ਮੀਤ ਹੇਅਰ ਨੇ ਅਕਸ਼ਦੀਪ ਨੂੰ ਓਲੰਪਿਕਸ ਦੀ ਤਿਆਰੀ ਲਈ ਸੌਂਪਿਆ 5 ਲੱਖ ਦਾ ਚੈੱਕ
ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਸਿੰਘ ਦੇ ਪਿੰਡ ਕਾਹਨੇਕੇ ਪੁੱਜ ਕੇ ਪਰਿਵਾਰ ਨੂੰ ਦਿੱਤੀ ਮੁਬਾਰਕਬਾਦ
ਪੰਜਾਬ ਸਰਕਾਰ ਵਲੋਂ ਅਕਸ਼ਦੀਪ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ: ਮੀਤ ਹੇਅਰ
ਸੋਨੀ ਪਨੇਸਰ , ਬਰਨਾਲਾ 18 ਫਰਵਰੀ 2023
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਂਚੀ ਵਿਖੇ 20 ਕਿਲੋਮੀਟਰ ਪੈਦਲ ਤੋਰ ਵਿੱਚ ਨਵੇਂ ਨੈਸ਼ਨਲ ਰਿਕਾਰਡ ਨਾਲ ਓਲੰਪਿਕ ਤੇ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਹੋਏ ਅਥਲੀਟ ਅਕਸ਼ਦੀਪ ਸਿੰਘ ਨੂੰ ਅੱਜ ਪਿੰਡ ਕਾਹਨੇਕੇ ਪੁੱਜ ਕੇ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਇਸ ਤੋਂ ਪਹਿਲਾਂ ਖੇਡ ਮੰਤਰੀ ਮੀਤ ਹੇਅਰ ਨੇ ਚੰਡੀਗੜ੍ਹ ਵਿਖੇ ਅਕਸ਼ਦੀਪ ਸਿੰਘ ਨੂੰ ਪੈਰਿਸ ਓਲੰਪਿਕਸ ਦੀ ਤਿਆਰੀ ਲਈ 5 ਲੱਖ ਰੁਪਏ ਦਾ ਚੈੱਕ ਸੌਂਪਿਆ ਤੇ ਕਿਹਾ ਕਿ ਅੱਗੇ ਵੀ ਪੰਜਾਬ ਸਰਕਾਰ ਵਲੋਂ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ।
ਅੱਜ ਪਿੰਡ ਕਾਹਨੇਕੇ ਪੁੱਜੇ ਖੇਡ ਮੰਤਰੀ ਮੀਤ ਹੇਅਰ ਨੇ ਅਕਸ਼ਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਇਹੋ ਕਹਿਣਾ ਹੈ ਕਿ ਖਿਡਾਰੀ ਨੂੰ ਤਮਗ਼ਾ ਜਿੱਤਣ ਤੋਂ ਬਾਅਦ ਸਨਮਾਨਿਤ ਕਰਨ ਦੇ ਨਾਲ ਉਸ ਨੂੰ ਖੇਡਾਂ ਦੀ ਤਿਆਰੀ ਲਈ ਨਗਦ ਇਨਾਮ ਦੇਣਾ ਹੋਰ ਵੀ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਅਕਸ਼ਦੀਪ ਨੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ ਕਿਉਂਕਿ ਪੈਰਿਸ ਓਲੰਪਿਕਸ ਲਈ ਕੁਆਲੀਫਾਈ ਹੋਣ ਵਾਲਾ ਉਹ ਦੇਸ਼ ਦਾ ਪਹਿਲਾ ਅਥਲੀਟ ਹੈ।
ਦੱਸਣਯੋਗ ਹੈ ਕਿ ਪਿੰਡ ਕਾਹਨੇਕੇ ਦੇ ਰਹਿਣ ਵਾਲੇ ਅਕਸ਼ਦੀਪ ਸਿੰਘ ਨੇ ਰਾਂਚੀ ਵਿਖੇ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ 20 ਕਿਲੋਮੀਟਰ ਪੈਦਲ ਤੋਰ ਵਿੱਚ 1.19.55 ਸਮੇਂ ਦੇ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ।
ਖੇਡ ਮੰਤਰੀ ਵੱਲੋਂ ਕਾਹਨੇਕੇ ਵਿਖੇ ਅਕਸ਼ਦੀਪ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਿਯੁਕਤ ਰਾਮ ਤੀਰਥ ਮੰਨਾ, ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਨਿਯੁਕਤ ਤਰਸੇਮ ਸਿੰਘ ਕਾਹਨੇਕੇ, ਸਿਵਲ ਸਰਜਨ ਡਾ. ਜਸਬੀਰ ਔਲਖ, ਕੋਚ ਜਸਪ੍ਰੀਤ ਸਿੰਘ, ਕੋਚ ਹਰਨੇਕ ਸਿੰਘ, ਸਰਪੰਚ ਸਤਨਾਮ ਸਿੰਘ, ਇਸ਼ਵਿੰਦਰ ਜੰਡੂ, ਸ੍ਰੀ ਅੰਕੁਰ ਅਤੇ ਹੋਰ ਪਤਵੰਤੇ ਹਾਜ਼ਰ ਸਨ।