PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪਟਿਆਲਾ

ਭਾਸ਼ਾ ਵਿਭਾਗ ਪੰਜਾਬ ਅਤੇ ਐੱਚ.ਐੱਮ.ਵੀ ਵੱਲੋਂ ਨਿਵੇਕਲੀ ਪਹਿਲ

Advertisement
Spread Information

ਭਾਸ਼ਾ ਵਿਭਾਗ ਪੰਜਾਬ ਅਤੇ ਐੱਚ.ਐੱਮ.ਵੀ ਵੱਲੋਂ ਨਿਵੇਕਲੀ ਪਹਿਲ


ਰਿਚਾ ਨਾਗਪਾਲ,ਪਟਿਆਲਾ 3 ਦਸੰਬਰ: 2021
‘ਰੇਡੀਓ ਅਤੇ ਪੰਜਾਬੀ ਭਾਸ਼ਾ’ ਬਾਰੇ ਅੰਤਰਰਾਸ਼ਟਰੀ ਵੈਬਿਨਾਰ ਦਾ ਆਯੋਜਨ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2021 ਦੇ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਬੀਤੀ 30 ਨਵੰਬਰ ਨੂੰ ਭਾਰਤੀ ਸਮੇਂ ਮੁਤਾਬਕ ਸਵੇਰੇ ਸੱਤ ਵਜੇ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਵੈਬਿਨਾਰ ਦਾ ਆਯੋਜਨ ਕੀਤਾ ਗਿਆ, ਜਿਸਦਾ ਵਿਸ਼ਾ ਸੀ ‘ਪੰਜਾਬੀ ਭਾਸ਼ਾ ਅਤੇ ਰੇਡੀਓ’। ਇਸ ਵੈਬਿਨਾਰ ਵਿੱਚ 7 ਮੁਲਕਾਂ ਦੇ ਬੁਲਾਰਿਆਂ ਨੇ ਹਿੱਸਾ ਲਿਆ ਅਤੇ ਰੇਡੀਓ ਦੇ ਖੇਤਰ ਵਿੱਚ ਪੰਜਾਬੀ ਭਾਸ਼ਾ ਦੇ ਯੋਗਦਾਨ ਅਤੇ ਪੰਜਾਬੀ ਦੇ ਪਾਸਾਰ-ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਦਾ ਬਿਆਨ ਕੀਤਾ। ਵਿਸ਼ਵ ਦੇ ਵੱਖ ਵੱਖ ਖਿੱਤਿਆਂ ਵਿੱਚ ਚੱਲ ਰਹੇ ਰੇਡੀਓਜ਼ ਅਤੇ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਕਈ ਨਵੇਂ ਪੱਖ ਸਾਹਮਣੇ ਆਏ।
