ੍ਰਾਈਵੇਟ ਕਮਰੇ ਆਦਿ ਹੋਣਗੇ। ਇਸਤੋਂ ਬਿਨ੍ਹਾਂ ਜਿ਼ਲ੍ਹਾ ਹਸਪਤਾਲ ਵਿਚ 41.50 ਲੱਖ ਰੁਪਏ ਦੀ ਲਾਗਤ ਨਾਲ ਈਟੀਪੀ ਪਲਾਂਟ, 32.67 ਲੱਖ ਦੀ ਲਾਗਤ ਨਾਲ ਮੈਡੀਕਲ ਗੈਸ ਪਾਇਪਲਾਇਨ, 500 ਐਲਪੀਐਮ ਦਾ ਆਕਸੀਜਨ ਪਲਾਂਟ ਵੀ ਸਥਾਪਿਤ ਕੀਤਾ ਗਿਆ ਹੈ। ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਜਿ਼ਲ੍ਹੇ ਦੇ ਲੋਕਾਂ ਨੂੰ ਬਿਤਹਰ ਸਿਹਤ ਸਹੁਲਤਾਂ ਮਿਲ ਸਕਣਗੀਆਂ।
ਇਸ ਤੋਂ ਇਲਾਵਾ ਫਾਜਿ਼ਲਕਾ ਵਿਖੇ ਪੰਜਾਬ ਸਰਕਾਰ ਵੱਲੋਂ 50 ਬਿਸਤਰਿਆਂ ਦਾ ਟਰਸਰੀ ਕੈਂਸਰ ਕੇਅਰ ਸੈਂਟਰ ਵੀ 45 ਕਰੋੜ ਦੀ ਲਾਗਤ ਨਾਲ ਉਸਾਰੀ ਅਧੀਨ ਹੈ ਅਤੇ ਇਸ ਦਾ ਕੰਮ ਵੀ 31 ਮਾਰਚ 2022 ਤੱਕ ਮੁੰਕਮਲ ਹੋ ਜਾਵੇਗਾ।
ਦੂਜ਼ੇ ਪਾਸੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਬਣੇ ਨਵੇਂ ਸ਼ਹੀਦ ਊੱਧਮ ਸਿੰਘ ਬੱਸ ਟਰਮੀਨਲ (ਬੱਸ ਅੱਡੇ) ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਇਸਦਾ ਨਿਰਮਾਣ ਮੰਡੀ ਬੋਰਡ ਨੇ ਕੀਤਾ ਹੈ।ਇਸ ਦੇ ਨਿਰਮਾਣ ਤੇ 5 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ 5 ਏਕੜ ਵਿਚ ਹੈ। ਬੱਸ ਸਟੈਂਡ ਦੀ ਇਮਾਰਦ ਦਾ ਏਰੀਆਂ 15000 ਵਰਗ ਫੁੱਟ ਹੈ। ਇਸ ਵਿਚ ਕਾਰ/ਸਕੂਟਰ ਪਾਰਕਿੰਗ ਲਈ 18000 ਵਰਗ ਫੁੱਟ ਦਾ ਖੇਤਰ ਨਿਰਧਾਰਤ ਕੀਤਾ ਗਿਆ ਹੈ। ਇਕੋ ਮੌਕੇ 6 ਰੂਟਾਂ ਲਈ ਬੱਸਾਂ ਲੱਗ ਸਕਣਗੀਆਂ ਅਤੇ ਇਸ ਵਿਚ 2 ਹੋਰ ਬੱਸ ਵੇਅਜ ਦਾ ਵਾਧਾ ਜਰੂਰਤ ਅਨੁਸਾਰ ਕੀਤਾ ਜਾ ਸਕਦਾ ਹੈ। ਇਸ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਿਚ ਯਾਤਾਯਾਤ ਵਿਵਸਥਾ ਵਿਚ ਵੱਡਾ ਸੁਧਾਰ ਆਵੇਗਾ।