ਮਜ਼ਦੂਰਾਂ ਦੇ ਰੋਹ ਅੱਗੇ ਝੁਕੀ ਸਰਕਾਰ, ਪੁੱਟੇ ਮੀਟਰ ਜੋੜਨ ਤੇ ਪਲਾਟਾਂ ਦੇ ਕਬਜ਼ੇ ਤੁਰੰਤ ਦੇਣ ਦੇ ਪੱਤਰ ਜਾਰੀ
*ਮਜ਼ਦੂਰਾਂ ਦੇ ਰੋਹ ਅੱਗੇ ਝੁਕੀ ਸਰਕਾਰ, ਪੁੱਟੇ ਮੀਟਰ ਜੋੜਨ ਤੇ ਪਲਾਟਾਂ ਦੇ ਕਬਜ਼ੇ ਤੁਰੰਤ ਦੇਣ ਦੇ ਪੱਤਰ ਜਾਰੀ
*23 ਸਤੰਬਰ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਹੋਵੇਗੀ ਮੁੜ ਮੀਟਿੰਗ
ਬਲਵਿੰਦਰਪਾਲ , ਪਟਿਆਲਾ ; 13 ਸਤੰਬਰ 2021
‘ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ’ ਦੇ ਸੱਦੇ ਤਹਿਤ ਅੱਜ ਹਜ਼ਾਰਾਂ ਮਜ਼ਦੂਰਾਂ ਦੇ ਰੋਹ ਅੱਗੇ ਝੁਕਦਿਆਂ ਕੈਪਟਨ ਸਰਕਾਰ ਮਜ਼ਦੂਰਾਂ ਦੇ ਪੱਟੇ ਹੋਏ ਮੀਟਰ ਬਿਨਾਂ ਸ਼ਰਤ ਜੋੜਨ, ਅੱਗੇ ਤੋਂ ਮੀਟਰ ਪੱਟਣੇ ਬੰਦ ਕਰਨ ਤੇ ਬਕਾਏ ਪਾਸੇ ਰੱਖਕੇ ਅੱਗੇ ਤੋਂ ਕਰੰਟ ਬਿੱਲ ਭੇਜਣ ਅਤੇ ਮਜ਼ਦੂਰਾਂ ਦੇ ਕੱਟੇ ਹੋਏ ਪਲਾਟਾਂ ਦਾ ਕਬਜ਼ਾ ਇੱਕ ਮਹੀਨੇ ਚ ਦੇਣ, ਰਿਹਾਇਸ਼ੀ ਪਲਾਟ ਅਲਾਟ ਕਰਨ ਅਤੇ ਪੰਚਾਇਤੀ ਜ਼ਮੀਨਾਂ ਦੀਆਂ ਡੰਮੀ ਬੋਲੀਆਂ ਵਾਲੀਆਂ ਵਿਵਾਦ ਗ੍ਰਸਤ ਥਾਵਾਂ ਦਾ ਨਿਪਟਾਰਾ ਕਰਨ ਦੇ ਲਿਖ਼ਤੀ ਪੱਤਰ ਜ਼ਾਰੀ ਕਰਨ ਲਈ ਮਜਬੂਰ ਹੋ ਗਈ।
ਇਸ ਪਿੱਛੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਜੇਤੂ ਰੈਲੀ ਕਰਕੇ ਮੋਤੀ ਮਹਿਲ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ।
ਇਸਤੋਂ ਇਲਾਵਾ ਮਜ਼ਦੂਰਾਂ ਦੀਆਂ ਬਾਕੀ ਮੰਗਾਂ ਜਿਵੇਂ ਸਹਿਕਾਰੀ,ਸਰਕਾਰੀ ਤੇ ਗੈਰ ਸਰਕਾਰੀ ਕਰਜ਼ਿਆਂ ਦੀ ਮੁਆਫ਼ੀ, ਸਹਿਕਾਰੀ ਸਭਾਵਾਂ ਵਿੱਚ ਬਿਨਾਂ ਸ਼ਰਤ ਬੇਜ਼ਮੀਨੇ ਮਜ਼ਦੂਰਾਂ ਨੂੰ ਮੈਂਬਰ ਬਣਾਉਣ, ਕੱਟੇ ਹੋਏ ਨੀਲੇ ਕਾਰਡ ਬਹਾਲ ਕਰਨ ਤੇ ਲੋੜਵੰਦ ਪਰਿਵਾਰਾਂ ਦੇ ਕਾਰਡ ਬਣਾਉਣ ਤੇ
ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨ, ਬੁਢਾਪਾ-ਵਿਧਵਾ-ਅੰਗਹੀਨ-ਆਸ਼ਰਿਤ ਪੈਨਸ਼ਨਾਂ ਦੀ ਰਾਸ਼ੀ ‘ਚ ਵਾਧਾ ਕਰਨ ਤੇ ਉਮਰ ਹੱਦ ਘਟਾਉਣ, ਸਮਾਜਿਕ ਜ਼ਬਰ ਦੇ ਖਾਤਮੇ ਤੇ ਐੱਸ ਸੀ ਐਕਟ ਤਹਿਤ ਦਰਜ਼ ਕੇਸਾਂ ਸੰਬੰਧੀ ਬਣਦੀ ਕਾਰਵਾਈ ਕਰਨ ਆਦਿ ਦੇ ਨਿਪਟਾਰੇ ਲਈ 23 ਸਤੰਬਰ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ਼ ਸਿੰਘ, ਮੁੱਖ ਮੰਤਰੀ ਦੇ ਪ੍ਰਿੰਸੀਪਾਲ ਸਕੱਤਰ ਐਮ ਪੀ ਸਿੰਘ ਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ਼ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਮੀਟਿੰਗ ਬਾਰੇ ਵੀ ਪੱਤਰ ਅਧਿਕਾਰੀਆਂ ਵਲੋਂ ਮਜ਼ਦੂਰ ਆਗੂਆਂ ਨੂੰ ਸੌਂਪਿਆ ਗਿਆ।
