ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ
*ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਲਈ ਸੰਘਰਸ਼ ਵਿੱਢਿਆ ਜਾਵੇਗਾ-ਧਨੇਰ
*ਕਰੋਨਾ ਦੀ ਆੜ ਹੇਠ ਵਿਦਿਆਰਥੀਆਂ ਨੂੰ ਵਿੱਦਿਆ ਵਿਹੂਣੇ ਨਹੀਂ ਹੋਣ ਦਿੱਤਾ ਜਾਵੇਗਾ-ਬੁਰਜਗਿੱਲ
ਰਘਬੀਰ ਹੈਪੀ,ਬਰਨਾਲਾ 28 ਜਨਵਰੀ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ ਬੂਟਾ ਸਿੰਘ ਬੁਰਜ ਗਿੱਲ ਦੀ ਪ੍ਰਧਾਨਗੀ ਹੇਠ ਸਥਾਨਕ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸਮੁੱਚੇ ਪੰਜਾਬ ਦੇ 15 ਜਿਲ੍ਹਿਆਂ ਦੇ ਪ੍ਰਧਾਨ/ ਸਕੱਤਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਵਿਚਾਰੇ ਗਏ ਏਜੰਡਿਆਂ ਸਬੰਧੀ ਜਾਣਕਾਰੀ ਦਿੰਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਸਮੇਤ ਮੁਲਕ ਦੇ ਵੱਖ ਵੱਖ ਥਾਵਾਂ’ਤੇ ਚੱਲੇ ਸਿਰੜੀ ਕਿਸਾਨ ਅੰਦੋਲਨ ਤੋਂ ਬਾਅਦ ਮੋਦੀ ਹਕੂਮਤ ਨੇ 19 ਨਵੰਬਰ ਨੂੰ ਇਹ ਤਿੰਨੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਸੀ। ਬਾਕੀ ਰਹਿੰਦੀਆਂ ਮੰਗਾਂ ਲਈ 9 ਦਸੰਬਰ ਨੂੰ ਕੇਂਦਰੀ ਸਰਕਾਰ ਦੇ ਅਧਿਕਾਰੀਆਂ ਨੇ ਲਿਖਤੀ ਰੂਪ’ਚ ਪੱਤਰ ਭੇਜ ਕੇ ਸਮਾਂ ਬੰਧ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਦਾ ਲਿਖਤੀ ਵਿਸ਼ਵਾਸ ਦਿਵਾਇਆ ਸੀ। ਪਰ ਅਫਸੋਸ ਕਿ ਲੱਗਭੱਗ ਡੇਢ ਮਹੀਨਾ ਬੀਤ ਜਾਣ ਵੀ ਮੋਦੀ ਹਕੂਮਤ ਨੇ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾ ਛੱਡਿਆ ਹੈ। ਮੋਦੀ ਹਕੂਮਤ ਦੀ ਇਸ ਸ਼ੈਤਾਨੀ ਭਰੀ ਸਾਜਿਸ਼ ਖਿਲਾਫ਼ 31ਜਨਵਰੀ ਨੂੰ ਮੁਲਕ ਪੱਧਰ ਤੇ ਡੀਸੀ/ਐਸਡੀਐਮਜ ਦੇ ਦਫਤਰਾਂ ਵੱਲ ਵਿਸ਼ਾਲ ਅਰਥੀ ਸਾੜ ਮੁਜ਼ਾਹਰੇ ਕਰਕੇ ਸੰਘਰਸ਼ ਮੁੜ ਸ਼ੁਰੂ ਕਰਨ ਦਾ ਮੁੱਢ ਬੰਨ੍ਹਣ ਦਾ ਫੈਸਲਾ ਕੀਤਾ ਸੀ। ਅੱਜ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਭਾਕਿਯੂ ਏਕਤਾ ਡਕੌਂਦਾ ਵੱਲੋਂ ਮੋਦੀ ਹਕੂਮਤ ਦੇ ਵਿਸ਼ਵਾਸ ਘਾਤ ਖਿਲਾਫ਼ 31 ਜਨਵਰੀ ਨੂੰ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਣਗੇ।ਇਹ ਵੀ ਫੈਸਲਾ ਕੀਤਾ ਕਿ ਅਰਥੀ ਫੂਕ ਮੁਜ਼ਾਹਰਿਆਂ ਨੂੰ 32 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ’ਤੇ ਲਾਗੂ ਕਰਵਾਉਣ ਲਈ ਯਤਨ ਜਾਰੀ ਰੱਖੇ ਜਾਣ। ਇਸ ਸਾਲ ਹੋਈਆਂ ਭਾਰੀ ਬਾਰਸ਼ਾਂ ਕਾਰਨ ਆਲੂਆਂ ਅਤੇ ਸਬਜੀਆਂ ਬੁਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਇਸ ਲਈ
ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਲਈ ਸੰਘਰਸ਼ ਵਿੱਢਿਆ ਜਾਵੇਗਾ।
ਇਸ ਹੀ ਤਰ੍ਹਾਂ ਸਰਕਾਰ ਵਿਦਿਆਰਥੀਆਂ ਨੂੰ ਵਿੱਦਿਆ ਦੇ ਹੱਕ ਤੋਂ ਵਾਝਿਆਂ ਰੱਖਣ ਦੀ ਸਾਜਿਸ਼ ਰਚ ਰਹੀ ਹੈ। ਇਸ ਲਈ ਕਰੋਨਾ ਦੀ ਆੜ ਹੇਠ ਵਿਦਿਆਰਥੀਆਂ ਨੂੰ ਵਿੱਦਿਆ ਵਿਹੂਣੇ ਨਹੀਂ ਹੋਣ ਦਿੱਤਾ ਜਾਵੇਗਾ। ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ/ਕਾਲਜ ਖੁਲਵਾਉਣ ਲਈ 4 ਫਰਬਰੀ ਨੂੰ ਦੋ ਘੰਟੇ ਦਾ ਜਾਮ ਕੀਤਾ ਜਾਵੇਗਾ।ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਮੌਕੇ ਸਾਰੀਆਂ ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਕੋਲੋਂ ਕਿਸਾਨੀ ਸਮੇਤ ਪੰਜਾਬ ਦੇ ਬੁਨਿਆਦੀ ਮੁੱਦਿਆਂ ਪ੍ਰਤੀ ਉਨ੍ਹਾਂ ਦੀ ਸਮਝ ਪ੍ਰਤੀ ਸਵਾਲ ਕੀਤੇ ਜਾਣਗੇ। ਕਿਸੇ ਵੀ ਪਾਰਟੀ ਦੀ ਪਾਰਟੀ ਦੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਕੋਈ ਮਦਦ ਨਹੀਂ ਕੀਤੀ ਜਾਵੇਗੀ। ਜਥੇਬੰਦੀ ਨੂੰ ਲੋਕ ਮਸਲਿਆਂ ਦਾ ਹੱਲ ਕਰਨ ਲਈ ਮਜਬੂਤ ਕਰਨ ਤੇ ਜੋਰ ਦਿੱਤਾ ਜਾਵੇਗਾ।