ਮਿਲਿਆ ਭਰੋਸਾ , ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੀ ਹੋਈ ਮੁੱਖ ਮੰਤਰੀ ਅਤੇ ਸਕੱਤਰ ਨਾਲ ਮਿਲਣੀ
ਮਿਲਿਆ ਭਰੋਸਾ , ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੀ ਹੋਈ ਮੁੱਖ ਮੰਤਰੀ ਅਤੇ ਸਕੱਤਰ ਨਾਲ ਮਿਲਣੀ
3 ਅਕਤੂਬਰ ਦੀ ਚਿਤਾਵਨੀ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 24 ਸਤੰਬਰ 2021
ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ ਸਾਢੇ ਚਾਰ ਸਾਲ ਤੋ ਸੰਘਰਸ਼ ਕਰਦੇ ਆ ਰਹੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੂੰ ਪਹਿਲੀ ਵਾਰ ਮੁੱਖ ਮੰਤਰੀ ਦੀ ਮਿਲਣੀ ਨਸੀਬ ਹੋਈ ਹੈ।
ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਮੁੱਚੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਤੱਕ ਆਪਣੀਆਂ ਮੰਗਾਂ ਪੁਚਾਉਣ ਮਗਰੋਂ 24 ਸਤੰਬਰ ਨੂੰ ਖਰੜ ਵਿਖੇ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਉਲੀਕਿਆ ਗਿਆ ਸੀ।ਪ੍ਰੰਤੂ ਮੋਹਾਲੀ ਪ੍ਰਸ਼ਾਸ਼ਨ ਵੱਲੋ ਬੇਰੁਜ਼ਗਾਰਾਂ ਦੀ ਮਿਲਣੀ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਨਿਸਚਿਤ ਕਰਵਾਈ ਗਈ ਸੀ।
ਜਿਸ ਤੇ ਚੱਲਦਿਆਂ ਅੱਜ ਪ੍ਰਮੁੱਖ ਸਕੱਤਰ ਅਤੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨਾਲ ਮਿਲਣੀ ਹੋਈ। ਮੀਟਿੰਗ ਵਿੱਚ ਅਮਨ ਸੇਖਾ,ਸੰਦੀਪ ਗਿੱਲ,ਗਗਨਦੀਪ ਕੌਰ,ਨਰਿੰਦਰ ਫਾਜਲਿਕਾ ਅਤੇ ਕੁਲਵੰਤ ਲੋਂਗੋਵਾਲ ਸ਼ਾਮਿਲ ਹੋਏ।
ਬੇਰੁਜ਼ਗਾਰਾਂ ਵੱਲੋ 9 ਮਹੀਨੇ ਤੋ ਕੀਤੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਦੇ ਪੱਕੇ ਘਿਰਾਓ,21 ਅਗਸਤ ਤੋ ਸੰਗਰੂਰ ਵਿਖੇ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠੇ ਹੋਏ ਮੁਨੀਸ਼ ਕੁਮਾਰ ਸਮੇਤ ਸਮੁੱਚੀਆਂ ਮੰਗਾਂ ਤੋ ਜਾਣੂ ਕਰਵਾਇਆ ਗਿਆ।
ਓਹਨਾ ਬੇਰੁਜ਼ਗਾਰ ਯੂਨੀਅਨ ਨੂੰ ਸਾਰੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੰਦੇ ਹੋਏ ਕੁਝ ਕੁ ਦਿਨਾਂ ਦਾ ਸਮਾਂ ਮੰਗਿਆ। ਓਹਨਾ ਕਿਹਾ ਕਿ ਉਹ ਰੁਜ਼ਗਾਰ ਦੇ ਮਸਲੇ ਨੂੰ ਪ੍ਰਮੁੱਖਤਾ ਨਾਲ ਹੱਲ ਕਰਨਗੇ ਕਿਓਕਿ ਓਹਨਾ ਦੀ ਸਰਕਾਰ ਰੁਜ਼ਗਾਰ ਮੁੱਹਈਆ ਕਰਨ ਲਈ ਹੀ ਬਣੀ ਹੈ।
ਬੇਰੁਜ਼ਗਾਰਾਂ ਨੇ ਦੱਸਿਆ ਕਿ ਸੰਗਰੂਰ ਚਲਦਾ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਸਰਕਾਰ ਵੱਲੋਂ ਮਿਲਿਆ ਭਰੋਸਾ ਜੇਕਰ ਲਾਗੂ ਨਾ ਹੋਇਆ ਤਾਂ 3 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਹਰਦੀਪ ਫਾਜਲਿਕਾ ਤੋ ਇਲਾਵਾ ਰਿੰਪੀ ਕੌਰ ਆਦਿ ਵੀ ਹਾਜ਼ਰ ਸਨ।