ਇਸ ਮੌਕੇ ਮਜ਼ਦੂਰ ਆਗੂਆਂ ਨੇ ਇਸ ਨੂੰ ਅੰਸ਼ਕ ਜਿੱਤ ਕਰਾਰ ਦਿੰਦਿਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜ਼ਾਰੀ ਰੱਖਣ ਦਾ ਐਲਾਨ ਕੀਤਾ
ਇਸ ਸਬੰਧੀ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਕਸ਼ਮੀਰ ਸਿੰਘ ਘੁੱਗਸ਼ੋਰ ਤੇ ਬਲਦੇਵ ਸਿੰਘ ਨੂਰਪੁਰੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਫੈਸਲਿਆਂ ਬਾਰੇ ਪਟਿਆਲਾ ਦੇ ਤਹਿਸੀਲਦਾਰ ਤੇ ਐਸ ਪੀ ਕੇਸਰ ਸਿੰਘ ਵੱਲੋਂ ਮਜ਼ਦੂਰਾਂ ਦੇ ਇਕੱਠ ‘ਚ ਆ ਕੇ ਐਲਾਨ ਕੀਤਾ ਗਿਆ ਤੇ ਪੱਤਰ ਸੌਂਪੇ ਗਏ। ਉਨ੍ਹਾੰ ਦੱਸਿਆ ਕਿ ਅੱਜ ਸਵੇਰ ਤੋਂ ਹੀ ਡੀ ਆਈ ਜੀ ਸ੍ਰੀ ਗੁਰਪ੍ਰੀਤ ਸਿੰਘ ਤੂਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਪਟਿਆਲਾ ਵੱਲੋਂ ਮਜ਼ਦੂਰ ਆਗੂਆਂ ਨਾਲ਼ ਕਈ ਗੇੜ ਦੀ ਗੱਲਬਾਤ ਕੀਤੀ ਗਈ।
ਉਹਨਾਂ ਦੱਸਿਆ ਕਿ ਅੱਜ ਸਵੇਰ ਤੋਂ ਮਜ਼ਦੂਰ ਮਰਦ-ਔਰਤਾਂ ਖੌਲਦੇ ਰੋਹ ਨਾਲ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਘਿਰਾਓ ਲਈ ਬਾਰਾਂਦਰੀ ਲਾਗੇ ਤੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਸਾਹਮਣੇ ਵਾਲੀ ਸੜਕ ਮੱਲਕੇ ਬੈਠ ਗਏ। ਹਜ਼ਾਰਾਂ ਮਜ਼ਦੂਰਾਂ ਦੇ ਜੁੜੇ ਇਕੱਠ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਸਮਾਓ, ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਪੇਡੁ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਲਖਵੀਰ ਸਿੰਘ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਮਿੰਟੂ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਮਜ਼ਦੂਰਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਅਤੇ 25 ਅਗਸਤ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੇ ਫੈਸਲੇ ਲਾਗੂ ਕਰਨ ਤੋਂ ਵੀ ਭੱਜ ਗਈ ਹੈ। ਹੋਰਨਾਂ ਤੋਂ ਇਲਾਵਾ ਮਜ਼ਦੂਰ ਆਗੂ ਹਰਮੇਸ਼ ਮਾਲੜੀ, ਅਵਤਾਰ ਸਿੰਘ ਰਸੂਲਪੁਰ, ਮੱਖਣ ਸਿੰਘ ਰਾਮਗੜ੍ਹ, ਬਲਵਿੰਦਰ ਸਿੰਘ ਜਲੂਰ ,ਪ੍ਰਗਟ ਸਿੰਘ ਕਾਲਾਝਾੜ, ਚਮਨ ਲਾਲ ਦਰਾਜਕੇ , ਗੁਲਜ਼ਾਰ ਗੌਰੀਆ ਨੇ ਵੀ ਸੰਬੋਧਨ ਕੀਤਾ।