ਭਾਕਿਯੂ ਏਕਤਾ ਡਕੌਂਦਾ ਵੱਲੋਂ ਜੁਝਾਰ ਰੈਲੀ ਬਰਨਾਲਾ ਦੀਆਂ ਤਿਆਰੀਆਂ ਜੋਰਾਂ’ਤੇ
ਭਾਕਿਯੂ ਏਕਤਾ ਡਕੌਂਦਾ ਵੱਲੋਂ ਜੁਝਾਰ ਰੈਲੀ ਬਰਨਾਲਾ ਦੀਆਂ ਤਿਆਰੀਆਂ ਜੋਰਾਂ’ਤੇ
- 21 ਜਨਵਰੀ ਜੁਝਾਰ ਰੈਲੀ ਹਜਾਰਾਂ ਕਿਸਾਨ ਆਪਣੇ ਪੑੀਵਾਰਾਂ ਸਮੇਤ ਸ਼ਾਮਿਲ ਹੋਣਗੇ – ਉੱਪਲੀ
ਰਵੀ ਸੈਣ,ਬਰਨਾਲਾ 18 ਜਨਵਰੀ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 21 ਜਨਵਰੀ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ‘ਜੁਝਾਰ ਰੈਲੀ ‘ ਵਿੱਚ ਪੑੀਵਾਰਾਂ ਸਮੇਤ ਸ਼ਾਮਿਲ ਹੋਣ ਦੀਆਂ ਤਿਆਰੀਆਂ ਪੂਰੇ ਜੋਰਾਂ’ਤੇ ਚੱਲ ਰਹੀਆਂ ਹਨ। ਇਸੇ ਸੰਦਰਭ ਵਿੱਚ ਹੀ ਭਾਕਿਯੂ ਏਕਤਾ ਡਕੌਂਦਾ ਵੱਲੋਂ ਵੀ ਤਿਆਰੀਆਂ ਪੂਰੇ ਜੋਰਾਂ’ਤੇ ਚੱਲ ਰਹੀਆਂ ਹਨ। ਅੱਜ ਬਰਨਾਲਾ ਬਲਾਕ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਪਰਮਿੰਦਰ ਸਿੰਘ ਹੰਡਿਆਇਆ ਦੀ ਪੑਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ’ਤੇ ਸ਼ਾਮਿਲ ਹੋਏ ਸੂਬਾ ਪੑੈੱਸ ਸਕੱਤਰ ਬਲਵੰਤ ਸਿੰਘ ਉੱਪਲੀ ਨੇ ਕਿਹਾ ਕਿ ਬਰਨਾਲਾ ਬਲਾਕ ਲਈ ਮਾਣ ਵਾਲੀ ਗੱਲ ਹੈ ਕਿ ਸੂਬਾ ਕਮੇਟੀ ਨੇ “ਜੁਝਾਰ ਰੈਲੀ” ਲਈ ਬਰਨਾਲਾ ਨੂੰ ਚੁਣਿਆ ਹੈ।ਇਸ ਦਿਨ ਸਮੁੱਚੇ ਪੰਜਾਬ ਭਰ ਵਿੱਚੋਂ ਪੂਰੇ ਉਤਸ਼ਾਹ ਨਾਲ ਦਹਿ ਹਜਾਰਾਂ ਦੀ ਤਾਦਾਦ ਵਿੱਚ ਕਾਫ਼ਲੇ ਸ਼ਾਮਿਲ ਹੋਣਗੇ।ਮੋਦੀ ਹਕੂਮਤ ਨੇ ਸਾਮਰਾਜੀ ਲੁਟੇਰੀਆਂ ਸੰਸਥਾਵਾਂ ਦੀਆਂ ਨੀਤੀ ਲਾਗੂ ਕਰਦਿਆਂ ਪਹਿਲਾਂ ਕਿਰਤ ਕਾਨੂੰਨਾਂ ਨੂੰ ਚਾਰ ਲੇਬਰ ਕੋਡਾਂ ਵਿੱਚ ਤਬਦੀਲ ਕਰਕੇ ਕਿਰਤੀਆਂ ਲਈ ਹਾਇਰ ਐਂਡ ਫ਼ਾਇਰ ਦੀ ਨੀਤੀ ਲਾਗੂ ਕਰਕੇ ਕਿਰਤੀਆਂ ਦੀ ਤਿੱਖੀ ਰੱਤ ਨਿਚੋੜਨ ਲਈ ਰਾਹ ਪੱਧਰਾ ਕੀਤਾ,ਅਗਲੇ ਪੜਾਅ ਵਜੋਂ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਸਾਡੀਆਂ ਜਮੀਨਾਂ ਹੀ ਅਡਾਨੀਆਂ-ਅੰਬਾਨੀਆਂ ਦੇ ਹਵਾਲੇ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਸੀ। ਮੋਦੀ ਹਕੂਮਤ ਦਾ ਇਹ ਹੱਲਾ ਸਮੁੱਚੇ ਪੇਂਡੂ ਸੱਭਿਆਚਾਰ ਨੂੰ ਉਜਾੜਨ ਲਈ ਰਾਹ ਪੱਧਰਾ ਕਰਨਾ ਸੀ। ਇਸ ਅੰਦੋਲਨ ਵਿੱਚ ਤਿੰਨ ਪੀੜੀਆਂ ਬੁੱਢੇ, ਨੌਜਵਾਨ, ਬੱਚੇ ਪੂਰੀ ਸਿੱਦਤ ਨਾਲ ਕੁੱਦੇ। ਮੋਦੀ ਹਕੂਮਤ ਦੀ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ,ਪਾੜਨ ਖਿੰਡਾਉਣ ਦੀ ਹਰ ਸਾਜਿਸ਼ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਔਰਤਾਂ ਖਾਸ ਕਰ ਕਿਸਾਨ ਔਰਤਾਂ ਦੇ ਪੂਰਾਂ ਦੇ ਪੂਰਾਂ ਦੀ ਅਹਿਮ ਭੂਮਿਕਾ ਰਹੀ ਹੈ। ਬਾਬੂ ਸਿੰਘ ਖੁੱਡੀਕਲਾਂ, ਗੁਰਦਰਸ਼ਨ ਸਿੰਘ ਦਿਓਲ, ਬੂਟਾ ਸਿੰਘ ਬਾਜਵਾ, ਇੰਦਰਪਾਲ ਸਿੰਘ, ਗੁਰਮੀਤ ਸਿੰਘ,ਗੁਰਸੇਵਕ ਸਿੰਘ,ਸਿੰਦਰ ਸਿੰਘ,ਮਹਿੰਦਰ ਸਿੰਘ, ਦਰਸ਼ਨ ਸਿੰਘ ਠੀਕਰੀਵਾਲਾ,ਜੱਗਾ ਸਿੰਘ ਉੱਪਲੀ ਅਤੇ ਜੀਤ ਸਿੰਘ ਕਰਮਗੜ ਨੇ ਕਿਹਾ ਕਿ ਇਸ ਸਮੁੱਚੇ ਸੰਗਮ ਨੇ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕੀਤਾ ਹੈ। ਆਗੂਆਂ ਨੇ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਕਾਫ਼ਲੇ ਬੰਨ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੇਂਦਰੀ ਅਤੇ ਸੂਬਾਈ ਹਕਮਤਾਂ ਖਿਲਾਫ਼ ਵਿਧਾਨ ਸਭਾ ਚੋਣਾਂ ਸਮੇਂ ਆਪਣੇ ਕਾਡਰ ਨੂੰ ਕਿਸੇ ਸਿਆਸੀ ਪਾਰਟੀ ਦੇ ਛਕੜੇ ਵਿੱਚ ਸਵਾਰ ਹੋਣ ਦੀ ਥਾਂ ਸੰਘਰਸ਼ ਦਾ ਸੂਹਾ ਪਰਚਮ ਬੁਲੰਦ ਰੱਖਣ, ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ 21ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ‘ਜੁਝਾਰ ਰੈਲੀ ‘ ਵਿੱਚ ਪੑੀਵਾਰਾਂ ਸਮੇਤ ਕਾਫ਼ਲੇ ਬੰਨ੍ਹ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ।ਆਗੂਆਂ ਕਿਹਾ ਕਿ ਇਸ ਜੁਝਾਰ ਰੈਲੀ ਦੀਆਂ ਤਿਆਰੀਆਂ ਸਮੁੱਚੇ ਬਲਾਕ ਬਰਨਾਲਾ ਅੰਦਰ ਆਗੂ ਟੀਮਾਂ ਪੂਰੇ ਯੋਜਨਾਬੱਧ ਢੰਗ ਨਾਲ ਚਲਾ ਰਹੀਆਂ ਹਨ।19 ਜਨਵਰੀ ਨੂੰ ਬਰਨਾਲਾ ਬਲਾਕ ਦੇ ਸਾਰੇ ਪਿੰਡਾਂ ਵਿੱਚੋਂ ਕਾਫ਼ਲੇ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਜੀ ਦੇ 88 ਵੇਂ ਸ਼ਹੀਦੀ ਬਰਸੀ ਸਮੇਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਅਤੇ ਬਲਾਕ ਆਗੂ ਦੋ ਟੀਮਾਂ ਬਣਾਕੇ ਘਰ ਘਰ ਜਾਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜਾ ਲੈਣਗੇ।