PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਮੁਜ਼ੱਫਰਨਗਰ ਮਹਾਂ-ਪੰਚਾਇਤ  ਲਈ ਕੀਤੀ ਠੋਸ ਵਿਉਂਤਬੰਦੀ

Advertisement
Spread Information

5 ਸਤੰਬਰ ਦੀ ਮੁਜ਼ੱਫਰਨਗਰ ਮਹਾਂ-ਪੰਚਾਇਤ  ਲਈ ਠੋਸ ਵਿਉਂਤਬੰਦੀ ਕੀਤੀ; ਸ਼ਮੂਲੀਅਤ ਲਈ ਭਾਰੀ ਉਤਸ਼ਾਹ।

 ਪੰਜਾਬ, ਹਰਿਆਣਾ ਤੋਂ ਬਾਅਦ ਯੂ.ਪੀ ਵਿੱਚ ਵੀ ਘੇਰੇ ਜਾਣ ਲੱਗੇ ਬੀਜੇਪੀ ਨੇਤਾ; ਲਾਠੀਚਾਰਜ ਵਿਰੁੱਧ ਰੋਹ ਪੂਰੇ ਦੇਸ਼ ‘ਚ ਫੈਲਿਆ: ਕਿਸਾਨ ਆਗੂ


ਪਰਦੀਪ ਕਸਬਾ  ,ਬਰਨਾਲਾ:  01 ਸਤੰਬਰ, 2021

        ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 336 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ 5 ਸਤੰਬਰ ਨੂੰ ਮੁਜ਼ੱਫਰਨਗਰ ‘ਚ ਹੋਣ ਵਾਲੀ ਮਹਾਂ-ਪੰਚਾਇਤ ਵਿੱਚ ਸ਼ਮੂਲੀਅਤ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਆਗੂਆਂ ਨੇ ਕਿਹਾ ਕਿ ਮੁਜ਼ੱਫਰਨਗਰ ਰੈਲੀ ਦੀ ਇਤਿਹਾਸਕ ਮਹੱਤਤਾ ਹੈ ਕਿਉਂਕਿ ਇਹ ਰੈਲੀ ਯੂ.ਪੀ ਦੀਆਂ ਵਿਧਾਨ ਸਭਾ ਚੋਣਾਂ ਉਪਰ ਬਹੁਤ ਨਿਰਨਾਇਕ ਅਸਰ ਪਾਉਣ ਦੀ ਸੰਭਾਵਨਾ ਰੱਖਦੀ ਹੈ। ਰੈਲੀ ਲਈ ਲਾਮਬੰਦੀ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਰੈਲੀ ਲਈ ਜਾਣ ਦੇ ਇੱਛੁਕਾਂ ਨੂੰ ਆਪਣੇ ਨਾਂਅ ਦਰਜ ਕਰਵਾਉਣ ਦੀ ਅਪੀਲ ਕੀਤੀ ਗਈ ਤਾਂ ਜੁ ਜਰੂਰਤ ਅਨੁਸਾਰ ਆਵਾਜਾਈ ਦੇ ਇੰਤਜਾਮ ਕੀਤੇ ਜਾ ਸਕਣ। ਨਾਂਅ ਲਿਖਵਾਉਣ ਲਈ ਧਰਨਾਕਾਰੀਆਂ ਵਿਚ ਬਹੁਤ ਉਤਸ਼ਾਹ ਪਾਇਆ ਗਿਆ। 

ਅੱਜ ਪੀਐਸਪੀਸੀਐਲ ਦੇ ਸਾਬਕਾ ਇੰਜੀਨੀਅਰ ਸੁਖਚੈਨ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕਰ ਕੇ ਅਤੇ ਮੋਰਚੇ ਦੀ ਆਰਥਿਕ ਸਹਾਇਤਾ ਦੇ ਕੇ ਕਿਸਾਨ ਅੰਦੋਲਨ ਨਾਲ ਸਾਂਝ ਪਾਈ।

   ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਬਾਬੂ ਸਿੰਘ ਖੁੱਡੀ ਕਲਾਂ,ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਬਲਵਿੰਦਰ ਕੌਰ ਖੁੱਡੀ, ਨਛੱਤਰ ਸਿੰਘ ਸਹੌਰ, ਗੁਰਮੀਤ ਕੌਰ ਖੁੱਡੀ, ਬਲਜੀਤ ਸਿੰਘ ਚੌਹਾਨਕੇ, ਗੁਰਜੰਟ ਸਿੰਘ ਹਮੀਦੀ,ਜਸਪਾਲ ਕੌਰ ਕਰਮਗੜ੍ਹ, ਗੁਰਚਰਨ ਸਿੰਘ ਸੁਰਜੀਤਪੁਰਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਡਰਾਉਣ ਦੀ ਕੋਝੀ ਮਨਸ਼ਾ ਨਾਲ ਕੀਤੇ ਗਏ ਵਹਿਸ਼ੀ ਲਾਠੀਚਾਰਜ ਸਰਕਾਰ ਨੂੰ ਪੁੱਠਾ ਪੈਣ ਲੱਗਿਆ ਹੈ। ਇਸ ਸਰਕਾਰੀ ਜਬਰ ਵਿਰੁੱਧ ਰੋਹ ਪੂਰੇ ਦੇਸ਼ ਵਿੱਚ ਫੈਲ ਗਿਆ ਹੈ ਅਤੇ ਦਰਜਨਾਂ ਸੂਬਿਆਂ ਦੇ ਮੁੱਖਮੰਤਰੀਆਂ ਨੇ ਇਸ ਅਣਮਨੁੱਖੀ ਬਰਬਰਤਾ ਦੀ ਨਿਖੇਧੀ ਕੀਤੀ ਹੈ।

ਪੰਜਾਬ ਤੇ ਹਰਿਆਣਾ ‘ਚ ਬੀਜੇਪੀ ਨੇਤਾਵਾਂ ਦੇ ਆਏ ਦਿਨ ਹੁੰਦੇ ਘਿਰਾਉ ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਹ  ਸੁਲੱਖਣਾ ਵਰਤਾਰਾ ਹੁਣ ਯੂ.ਪੀ. ਵਿੱਚ ਵੀ ਫੈਲਣ ਲੱਗਾ ਹੈ। ਉਥੇ ਵੀ ਸੱਤਾਧਾਰੀ ਪਾਰਟੀ ਨੂੰ ਕਿਸਾਨ ਅੰਦੋਲਨ ਦਾ ਸੇਕ ਮਹਿਸੂਸ ਹੋਣ ਲੱਗਾ ਹੈ। ਕੱਲ੍ਹ ਕਿਸਾਨਾਂ ਨੇ ਖਤੌਲੀ ਹਲਕੇ ਤੋਂ ਬੀਜੇਪੀ ਐਮਐਲਏ  ਵਿਕਰਮ ਸਿੰਘ ਸੈਣੀ ਦਾ ਮੀਰਾਪੁਰ ਦਲਪਤ ਪਹੁੰਚਣ ‘ਤੇ ਘਿਰਾਉ ਕੀਤਾ ਗਿਆ ਅਤੇ ਕਾਲੇ ਝੰਡੇ ਦਿਖਾਏ ਗਏ। ਦੂਸਰੇ ਸੂਬਿਆਂ ਵਿਚੋਂ ਵੀ ਬੀਜੇਪੀ ਨੇਤਾਵਾਂ ਦੇ ਘਿਰਾਉ ਦੀਆਂ ਖਬਰਾਂ ਮਿਲ ਰਹੀਆਂ ਹਨ।
  ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਕਿਸਾਨੀ ਪ੍ਰਸੰਗ ਵਾਲਾ ਬੀਰਰਸੀ ਕਵੀਸ਼ਰੀ- ਗਾਇਣ ਕੀਤਾ।


Spread Information
Advertisement
Advertisement
error: Content is protected !!