ਮਜਦੂਰ ਪਰਿਵਾਰ ਵੱਲੋਂ ਇਨਸਾਫ ਲਈ ਪਾਵਰਕਾਮ ਦਫਤਰ ਸ਼ਹਿਣਾ ਅੱਗੇ ਸੰਕੇਤਕ ਧਰਨਾ
ਮਜਦੂਰ ਪਰਿਵਾਰ ਵੱਲੋਂ ਇਨਸਾਫ ਲਈ ਪਾਵਰਕਾਮ ਦਫਤਰ ਸ਼ਹਿਣਾ ਅੱਗੇ ਸੰਕੇਤਕ ਧਰਨਾ
ਰਘਬੀਰ ਹੈਪੀ,ਬਰਨਾਲਾ, 25 ਜਨਵਰੀ 2022
ਪਿੰਡ ਟੱਲੇਵਾਲ ਦੇ ਮਜਦੂਰ ਨੇ ਪਰਿਵਾਰ ਸਣੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਹਿਯੋਗ ਨਾਲ ਪਾਵਰਕਾਮ ਦਫਤਰ ਸ਼ਹਿਣਾ ਅੱਗੇ ਸੰਕੇਤਕ ਧਰਨਾ ਦੇ ਕੇ ਘਰੇਲੂ ਮੀਟਰ ਸਿਫਟ ਕਰਨ ਦੀ ਮੰਗ ਕੀਤੀ। ਇਸ ਸਮੇਂ ਪੀੜ੍ਹਤ ਲੱਡੂ ਰਾਮ ਪੁੱਤਰ ਦਾਰੀ ਰਾਮ ਵਾਸੀ ਟੱਲੇਵਾਲ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾ ਉਸ ਨੇ ਆਪਣੇ ਮਕਾਨ ਦੀ ਉਸਾਰੀ ਸਮੇਂ ਮਕਾਨ ਨਾਲ ਲੰਘਦੀ ਬਿਜਲੀ ਸਪਲਾਈ ਦੀ ਲਾਈਨ ਠੀਕ ਕਰਨ ਸਬੰਧੀ ਪਾਵਰਕਾਮ ਵਿਭਾਗ ਦੇ ਜੇਈ ਨੂੰ ਮਿਲਿਆ ਸੀ। ਜਿੰਨ੍ਹਾਂ ਨੇ 5-6 ਫੁੱਟ ਜਗ੍ਹਾ ਛੱਡ ਕੇ ਮਕਾਨ ਦੀ ਉਸਾਰੀ ਕਰਨ ਲਈ ਕਹਿ ਦਿੱਤਾ, ਪਰ ਹੁਣ ਜਦ ਮਕਾਨ ਤਿਆਰ ਹੋਣ ‘ਤੇ ਮੀਟਰ ਸਿਫਟ ਕਰਨ ਲਈ ਫਾਈਲ ਜਮ੍ਹਾ ਕਰਵਾਈ ਤਾਂ ਜੇਈ ਚਮਕੌਰ ਸਿੰਘ ਨੇ ਮੀਟਰ ਸਿਫਟ ਕਰਨ ਦੀ ਬਜਾਏ ਲਾਰਾ ਲਾਊ, ਡੰਗ ਟਪਾਊ ਨੀਤੀ ਅਪਣਾਈ। ਪੀੜ੍ਹਤ ਨੇ ਦੱਸਿਆ ਕਿ ਹੁਣ ਵਾਰ-ਵਾਰ ਚੱਕਰ ਲਗਾਉਣ ਤੋਂ ਬਾਅਦ ਮੀਟਰ ਸਿਫਟ ਕਰਨ ਲਈ 85 ਹਜ਼ਾਰ ਰੁਪਏ ਦੀ ਮੰਗ ਕਰਨ ਲੱਗ ਪਿਆ। ਉਸ ਨੇ ਦੱਸਿਆ ਕਿ ਉਹ ਮਜਦੂਰ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਇੰਨ੍ਹੇ ਰੁਪਏ ਦੇਣ ਤੋਂ ਅਸਮਰੱਥ ਹੋਣ ਕਾਰਨ ਇਸ ਮਸਲਾ ਕਿਸਾਨ ਆਗੂਆਂ ਨੇ ਧਿਆਨ ਵਿੱਚ ਲਿਆਂਦਾ ਗਿਆ। ਜਿੰਨ੍ਹਾਂ ਦੇ ਸਹਿਯੋਗ ਨਾਲ ਇੱਥੇ ਸੰਕੇਤਕ ਧਰਨਾ ਲਗਾਇਆ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਇਕਾਈ ਸ਼ਹਿਣਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, ਰਣਜੀਤ ਸਿੰਘ ਟੱਲੇਵਾਲ, ਹਰਦੀਪ ਸਿੰਘ, ਜਰਨੈਲ ਸਿੰਘ ਨੇ ਇਕ ਮਜਦੂਰ ਪਰਿਵਾਰ ਆਪਣਾ ਮੀਟਰ ਸਿਫਟ ਕਰਵਾਉਣ ਲਈ ਲਗਾਤਾਰ ਚੱਕਰ ਕੱਟ ਰਿਹਾ ਹੈ, ਪਰ ਵਿਭਾਗ ਦੇ ਅਧਿਕਾਰੀ ਪਹਿਲਾ ਖੱਜਲ ਖੁਆਰ, ਫਿਰ ਹੁਣ ਰੁਪਏ ਮੰਗਣ ਲੱਗ ਪਏ ਹਨ। ਜੋ ਮਜਦੂਰ ਪਰਿਵਾਰ ਨਾਲ ਸ਼ਰੇਆਮ ਧੱਕਾ ਹੈ। ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਇਕ ਹਫਤੇ ਵਿੱਚ ਮੀਟਰ ਸਿਫਟ ਕਰਕੇ ਨਾ ਲਗਾਇਆ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ।