ਬੁਲੰਦ ਹੌਸਲਿਆਂ ਨਾਲ ਪੈਰ ਧਰਿਆ ਧਰਨੇ ਦੇ ਦੂਸਰਾ ਸਾਲ ‘ਚ; ਪਹਿਲੇ ਦਿਨ ਵਾਲਾ ਜੋਸ਼ ਤੇ ਉਤਸ਼ਾਹ ਬਰਕਰਾਰ
*ਬੁਲੰਦ ਹੌਸਲਿਆਂ ਨਾਲ ਪੈਰ ਧਰਿਆ ਧਰਨੇ ਦੇ ਦੂਸਰਾ ਸਾਲ ‘ਚ; ਪਹਿਲੇ ਦਿਨ ਵਾਲਾ ਜੋਸ਼ ਤੇ ਉਤਸ਼ਾਹ ਬਰਕਰਾਰ
* ਧਰਨੇ ਦੀ ਵਰੇਗੰਢ ਮੌਕੇ ਬਾਜਾਰਾਂ ਵਿਚੋਂ ਦੀ ਰੋਹ- ਭਰਪੂਰ ਮੁਜ਼ਾਹਰਾ ਕੀਤਾ।
ਪਰਦੀਪ ਕਸਬਾ , ਬਰਨਾਲਾ: 1 ਅਕਤੂਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 366 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਪੰਜਾਬ ਵਿੱਚ ਪਿਛਲੇ ਸਾਲ ਅੱਜ ਦੇ ਹੀ ਦਿਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਧਰਨਿਆਂ ਦੀ ਸ਼ੁਰੂਆਤ ਹੋਈ ਸੀ।ਰੇਲਵੇ ਲਾਈਨਾਂ,ਪਲੇਟਫਾਰਮਾਂ ਤੋਂ ਹੁੰਦਾ ਬਰਨਾਲਾ ਧਰਨਾ ਹੁਣ ਰੇਲਵੇ ਪਾਰਕਿੰਗ ਵਾਲੀ ਥਾਂ ‘ਤੇ ਲਗਾਤਾਰ ਪੂਰੇ ਉਤਸ਼ਾਹ ਤੇ ਜੋਸ਼ ਨਾਲ ਚੱਲ ਰਿਹਾ ਹੈ।
ਧਰਨਾ ਹੁਣ ਰੇਲਵੇ ਸਟੇਸ਼ਨ ਦਾ ਪੱਕਾ ਫੀਚਰ ਪ੍ਰਤੀਤ ਹੋਣ ਲੱਗ ਪਿਆ ਹੈ। ਧਰਨਾਕਾਰੀਆਂ ਲਈ ਹੁਣ ਦਿਨਾਂ ਦੀ ਗਿਣਤੀ ਕੋਈ ਮਾਅਨੇ ਨਹੀਂ ਰੱਖਦੀ; ਬਸ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਟੀਚਾ ਹੀ ਮਾਅਨੇ ਰੱਖਦਾ ਹੈ।ਇਕ ਸਾਲ ਦੇ ਦੌਰਾਨ ਧਰਨੇ ਨੇ ਸਾਰੀਆਂ ਮੌਸਮੀ ਕਰੋਪੀਆਂ ਤਾਂ ਝੱਲੀਆਂ ਹੀ, ਸਾਰੇ ਤਿਉਹਾਰ ਤੇ ਇਤਿਹਾਸਕ ਦਿਹਾੜੇ ਵੀ ਮਨਾਏ। ਸਾਲ ਦੌਰਾਨ ਆਏ ਜਨਮ ਤੇ ਸ਼ਹੀਦੀ ਦਿਹਾੜਿਆਂ ‘ਤੇ ਗੁਰੂਆਂ, ਪੀਰਾਂ, ਸ਼ਹੀਦਾਂ, ਆਜਾਦੀ ਘੁਲਾਟੀਆਂ ਤੇ ਹੋਰ ਇਤਿਹਾਸਕ ਹਸਤੀਆਂ ਨੂੰ ਸਿਜਦੇ ਕੀਤੇ ਗਏ ਅਤੇ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ। ਇਸ ਤਰ੍ਹਾਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਆਪਣੇ ਮੁੱਖ ਮਕਸਦ ਦੇ ਨਾਲ ਨਾਲ ਧਰਨਾ ਇਤਿਹਾਸ ਦਾ ਇੱਕ ਅਮਲੀ ਸਕੂਲ ਵੀ ਹੋ ਨਿਬੜਿਆ। ਅੱਜ ਅਸੀਂ ਵਧੇਰੇ ਸਿਦਕ, ਸਿਰੜ, ਸੰਜਮ ਤੇ ਸਾਂਤਮਈ ਰਹਿਣ ਦੇ ਦ੍ਰਿੜ ਅਹਿਦ ਨਾਲ ਧਰਨੇ ਦੇ ਦੂਸਰੇ ਸਾਲ ਵਿੱਚ ਪੈਰ ਧਰ ਰਹੇ ਹਾਂ ਅਤੇ ਆਪਣਾ ਟੀਚਾ ਹਾਸਲ ਕਰਨ ਤੱਕ ਡਟੇ ਰਹਾਂਗੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਬੂ ਸਿੰਘ ਖੁੱਡੀ,ਹਰਚਰਨ ਸਿੰਘ ਚੰਨਾ, ਕਾਕਾ ਸਿੰਘ ਫਰਵਾਹੀ, ਬਲਜੀਤ ਚੌਹਾਨਕੇ, ਬਲਵੀਰ ਕੌਰ ਕਰਮਗੜ੍ਹ, ਬਲਵੰਤ ਸਿੰਘ ਠੀਕਰੀਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਝੋਨੇ ਦੇ ਖਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਵਾਲੇ ਨਾਦਰਸ਼ਾਹੀ ਫਰਮਾਨ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦਾ ਝੋਨਾ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਚੁੱਕਾ ਹੈ।
ਕਿਸਾਨ ਹੋਰ ਦਸ ਦਿਨ ਲਈ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਹੋਣਗੇ।ਦਰਅਸਲ ਇਹ ਫਰਮਾਨ ਫਰਦਾਂ ਮੰਗਣ, ਨਮੀਂ, ਬਦਰੰਗ/ ਟੋਟੇ ਆਦਿ ਦੇ ਸਖਤ ਮਾਪਦੰਡ ਤੈਅ ਕਰਨ ਵਾਲੇ ਕਦਮਾਂ ਦੀ ਹੀ ਅਗਲੀ ਕੜੀ ਹੈ। ਇਸ ਸਰਕਾਰੀ ਖਰੀਦ ਖਤਮ ਕਰਨ ਵੱਲ ਵਧਦੇ ਕਦਮਾਂ ਦੀ ਆਹਟ ਹੈ ਜੋ ਹੁਣ ਸਾਫ ਸੁਣਾਈ ਦੇਣ ਲੱਗੀ ਹੈ। ਸਰਕਾਰ ਇਹ ਫਰਮਾਨ ਵਾਪਸ ਲਵੇ ਅਤੇ ਖਰੀਦ ਤੁਰੰਤ ਸ਼ੁਰੂ ਕਰੇ।
ਧਰਨੇ ਦਾ ਇੱਕ ਸਾਲ ਪੂਰਾ ਹੋਣ ‘ਤੇ ਅੱਜ ਬਾਜਾਰਾਂ ਵਿਚੋਂ ਦੀ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ।ਨਾਹਰੇ ਲਾਉਂਦੇ ਧਰਨਾਕਾਰੀ ਸ਼ਹੀਦ ਭਗਤ ਸਿੰਘ ਚੌਕ ‘ਚ ਪਹੁੰਚੇ ਜਿਥੇ ਬੁਲਾਰਿਆਂ ਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਦੀ ਮੰਗ ਕੀਤੀ । ਅੱਜ ਧਨੌਲੇ ਵਾਲੇ ਪਾਠਕ ਭਰਾਵਾਂ ਨੇ ਜੋਸ਼ੀਲੇ ਕਵੀਸ਼ਰੀ ਗਾਇਣ ਨਾਲ ਪੰਡਾਲ ‘ਚ ਜੋ ਭਰਿਆ। ਬਹਾਦਰ ਸਿੰਘ ਕਾਲਾ ਨੇ ਵੀ ਗੀਤ ਸੁਣਾਇਆ।