ਡਾ. ਵੀਰਪਾਲ ਕੌਰ, ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਪੰਜਾਬੀ ਮਾਹ 2021 ਬਾਰੇ ਦੱਸਿਆ ਅਤੇ ਵੈਬਿਨਾਰ ‘ਚ ਹਿੱਸਾ ਲੈਣ ਵਾਲੇ ਦੇਸ਼ ਵਿਦੇਸ਼ ਦੇ ਰੇਡੀਓ ਬੁਲਾਰਿਆਂ ਦਾ ਸੁਆਗਤ ਕੀਤਾ, ਇਹ ਵੈਬਿਨਾਰ ਅਯੋਜਿਤ ਕਰਨ ਦੇ ਮੰਤਵ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਕਿਸੇ ਸਮੇਂ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਜਲੰਧਰ ਦੀਆਂ ਵਿਦਿਆਰਥਣਾਂ ਰਹੀਆਂ ਨਵਜੋਤ ਢਿੱਲੋਂ (ਕੈਨੇਡਾ) ਅਤੇ ਰਮਨਪ੍ਰੀਤ ਕੌਰ (ਭਾਰਤ) ਦੀ ਪਹਿਲ-ਕਦਮੀ, ਪ੍ਰਬੰਧਨ ਅਤੇ ਯਤਨਾਂ ਸਦਕਾ 7 ਦੇਸ਼ਾਂ ਦੇ ਪੰਜਾਬੀ ਭਾਸ਼ਾ ਅਤੇ ਰੇਡੀਓ ਦੇ ਮਾਹਿਰਾਂ ਦਾ ਇੱਕ ਮੰਚ ‘ਤੇ ਸਿਰ ਜੋੜ ਕੇ ਬੈਠਣਾ ਸੰਭਵ ਹੋ ਸਕਿਆ ਹੈ। ਉਹਨਾਂ ਕਿਹਾ ਕਿ ਅਜਿਹੇ ਸੁਹਿਰਦ ਲੋਕਾਂ ਦੇ ਸਾਰਥਕ ਉੱਦਮਾਂ ਨਾਲ ਨਿਸ਼ਚਿਤ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਹੋਰ ਰਾਹ ਖੁੱਲ੍ਹਣਗੇ ਅਤੇ ਭਾਸ਼ਾ ਵਿਭਾਗ ਪੰਜਾਬ ਅਗਾਂਹ ਵੀ ਉਹਨਾਂ ਦੇ ਅਜਿਹੇ ਯਤਨਾਂ ਲਈ ਸਾਥ ਦੇਵੇਗਾ। ਡਾ. ਸ਼੍ਰੀਮਤੀ ਅਜੇ ਸਰੀਨ, ਪ੍ਰਿੰਸੀਪਲ ਹੰਸ ਰਾਜ ਮਹਿਲਾ ਮਹਾਂ ਵਿਦਿਆਲਾ ਜਲੰਧਰ ਨੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਦੇ ਕਾਲਜ ਨੂੰ ਚੁਣੇ ਜਾਣ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਾਸਾਰ ਲਈ ਉਹਨਾਂ ਦੀ ਸੰਸਥਾ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਅਤੇ ਕਾਲਜ ਦੇ ਪੱਤਰਕਾਰੀ ਵਿਭਾਗ ਵਲੋਂ ਰੇਡੀਓ ਰਾਹੀਂ ਵੀ ਪੰਜਾਬੀ ਭਾਸ਼ਾ ਲਈ ਅਨੇਕ ਪ੍ਰੋਗਰਾਮ ਕੀਤੇ ਜਾਂਦੇ ਹਨ। ਰਮਨਪ੍ਰੀਤ ਕੌਰ, ਸ਼ਮਸ਼ੀਰ ਪ੍ਰੋਡਕਸ਼ਨਜ਼, ਜਲੰਧਰ ਨੇ ਭਾਰਤ ਵਿੱਚ ਰੇਡੀਓ ਦੇ ਆਰੰਭ ਹੋਏ ਸਫਰ ਬਾਰੇ ਗੱਲ ਕੀਤੀ ਕਿ ਰੇਡੀਓ ਅਤੇ ਪੰਜਾਬੀ ਭਾਸ਼ਾ ਅਨੇਕ ਤਰ੍ਹਾਂ ਦੇ ਉਤਾਰ-ਚੜ੍ਹਾ ‘ਚੋਂ ਗੁਜ਼ਰੇ ਹਨ। ਉਹਨਾਂ ਕਿਹਾ ਕਿ ਅਕਾਸ਼ਵਾਣੀ ਦਾ ਆਪਣਾ ਸਤਿਕਾਰਯੋਗ ਦਰਜਾ ਰਿਹਾ ਹੈ ਅਤੇ 2006-07 ਵਿੱਚ ਨਿੱਜੀ ਰੇਡੀਓ ਆਉਣ ਨਾਲ ਜਿਥੇ ਪੰਜਾਬੀ ਰੇਡੀਓ ਦਾ ਦਾਇਰਾ ਵਿਸ਼ਾਲ ਹੋਇਆਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਏ,ਪਰ ਹੌਲੀ ਹੌਲੀ ਨਿੱਜੀ ਰੇਡੀਓ ਦਾ ਤਾਂ ਵਿਸਤਾਰ ਹੋਇਆ, ਪਰ ਪੰਜਾਬੀ ਭਾਸ਼ਾ ਨੂੰ ਖੋਰਾ ਲੱਗਣਾ ਆਰੰਭ ਹੋ ਗਿਆ।
ਅੱਜ ਹਾਲਤ ਇਹ ਹੈ ਇਕੱਲੇ ਜਲੰਧਰ ਵਿਚ 4 ਨਿੱਜੀ ਅਤੇ ਇੱਕ ਸਰਕਾਰੀ ਐਫ. ਐਮ. ਰੇਡੀਓਜ਼ ਹਨ ਪਰ ਪੰਜਾਬੀ ਭਾਸ਼ਾ ਦੀ ਵਧੀਆ ਅਤੇ ਸਹੀ ਪੇਸ਼ਕਾਰੀ ਕਰਨ ਵਾਲੇ ਉਂਗਲੀਆਂ ‘ਤੇ ਵੀ ਗਿਣੇ ਜਾਣ ਵਾਲੇ ਨਹੀਂ। ਸ਼ਮੀਲ ਜਸਵੀਰ, ਰੇਡੀਓ ਰੈੱਡ ਐਫ.ਐਮ. 88.9 ਟੋਰੌਂਟੋ (ਕੈਨੇਡਾ) ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਰੇਡੀਓ ਪੰਜਾਬੀਆ ਦੇ ਇਕੱਲਤਾ ਦੇ ਅਹਿਸਾਸ ਵਿੱਚੋਂ ਪੈਦਾ ਹੋਇਆ। ਰੇਡੀਓ ਸ਼ੁਰੂ ਕਰਨ ਵਾਲੇ ਮੁੱਢਲੇ ਪੰਜਾਬੀਆਂ ਕੋਲ ਕੋਈ ਪ੍ਰੋਫੈਸ਼ਨਲ ਆਧਾਰ ਨਹੀਂ ਸੀ ਅਤੇ ਉਹ ਰੇਡੀਓ ਬਾਰੇ ਸਿਖਿਅਤ ਨਹੀਂ ਸਨ। ਪਰ ਉਨ੍ਹਾਂ ਦੇ ਯੋਗਦਾਨ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਅਤੇ ਅੱਜ-ਕਲ੍ਹ ਪੰਜਾਬੀ ਰੇਡੀਓ ਪ੍ਰੋਫ਼ੈਸ਼ਨਲਿਜ਼ਮ ਦੇ ਮਾਮਲੇ ‘ਚ ਕਿਤੇ ਵੀ ਪਿੱਛੇ ਨਹੀਂ ਹੈ। ਗੁਰਦੀਸ਼ਪਾਲ ਕੌਰ ਬਾਜਵਾ, ਮੁੱਖ ਸੰਪਾਦਕ ਮੀਡੀਆ ਪੰਜਾਬ (ਜਰਮਨੀ) 