ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪਿੰਡ ਪੱਧਰ ਉੱਤੇ ਮੁੜ ਕੈਂਪ ਜਲਦ ਸ਼ੁਰੂ ਕੀਤੇ ਜਾਣਗੇ : ਡਿਪਟੀ ਕਮਿਸ਼ਨਰ
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪਿੰਡ ਪੱਧਰ ਉੱਤੇ ਮੁੜ ਕੈਂਪ ਜਲਦ ਸ਼ੁਰੂ ਕੀਤੇ ਜਾਣਗੇ : ਡਿਪਟੀ ਕਮਿਸ਼ਨਰ
–ਆਮ ਜਨਤਾ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ
–ਜ਼ਿਲ੍ਹਾ ਬਰਨਾਲਾ ਚ 61000 ਤੋਂ ਵੱਧ ਪੌਦੇ ਲਗਾਏ ਗਏ
ਪਰਦੀਪ ਕਸਬਾ , ਬਰਨਾਲਾ, 8 ਸਤੰਬਰ 2021
ਆਮ ਜਨਤਾ ਤੱਕ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪਿੰਡ ਪੱਧਰੀ ਕੈਂਪ ਜਲਦ ਹੀ ਮੁੜ ਸ਼ੁਰੂ ਕੀਤੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਕਾਰਣ ਇਸ ਯੋਜਨਾ ਤਹਿਤ ਕੈਂਪ ਲਗਾਉਣੇ ਬੰਦ ਕਰ ਅਤੇ ਗਏ ਸਨ, ਹੁਣ ਮੁੜ ਇਨ੍ਹਾਂ ਨੂੰ ਸ਼ੁਰੂ ਕੀਤਾ ਜਾਵੇਗਾ।
ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਮਹੀਨਾਵਾਰ ਮੀਟਿੰਗ ਦੌਰਾਨ ਵੱਖ-ਵੱਖ ਅਧਿਕਾਰੀਆਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਨਵਲ ਰਾਮ ਨੂੰ ਹਿਦਾਇਤ ਕੀਤੀ ਕਿ ਉਹ ਲੜੀਵਾਰ ਪਿੰਡਾਂ ਚ ਇਹ ਕੈਂਪ ਲਗਾਉਣ ਦਾ ਸ਼ਡਿਊਲ ਤਿਆਰ ਕਰ ਲੈਣ ਤਾਂ ਜੋ ਹਰ ਇਕ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਸਾਰੇ ਸਰਕਾਰੀ ਵਿਭਾਗ ਇਕ ਥਾਂ ਉੱਤੇ ਕੈਂਪ ਲਗਾਉਂਦੇ ਹਨ, ਜਿੱਥੇ ਲੋਕਾਂ ਨੂੰ ਸਾਰੀਆਂ ਹੀ ਸਰਕਾਰੀ ਸਕੀਮਾਂ ਬਾਰੇ ਇਕ ਹੀ ਮੰਚ ਉੱਤੇ ਸੂਚਨਾ ਮਿਲਦੀ ਹੈ। ਸੂਚਨਾ ਦੇ ਨਾਲ-ਨਾਲ ਵੱਖ-ਵੱਖ ਤਰੀਕੇ ਦੇ ਫ਼ਾਰਮ ਭਰਨ ਵਿੱਚ ਵੀ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ।
ਮੀਟਿੰਗ ਦੌਰਾਨ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵਲੋਂ ਹੁਣ ਤੱਕ ਇਸ ਸਾਲ ਵਿੱਚ 611000 ਪੌਦੇ ਲਗਾਏ ਗਏ ਹਨ। ਇਹ ਪੌਦੇ ਨਾਲਿਆਂ ਦੇ ਨਾਲ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ ਕਿ ਪੇਂਡੂ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਖ਼ਾਲੀ ਪਈਆਂ ਸ਼ਾਮਲਾਟ ਜ਼ਮੀਨਾਂ ਉੱਤੇ ਪੌਦੇ ਲਗਾਏ ਜਾਣ।
ਇਸ ਤੋਂ ਇਲਾਵਾ ਮਗਨਰੇਗਾ ਤਹਿਤ ਕਰਵਾਏ ਜਾ ਰਹੇ ਕੰਮ, ਸੀਚੇਵਾਲ ਮਾਡਲ ਅਤੇ ਥਾਪਰ ਮਾਡਲ ਤਹਿਤ ਬਣਵਾਏ ਜਾ ਰਹੇ ਪਿੰਡਾਂ ਦੇ ਛੱਪੜ ਆਦਿ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਨਵਲ ਰਾਮ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ਚ ਰੁਪਏ 89 ਲੱਖ ਖਰਚ ਕਰਕੇ 19 ਨਵੇਂ ਖੇਡ ਮੈਦਾਨ ਬਣਾਏ ਗਏ ਹਨ, ਜਿਨ੍ਹਾਂ ਚ ਪਿੰਡਾਂ ਦੇ ਨੌਜਵਾਨਾਂ ਅਤੇ ਬੱਚਿਆਂ ਲਈ ਮੰਗ ਅਨੁਸਾਰ ਵਾਲੀਬਾਲ, ਬਾਸਕਟਬਾਲ, ਅਥਲੈਟਿਕ ਟ੍ਰੈਕਸ ਆਦਿ ਸਬੰਧੀ ਸਹੂਲਤਾਂ ਮੁਹੱਈਆ ਕਾਰਵਾਈ ਗਈਆਂ ਹਨ।
ਇਸ ਤੋਂ ਇਲਾਵਾ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮੰਗ ਅਨੁਸਾਰ ਪਿੰਡਾਂ ਦੇ ਘਰਾਂ ਚ ਪਖਾਨੇ ਬਣਾਉਣ ਲਈ 15000 ਰੁਪਏ ਪ੍ਰਤੀ ਲਾਭਪਾਤਰੀ ਦਿੱਤੇ ਜਾ ਰਹੇ ਹਨ। ਇਨ੍ਹਾਂ ਲਾਭਪਾਤਰੀਆਂ ਨੂੰ 5000-5000 ਰੁਪਏ ਦੀਆਂ ਤਿੰਨ ਕਿਸ਼ਤਾਂ ਚ ਇਹ ਪੈਸੇ ਦਿੱਤੇ ਜਾਂਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਨਵਲ ਰਾਮ ਤੋਂ ਇਲਾਵਾ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਵਰਜੀਤ ਵਾਲੀਆ, ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਸ਼ਰਮਾ, ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ ਅਤੇ ਹੋਰ ਅਫ਼ਸਰ ਵੀ ਮੌਜੂਦ ਸਨ।