ਭਾਕਿਯੂ ਏਕਤਾ ਡਕੌਂਦਾ ਨੇ ਖੁੱਡੀਕਲਾਂ ਵਿਖੇ ਚੋਣ ਬੂਥ ਲਾਉਣ ਆਏ ਭਾਜਪਾ ਆਗੂਆਂ ਨੂੰ ਬੇਰੰਗ ਮੋੜਿਆ
ਭਾਕਿਯੂ ਏਕਤਾ ਡਕੌਂਦਾ ਨੇ ਖੁੱਡੀਕਲਾਂ ਵਿਖੇ ਚੋਣ ਬੂਥ ਲਾਉਣ ਆਏ ਭਾਜਪਾ ਆਗੂਆਂ ਨੂੰ ਬੇਰੰਗ ਮੋੜਿਆ
ਰਘਬੀਰ ਹੈਪੀ,ਬਰਨਾਲਾ,20 ਫਰਵਰੀ 2022
ਸਾਰੀਆਂ ਪਾਰਲੀਮੈਂਟਰੀ ਪਾਰਟੀਆਂ ਲੋਕ ਮਸਲਿਆਂ ਨੂੰ ਪੈਰਾਂ ਹੇਠ ਮਧੋਲ ਹਰ ਹੀਲੇ ਹਕੂਮਤੀ ਕੁਰਸੀ ਤੇ ਬਿਰਾਜਮਾਨ ਹੋਣ ਲਈ ਪੱਬਾਂ ਭਾਰ ਹਨ। ਕੱਲ ਦੇਰ ਸ਼ਾਮ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਧੀਰਜ ਕੁਮਾਰ ਦੱਦਾਹੂਰ ਦਾ ਚੋਣ ਬੂਥ ਲਾਉਣ ਲਈ ਗੁਰਮੀਤ ਹੰਡਿਆਇਆ ਦੀ ਅਗਵਾਈ ਹੇਠ ਟੋਲਾ ਖੁੱਡੀਕਲਾਂ ਪਹੁੰਚ ਗਿਆ । ਇਹ ਟੋਲਾ ਹਾਲੇ ਚੋਣ ਬੂਥ ਲਾਉਣ ਵਾਲੇ ਦੀ ਭਾਲ ਕਰਨ ਲਈ ਪਿੰਡ ਵਿੱਚੋਂ ਕਿਸੇ ਖ੍ਰੀਦਦਾਰ ਦੀ ਭਾਲ ਕਰ ਹੀ ਰਿਹਾ ਸੀ ਕਿ ਇਸ ਦੀ ਸੂਚਨਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਮਿਲ ਗਈ। ਕੁੱਝ ਹੀ ਸਮੇਂ ਵਿੱਚ ਕਿਸਾਨ ਆਗੂ/ਵਰਕਰ ਜਥੇਬੰਦੀ ਦੇ ਝੰਡੇ ਲੈਕੇ ਬੂਥ ਲਾਉਣ ਵਾਲੀ ਥਾਂ ਤੇ ਪਹੁੰਚ ਗਏ। ‘750 ਕਿਸਾਨਾਂ ਦੀ ਕਾਤਲ ਮੋਦੀ ਸਰਕਾਰ-ਮੁਰਦਾਬਾਦ, ਬੀਜੇਪੀ ਜੁੰਡਲੀ-ਮੁਰਦਾਬਾਦ,ਕਿਸਾਨ-ਮਜਦੂਰ ਏਕਤਾ-ਜਿੰਦਾਬਾਦ,ਵੋਟਾਂ ਨੇ ਨੀਂ ਲਾਉਣਾ ਪਾਰ-ਲੜਨਾ ਪੈਣਾ ਬੰਨ੍ਹ ਕਤਾਰ”ਆਦਿ ਅਕਾਸ਼ ਗੁੰਜਾਊ ਨਾਹਰੇ ਗੂੰਜਣ ਲੱਗੇ।ਹਾਜਰ ਕਿਸਾਨਾਂ ਨੂੰ ਭਾਕਿਯੂ ਏਕਤਾ ਡਕੌਂਦਾ ਦੇ ਕਿਸਾਨ ਆਗੂ ਹਰਮੇਲ ਸਿੰਘ, ਸੁਰਜੀਤ ਸਿੰਘ ਖੁੱਡੀਕਲਾਂ ਨੇ ਕਿਹਾ ਕਿ ਸਾਡੀ ਜਥੇਬੰਦੀ ਦਾ ਫੈਸਲਾ ਹੈ ਕਿ ਖੇਤੀ ਦੇ ਉਜਾੜੇ ਲਈ ਤਿੰਨ ਬਿਲ ਲਿਆਉਣ ਵਾਲੀ ਮੋਦੀ ਸਰਕਾਰ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਕਿਉਂਕਿ ਕਿ ਭਾਜਪਾ ਸਰਕਾਰ ਨੇ ਹੀ ਸਾਡੇ ਕਿਸਾਨਾਂ ਨੂੰ ਸਵਾ ਸਾਲ ਗਰਮੀ, ਸਰਦੀ, ਮੀਂਹ,ਹਨੇਰੀ, ਝੱਖੜਾਂ ਵਿੱਚ ਦਿੱਲੀ ਦੇ ਬਾਰਡਰਾਂ ਤੇ ਰੁਲਣ ਲਈ ਮਜ਼ਬੂਰ ਕੀਤਾ ਹੈ।