1995 ਤੋਂ ਜਰਮਨੀ ਰਹਿ ਰਹੇ ਹਨ। ਗੁਰਦੀਸ਼ਪਾਲ ਕੌਰ ਅਨੁਸਾਰ ਜਰਮਨ ਜਿਹੇ ਦੇਸ਼ਾਂ ਵਿੱਚ ਪੰਜਾਬੀ ਤਾਂ ਕੀ ਅੰਗਰੇਜ਼ੀ ਦੀ ਵੀ ਗੈਰ ਮੌਜੂਦਗੀ ਕਰਕੇ ਭਾਸ਼ਾ ਸੰਬੰਧੀ ਬਹੁਤ ਮੁਸ਼ਕਿਲਾਂ ਸਨ ਉਥੇ ਆਪਣੀ ਭਾਸ਼ਾ
ਪੰਜਾਬੀ ‘ਚ ਮੀਡੀਆ ਦਾ ਚਲਣਾ ਸੰਭਵ ਨਹੀਂ ਸੀ। ਇਸੇ ਦੌਰਾਨ ਹੀ ਉਹਨਾਂ ਨੇ ਮੀਡੀਆ ਪੰਜਾਬ ਅਦਾਰੇ ਦਾ ਆਰੰਭ ਕਰਕੇ ਪੰਜਾਬੀ ਵਿੱਚ ਮੈਗਜ਼ੀਨ, ਅਖਬਾਰ, ਟੀ.ਵੀ. ਅਤੇ ਰੇਡੀਓ ਚਲਾਏ ਜੋ ਕੋਰੋਨਾ ਤੋਂ ਪਹਿਲਾਂ ਕਾਫੀ ਵਧੀਆ ਚਲੇ ਪਰ ਆਉਣ ਵਾਲੇ ਸਮੇਂ ਵਿੱਚ ਇਹ ਸਫਰ ਫਿਰ ਅਗਾਂਹ ਵਧਣ ਲਈ ਉਹ ਆਸਵੰਦ ਹਨ। ਨਵਜੋਤ ਢਿੱਲੋਂ, ਰੇਡੀਓ ਸ਼ੇਰ-ਏ-ਪੰਜਾਬ ਏ.ਐਮ. 600, ਵੈਨਕੂਵਰ (ਕੈਨੇਡਾ) ਨੇ ‘ਰੇਡੀਓ ਅਤੇ ਪੰਜਾਬੀ ਭਾਸ਼ਾ’ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ‘ਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵੈਨਕੂਵਰ ਵਿੱਚ ਵੀ ਰੇਡੀਓ ਪੰਜਾਬੀ ਭਾਈਚਾਰੇ ਦੇ ਹੇਰਵੇ ਅਤੇ ਲੋੜਾਂ ਵਿੱਚੋਂ ਪੈਦਾ ਹੋਏ ਹਨ।ਪੰਜਾਬੀ ਰੇਡੀਓ ਅਤੇ ਪੰਜਾਬੀ ਵਪਾਰਕ ਭਾਈਚਾਰਾ ਇੱਕ ਦੂਜੇ ਤੇ ਪ੍ਰਫ਼ੁਲਿਤ ਹੋਣ ‘ਚ ਮਦਦਗ਼ਾਰ ਸਾਬਤ ਹੋ ਰਹੇ ਹਨ। ਲੋਕ ਹੀ ਨਹੀਂ ਹਰ ਪੱਧਰ ਦੀਆਂ ਵੀ ਪੰਜਾਬੀ ਰੇਡੀਓਜ਼ ਦੀ ਅਹਿਮੀਅਤ ਨੂੰ ਸਮਝਦੇ ਹਨ। ਬੇਸ਼ੱਕ ਗਿਣਤੀ
ਪੱਖੋਂ ਪੰਜਾਬੀ ਪ੍ਰੋਗਰਾਮਾਂ ਦੀ ਗਿਣਤੀ ਬਹੁਤ ਹੈ, ਪਰ ਰੇਡੀਓ ਕੰਪਨੀਆਂ ਭਾਸ਼ਾ ਦੀ ਗੁਣਵੱਤਾ ਪ੍ਰਤੀ ਗੰਭੀਰ ਨਹੀਂ ਹਨ ਅਤੇ ਨਾ ਹੀ ਉਹਨਾਂ ਦੀ ਭਾਸ਼ਾ ਪ੍ਰਚਾਰ ਜਾਂ ਪ੍ਰਸਾਰ ਦੀ ਕੋਈ ਨੀਤੀ ਹੈ। ਉਹਨਾਂ ਕਿਹਾ ਕਿ ਕਈ ਪ੍ਰੋਗਰਾਮ ਪੇਸ਼ਕਰਤਾ ਆਪਣੇ ਪੱਧਰ ‘ਤੇ ਪੰਜਾਬੀ ਲਈ ਜ਼ਰੂਰ ਨਿੱਠ ਕੇ ਕੰਮ ਕਰ ਰਹੇ ਹਨ, ਪਰ ਉਹਨਾਂ ਦੀ ਗਿਣਤੀ ਆਟੇ ‘ਚ ਲੂਣ ਬਰਾਬਰ ਹੈ।
