Skip to content
Advertisement
ਭਾਸ਼ਾ ਵਿਭਾਗ ਪੰਜਾਬ ਵਲੋਂ 01 ਨਵੰਬਰ ਤੋਂ ਮਨਾਏ ਜਾ ਰਹੇ ਪੰਜਾਬੀ ਮਾਹ
-2021 ਦੇ ਸਮਾਗਮਾਂ ਦੀ ਲੜੀ ਤਹਿਤ ਕਵੀ ਦਰਬਾਰ ਆਯੋਜਿਤ
– ਐਸ.ਸੀ.ਡੀ. ਕਾਲਜ ਲੁਧਿਆਣਾ ਵਿਖੇ ਹੋਇਆ ਇਹ ਆਯੋਜਨ
ਦਵਿੰਦਰ.ਡੀ.ਕੇ,ਲੁਧਿਆਣਾ, 30 ਨਵੰਬਰ (2021)
ਭਾਸ਼ਾ ਵਿਭਾਗ ਪੰਜਾਬ ਵਲੋਂ 01 ਨਵੰਬਰ ਤੋਂ ਮਨਾਏ ਜਾ ਰਹੇ ਪੰਜਾਬੀ ਮਾਹ -2021 ਦੇ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਐਸ.ਸੀ.ਡੀ. ਕਾਲਜ, ਲੁਧਿਆਣਾ ਵਿਚ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਉੱਘੇ ਸ਼ਾਇਰ ਜਸਵੰਤ ਜ਼ਫ਼ਰ ਵਲੋਂ ਆਪਣੇ ਭਾਸ਼ਣ ਦੌਰਾਨ ਭਾਸ਼ਾ ਵਿਭਾਗ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ ਵਲੋਂ ਵਿਭਾਗ ਦੇ ਮੰਤਰੀ ਸ.ਪਰਗਟ ਸਿੰਘ ਵਲੋਂ ਭਾਸ਼ਾ ਐਕਟ ਵਿਚ ਕੀਤੀ ਗਈ ਸੋਧ ਨੂੰ ਬਹੁਤ ਹੀ ਵਧੀਆ ਕਰਾਰ ਦਿੰਦਿਆ ਕਿਹਾ ਕਿ ਅਸੀ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਇਸੇ ਤਰ੍ਹਾਂ ਹੀ ਮਾਂ ਬੋਲੀ ਦੀ ਤਰੱਕੀ ਲਈ ਉਪਰਾਲੇ ਕਰਦੀ ਰਹੇਗੀ।
ਸਮਾਗਮ ਦੇ ਸ਼ੁਰੂ ਵਿਚ ਵਿਭਾਗ ਦੇ ਸਹਾਇਕ ਡਾਇਰੈਕਟਰ ਸ. ਸਤਨਾਮ ਸਿੰਘ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ, ਸਾਹਿਤਕਾਰਾਂ ਅਤੇ ਸ਼ਾਇਰਾਂ ਨੂੰ ਜੀ ਆਇਆਂ ਆਖਿਆ ਅਤੇ ਵਿਭਾਗ ਵਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਦਾ ਮਨੋਰਥ ਵੀ ਦੱਸਿਆ। ਵਿਭਾਗ ਵਲੋਂ ਆਪਣੀ ਸਥਾਪਨਾ 1948 ਤੋਂ ਕੀਤੇ ਜਾ ਰਹੇ ਕੰਮਾਂ ਜਿਵੇਂ ਕਿ ਸਾਹਿਤਕਾਰਾਂ ਦਾ ਸਨਮਾਨ, ਗਰੀਬ ਲੇਖਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਪੈਨਸ਼ਨਾਂ/ਮਾਲੀ ਸਹਾਇਤਾਂ ਅਤੇ ਵਿਭਾਗ ਵਲੋਂ ਛਾਪੇ ਗਏ 1500 ਟਾਈਟਲਾਂ ਬਾਰੇ ਵੀ ਦੱਸਿਆ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਪ੍ਰੋ. ਸੁਮਨ ਲਤਾ ਵਲੋਂ ਮਾਣਯੋਗ ਸਕੱਤਰ, ਉਚੇਰੀ ਸਿੱਖਿਆ ਤੇ ਭਾਸ਼ਾ ਦੀ ਸ਼ਲਾਘਾ ਕਰਦਿਆਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਸਾਰੇ ਪੰਜਾਬ ਵਿਚ ਵੱਖ-ਵੱਖ ਸ਼ਹਿਰਾਂ ਦੇ ਕਾਲਜਾਂ ਵਿਚ ਕੀਤੇ ਜਾ ਰਹੇ ਸਮਾਗਮਾਂ ਨਾਲ ਵਿਦਿਆਰਥੀਆਂ ਦੇ ਮਨਾਂ ਅੰਦਰ ਇਕ ਨਵੀਂ ਜਾਗਰਤੀ ਆ ਰਹੀ ਹੈ ਅਤੇ ਉਹ ਵੱਧ ਤੋਂ ਵੱਧ ਪੁਸਤਕਾਂ ਖ੍ਰੀਦ ਕੇ ਸਾਹਿਤ ਨਾਲ ਜੁੜ ਰਹੇ ਹਨ।
ਸਮਾਗਮ ਦੌਰਾਨ ਬਹੁਤ ਹੀ ਉਚਪਾਏ ਕਵੀਆਂ ਸ.ਸਵਰਨਜੀਤ ਸਿੰਘ ਸਵੀ, ਸੁਰਜੀਤ ਲਾਂਬੜਾ, ਤਰਸੇਮ ਨੂਰ, ਵਰਿੰਦਰ ਜਟਵਾਨੀ, ਜਸਵਿੰਦਰ ਧਨਾਨਸੂ, ਡਾ. ਸੰਦੀਪ ਸ਼ਰਮਾ ਤੋਂ ਇਲਾਵਾ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ੍ਰੀ ਜਸਵੰਤ ਜ਼ਫ਼ਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਤ੍ਰੈਲੋਚਨ ਲੋਚੀ ਵਲੋਂ ਆਪਣੀਆਂ ਰਚਨਾਵਾਂ ਨਾਲ ਆਏ ਦਰਸ਼ਕਾਂ ਅਤੇ ਵਿਦਿਆਰਥੀਆਂ ਨੂੰ ਮੰਤਰ ਮੁਗਧ ਕੀਤਾ। ਮੰਚ ਸੰਚਾਲਨ ਤੇਜਿੰਦਰ ਸਿੰਘ ਗਿੱਲ ਸਹਾਇਕ ਡਾਇਰੈਕਟਰ ਵਲੋਂ ਕੀਤਾ ਗਿਆ। ਇਸ ਸਮਾਗਮ ਵਿਚ ਡਾ. ਸੰਦੀਪ ਸ਼ਰਮਾ, ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਇਸ ਮੌਕੇ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਮੁੱਖ ਦਫ਼ਤਰ ਪਟਿਆਲਾ ਤੋਂ ਪਹੁੰਚੇ ਵਿਭਾਗ ਦੇ ਅਧਿਕਾਰੀ ਸ. ਸਤਨਾਮ ਸਿੰਘ ਸਹਾਇਕ ਡਾਇਰੈਕਟਰ, ਅਮਰਿੰਦਰ ਸਿੰਘ ਸਹਾਇਕ ਡਾਇਰੈਕਟਰ, ਪ੍ਰਵੀਨ ਕੁਮਾਰ ਸਹਾਇਕ ਡਾਇਰੈਕਟਰ, ਭਗਵਾਨ ਸਿੰਘ, ਗੁਰਜੀਤ ਸਿੰਘ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਦੇ ਸ੍ਰੀਮਤੀ ਭੁਪਿੰਦਰਜੀਤ ਕੌਰ ਅਤੇ ਸੁਖਦੀਪ ਸਿੰਘ ਸ਼ਾਮਲ ਹੋਏ।
Advertisement
Advertisement
error: Content is protected !!