ਇਸੇ ਬੀਜੇਪੀ ਨੇ ਹੀ ਕਿਸਾਨਾਂ ਨੂੰ ਅੱਤਵਾਦੀ,ਖਾਲਿਸਤਾਨੀ,ਸ਼ਹਿਰੀ ਨਕਸਲੀ, ਅੰਦੋਲਨ ਜੀਵੀ ਆਦਿ ਲਕਬ ਦੇਕੇ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਸੀ। ਹੁਣ ਬੀਜੇਪੀ ਹਕੂਮਤ ਕਿਹੜੇ ਮੂੰਹ ਨਾਲ ਸਾਡੇ ਪਿੰਡਾਂ ਵਿੱਚੋਂ ਵੋਟਾਂ ਮੰਗਣ ਆ ਰਹੀ ਹੈ। ਕਿਸਾਨਾਂ ਦੇ ਭਾਰੀ ਵਿਰੋਧ ਨੂੰ ਭਾਂਪਦਿਆਂ ਬੀਜੇਪੀ ਦੇ ਆਗੂਆਂ ਨੇ ਚੁੱਪ ਚਾਪ ਖਿਸਕਣਾ ਹੀ ਬਿਹਤਰ ਸਮਝਿਆ। ਇਸ ਤੋਂ ਪਹਿਲਾਂ ਕਿ ਹਾਲਾਤ ਤਣਾਉ ਵਾਲੇ ਬਣਦੇ ਬੂਥ ਲਾਉਣ ਵਾਲੇ ਭਾਜਪਾਈ ਚਲਦੇ ਬਣੇ। ਭਾਕਿਯੂ ਏਕਤਾ ਡਕੌਂਦਾ ਬਲਾਕ ਬਰਨਾਲਾ ਦੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀਕਲਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ 19 ਨਵੰਬਰ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ 9 ਦਸੰਬਰ ਨੂੰ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਨਾਉਣ,ਸਾਰੀਆਂ ਫਸਲਾਂ ਦੀ ਸਰਕਾਰੀ ਖ੍ਰੀਦ ਯਕੀਨੀ ਬਨਾਉਣ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ, ਅੰਦੋਲਨ ਦੌਰਾਨ ਕਿਸਾਨਾਂ ਸਿਰ ਮੜ੍ਹ ਪੁਲਿਸ ਕੇਸ ਵਾਪਸ ਲੈਣ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਪਰ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਬਾਅਦ ਵੀ ਕੁੱਝ ਨਹੀਂ ਕੀਤਾ। ਉਲਟਾ ਅਲਾਹਾਬਾਦ ਹਾਈਕੋਰਟ ਵੱਲੋਂ ਲਖੀਮਪੁਰ ਖੀਰੀ ਕਾਂਡ ਵਿੱਚ ਕਿਸਾਨਾਂ ਦੇ ਕਾਤਿਲ ਅਸ਼ੀਸ਼ ਮਿਸ਼ਰਾ ਨੂੰ ਜਮਾਨਤ ਤੇ ਰਿਹਾਅ ਕਰ ਦਿੱਤਾ ਹੈ। ਜਦ ਕਿ ਸਾਡੀ ਅਜੈ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਦੀ ਹੈ। ਉਲਟਾ ਅਦਾਲਤ ਨੇ ਅਸ਼ੀਸ਼ ਮਿਸ਼ਰਾ ਨੂੰ ਜਮਾਨਤ ਤੇ ਰਿਹਾਅ ਕਰਕੇ ਮੋਦੀ ਸਰਕਾਰ ਨੇ ਸਾਡੇ ਜਖਮਾਂ ਤੇ ਲੂਣ ਭੁੱਕਿਆ ਹੈ। ਅਸੀਂ ਅੰਦੋਲਨ ਸਿਰਫ਼ ਮੁਲਤਵੀ ਕੀਤਾ ਸੀ, ਵਾਪਸ ਨਹੀਂ ਲਿਆ ਸੀ। ਜਲਦ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਜੋ ਵੀ ਸੰਘਰਸ਼ ਦਾ ਸੱਦਾ ਆਇਆ, ਉਸ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਉਦੋਂ ਤੱਕ ਬੀਜੇਪੀ ਦੇ ਆਗੂਆਂ ਨੂੰ ਪਿੰਡਾਂ ਵਿੱਚ ਵੜਨ/ਪਰਚਾਰ ਕਰਨ ਦੀ ਕਦਾਚਿਤ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।