ਭਾਰਤ ਸਰਕਾਰ ਦੇ ਫੀਲਡ ਆਊਟਰੀਚ ਬਿਊਰੋ ਵਲੋਂ ਕੋਵਿਡ ਵੈਕਸੀਨੇਸ਼ਨ ਕੈਂਪ ਦਾ ਆਯੋਜਨ
ਭਾਰਤ ਸਰਕਾਰ ਦੇ ਫੀਲਡ ਆਊਟਰੀਚ ਬਿਊਰੋ ਵਲੋਂ ਕੋਵਿਡ ਵੈਕਸੀਨੇਸ਼ਨ ਕੈਂਪ ਦਾ ਆਯੋਜਨ
- ਕੋਵਿਡ-19 ਤੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਬਾਰੇ ਦਿੱਤੀ ਗਈ ਜਾਣਕਾਰੀ
- ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਟੀਕਾਕਰਣ ਲਈ ਕੀਤਾ ਗਿਆ ਪ੍ਰੇਰਿਤ
ਅਸ਼ੋਕ ਧੀਮਾਨ,ਫਤਿਹਗੜ੍ਹ ਸਾਹਿਬ, 24 ਦਸੰਬਰ 2021
ਕੋਰੋਨਾ ਵਾਇਰਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਦੇਸ਼ਭਰ ਵਿੱਚ ਵੱਖੋ-ਵੱਖ ਥਾਵਾਂ ‘ਤੇ ਵੈਕਸੀਨੇਸ਼ਨ ਕੈਂਪ ਲਾ ਕੇ ਜੰਗੀ ਪੱਧਰ ਉੱਤੇ ਟੀਕਾਕਰਣ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ‘ਚ ਲਾਏ ਗਏ ਵੈਕਸੀਨੇਸ਼ਨ ਕੈਂਪ ਵਿੱਚ ਲੋਕਾਂ ਦਾ ਮੁਫ਼ਤ ਟੀਕਾਕਰਣ ਕੀਤਾ ਗਿਆ।
ਇਸ ਮੌਕੇ ਐੱਸ.ਡੀ.ਐਮ. ਜੀਵਨਜੋਤ ਕੌਰ ਨੇ ਕਿਹਾ ਕਿ ਇਹ ਇਕ ਚੰਗਾ ਉਪਰਾਲਾ ਹੈ ਤੇ ਇਸ ਮੁਹਿੰਮ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨ ਵਿਚ ਮਦਦ ਮਿਲੇਗੀ। ਇਸਦੇ ਨਾਲ ਹੀ ਉਹਨਾਂ ਲੋਕਾਂ ਨੂੰ ਵੱਧ ਚੜ੍ਹ ਕੇ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ।
ਪ੍ਰੋਗਰਾਮ ਦੌਰਾਨ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਵੱਧ ਤੋਂ ਵੱਧ ਹੱਥ ਸਾਫ ਰੱਖ ਕੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੇ ਨਾਲ ਕੁਝ ਹੋਰ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਸਰਕਾਰ ਦੀ ਸੱਭ ਤੋਂ ਪਹਿਲੀ ਪ੍ਰਾਥਮਿਕਤਾ ਲੋਕਾਂ ਦੀ ਸਿਹਤ ਹੈ ਅਤੇ ਇਸੇ ਦੇ ਮੱਦੇਨਜ਼ਰ ਵੱਡੇ ਪੱਧਰ ‘ ਤੇ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ।
ਮੰਚ ਤੋਂ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਚਾਂਸਲਰ ਜ਼ੋਰਾ ਸਿੰਘ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਭਵਿੱਖ ਵਿਚ ਵੀ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾ ਜਾਗਰੂਕਤਾ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਰਹੀ ਹੈ। ਇਸ ਤੋਂ ਇਲਾਵਾ ਵਾਈਸ ਚਾਂਸਲਰ ਸ਼ਾਲਿਨੀ ਗੁਪਤਾ ਤੇ ਮੈਡੀਕਲ ਅਫ਼ਸਰ ਮੀਨਲ ਕਪੂਰ ਸਣੇ ਹੋਰਨਾਂ ਬੁਲਾਰਿਆਂ ਨੇ ਮੰਚ ਤੋਂ ਲੋਕਾਂ ਨੂੰ ਸੰਬੋਧਿਤ ਕੀਤਾ।
ਇਸ ਮੌਕੇ ਲਹਿਰੀ ਥੀਏਟਰ ਗਰੁੱਪ ਵੱਲੋਂ ਆਪਣੀ ਪੇਸ਼ਕਸ਼ ਦੇ ਜ਼ਰੀਏ ਕੋਵਿਡ 19 ਬਾਰੇ ਜਾਗਰੂਕਤਾ ਦਾ ਸੁਨੇਹਾ ਦਿੰਦਿਆਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਐਨ.ਸੀ.ਸੀ., ਐਨ.ਐੱਸ.ਐੱਸ. ਤੇ ਐਨ.ਵਾਈ.ਕੇ.ਐੱਸ. ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਬਹਿਰਹਾਲ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਸ ਅਭਿਆਨ ਦਾ ਮਕਸਦ ਦੇਸ਼ ਦੇ ਹਰ ਨਾਗਰਿਕ ਵਿਚ ਕੋਰੋਨਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਹਾਲਾਂਕਿ ਅਮਲੋਹ ਵਿਚ ਇਸ 2 ਦਿਨਾਂ ਅਭਿਆਨ ਦਾ ਸਮਾਪਨ ਹੋ ਗਿਆ, ਪਰ ਦੇਸ਼ ਭਰ ਵਿਚ ਇਹ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਸ ਬਿਮਾਰੀ ਦੇ ਖਤਰੇ ‘ਤੇ ਪੂਰੀ ਤਰ੍ਹਾਂ ਠੱਲ ਨਹੀਂ ਪਾਈ ਜਾਂਦੀ।