ਨਵਜੋਤ ਢਿੱਲੋਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪਸਾਰ ਲਈ ਰੇਡੀਓ ਹਾਲੇ ਵੀ ਅਹਿਮ ਭੂਮਿਕਾ ਨਿਭਾ ਸਕਦਾ ਹੈ, ਪਰ
ਵਿਕਾਸ ਲਈ ਲੀਹਾਂ ਉਲੀਕਣ ਦੀ ਲੋੜ ਹੈ। ਹਰਜਿੰਦਰ ਕੰਗ, ਰੇਡੀਓ ਕੇ.ਬੀ.ਆਈ.ਐਫ. 900 ਏ.ਐਮ. (ਕੈਲੇਫੋਰਨੀਆ) ਅਨੁਸਾਰ ਅੱਜ ਇਕ ਹੀ ਮੋਬਾਇਲ ਵਿੱਚ ਅਨੇਕ ਰੇਡੀਓਜ਼ ਹਨ। ਸਾਡਾ ਦਾਇਰਾ ਵਧਿਆ ਹੈ ਅਤੇ ਵਧਣ ਦੀ ਆਸ ਹੈ। ਹਰਜੀਤ ਕੌਰ, ਰੇਡੀਓ ਸਪਾਇਸ ਆਕਲੈਂਡ (ਨਿਊਜ਼ੀਲੈਂਡ) ਨੇ ਉੱਥੇ ਰੇਡੀਓ ਦੇ ਹੋ ਰਹੇ ਵਿਸਤਾਰ ਬਾਰੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਇੱਕ ਘਰ ਦੀ ਗੈਰਾਜ ‘ਚੋਂ ਰੇਡੀਓ ਸ਼ੁਰੂ ਹੋ ਕੇ ਇੱਕ ਵੱਡਾ ਸਟੇਸ਼ਨ ਬਣ ਜਾਣਾ ਪੰਜਾਬੀ ਭਾਸ਼ਾ ਦੇ ਹੇਜ ਤੋਂ ਬਿਨਾਂ ਸੰਭਵ ਨਹੀਂ ਹੈ। ਉਹ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਅਤੇ ਰੇਡੀਓ ਦੀਆਂ ਹੋਰ ਸੰਭਾਵਨਾਵਾਂ ਬਾਰੇ ਆਸਵੰਦ ਨਜ਼ਰ ਆਏ। ਇਸ ਵੈਬਿਨਾਰ ਦਾ ਸਭ ਤੋਂ ਖੂਬਸੂਰਤ ਪੱਖ ਇਹ ਰਿਹਾ ਕਿ ਇਸ ਵਿੱਚ ਭਾਗ ਲੈਣ ਵਾਲੀਆਂ ਸ਼ਖਸੀਅਤਾਂ ਨੇ ਪੰਜਾਬੀ ਭਾਸ਼ਾ ਅਤੇ ਰੇਡੀਓ ਇੰਡਸਟਰੀ ਦੇ ਉਨ੍ਹਾਂ ਪਹਿਲੂਆਂ ਨੂੰ ਉਜਾਗਰ ਕੀਤਾ ਜਿਨ੍ਹਾਂ ਬਾਰੇ ਪਹਿਲਾਂ ਕਦੇ ਬਹੁਤੀ ਸੰਜੀਦਗੀ ਨਾਲ ਗੱਲ ਨਹੀਂ ਹੋਈ। ਪੰਜਾਬੀ ਲੈਂਗੂਏਂਜ ਐਜੂਕੇਸ਼ਨ ਐਸੋਸੀਏਸ਼ਨ (ਕੈਨੇਡਾ) ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਕਿਹਾ ਕਿ ਇਸ ਵੈਬਿਨਾਰ ਨਾਲ ਇਕ ਅਜਿਹੀ ਸ਼ੁਰੂਆਤ ਹੋਈ ਹੈ ਜਿਸ ਰਾਹੀਂ ਆਉਣ ਵਾਲੇ ਸਮੇਂ ਵਿੱਚ ਇਤਿਹਾਸਕ ਨਤੀਜੇ ਨਿਕਲਣਗੇ। ਹੋਰਨਾਂ ਤੋਂ ਇਲਾਵਾ ਕੈਨੇਡਾ ਤੋਂ ਸਰਦਾਰ ਬਲਵਿੰਦਰ ਸਿੰਘ ਚਾਹਲ, ਗੁਰਦਿਆਲ ਸਿੰਘ ਬਾਠ ਅਤੇ ਯੂ.ਕੇ. ਤੋਂ ਸਰਦਾਰ ਅਜਾਇਬ ਸਿੰਘ ਗਰਚਾ ਨੇ ਵੀ ਅਜਿਹੇ ਪ੍ਰੋਗਰਾਮਾਂ ਨੂੰ ਲਗਾਤਾਰ ਚਲਦੇ ਰੱਖਣ ਦੀ ਹਿਮਾਇਤ ਕੀਤੀ। ਵੈਬਿਨਾਰ ਦੇ ਅੰਤ ਵਿੱਚ ਡਾ. ਵੀਰਪਾਲ ਕੌਰ, ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿੱਚੋਂ ਇਹ ਇਕ ਨਿਵੇਕਲਾ ਪ੍ਰੋਗਰਾਮ ਹੈ ਜਿਸ ਨਾਲ ਭਾਸ਼ਾ ਵਿਭਾਗ ਪੰਜਾਬੀ ਦੇ ਮੀਡੀਆ ਦੇ ਕੰਮਾਂ ਵਿੱਚ ਨਵਾਂ ਰਾਹ
ਖੋਲ੍ਹਣਗੇ। ਉਨ੍ਹਾਂ ਨੇ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਇਸ ਵੈਬਿਨਾਰ ਦੇ ਸੰਕਲਪ ਅਤੇ ਬੇਹਤਰੀਨ ਪ੍ਰਬੰਧਨ ਲਈ ਨਵਜੋਤ ਢਿੱਲੋਂ ਅਤੇ ਰਮਨਪ੍ਰੀਤ ਕੌਰ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਭਾਸ਼ਾ ਵਿਭਾਗ, ਪੰਜਾਬ ਵਲੋਂ ਸ. ਸਤਨਾਮ ਸਿੰਘ ਸਹਾਇਕ ਡਾਇਰੈਕਟਰ ਅਤੇ ਸ. ਤੇਜਿੰਦਰ ਸਿੰਘ ਗਿੱਲ ਸਹਾਇਕ ਡਾਇਰੈਕਟਰ ਵਲੋਂ ਵੀ ਸਮੁੱਚੇ ਵੈਬਿਨਾਰ ਦਾ ਆਯੋਜਨ ਕਰਨ ਵਾਲੇ ਡਾ. ਨਵਜੋਤ ਕੌਰ ਢਿੱਲੋਂ(ਕੈਨੇਡਾ) ਅਤੇ ਰਮਨਪ੍ਰੀਤ ਕੌਰ(ਭਾਰਤ) ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਕੁਲਜੀਤ ਕੌਰ ਨੇ ਬਹੁਤ ਵਧੀਆ ਢੰਗ ਨਾਲ ਕੀਤਾ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!