PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਬੀਬੀ ਹਰਚੰਦ ਕੌਰ ਘਨੌਰੀ ਦੇ ਹੱਥੋਂ ਖਿੰਡਦੀ ਜਾ ਰਹੀ ਹੈ ਬਾਜ਼ੀ

Advertisement
Spread Information

ਬੀਬੀ ਹਰਚੰਦ ਕੌਰ ਘਨੌਰੀ ਦੇ ਹੱਥੋਂ ਖਿੰਡਦੀ ਜਾ ਰਹੀ ਹੈ ਬਾਜ਼ੀ

ਚੇਅਰਮੈਨ ਜਸਵੰਤ ਸਿੰਘ ਜੌਹਲ ਸਮੇਤ ਬਲਾਕ ਪ੍ਰਧਾਨ ਤੇ ਸਰਪੰਚ ਹੋਏ ਬਾਗੀ


ਮਹਿਲ ਕਲਾਂ 09 ਸਤੰਬਰ (ਗੁਰਸੇਵਕ ਸਿੰਘ ਸਹੋਤਾ) 
ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਅਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਜੋ ਕਿ ਲੰਮੇ ਸਮੇਂ ਤੋਂ ਸਿਆਸਤ ਦਾ ਹਿੱਸਾ ਹਨ, ਪਰ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਦੇ ਹੱਥੋਂ ਸਿਆਸੀ ਬਾਜ਼ੀ ਖਿੰਡਦੀ ਜਾ ਰਹੀ ਹੈ। ਲੰਮੇ ਸਿਆਸੀ ਕੈਰੀਅਰ ‘ਚ ਪਾਰਟੀ ਆਗੂਆਂ ਦਾ ਹੀ ਬਾਗ਼ੀ ਹੋ ਜਾਣਾ, ਨਵੀਂ ਸਿਆਸਤ ਨੂੰ ਜਨਮ ਦਿੰਦਾ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਿਆਸਤ ਵਿੱਚ ਵੀ ਉਥਲ ਪੁਥਲ ਸ਼ੁਰੂ ਹੋ ਚੁੱਕੀ ਹੈ ਤੇ ਜੋੜਤੋੜ ਦੇ ਵਰਤਾਰੇ ਸੁਰੂ ਹੋ ਚੁੱਕੇ ਹਨ।
ਜਿੱਥੇ ਹੋਰਨਾਂ ਸਿਆਸੀ ਪਾਰਟੀਆਂ ਚੋਂ ਬੰਦੇ ਪੱਟ ਕੇ ਅਾਪਣੀ ਪਾਰਟੀ ਨਾਲ ਜੋੜਨੇ, ਗੱਲ ਆਮ ਹੋ ਚੁੱਕੀ ਹੈ, ਉਥੇ ਕਾਂਗਰਸ ਪਾਰਟੀ ਚ ਦੂਸਰੇ ਧੜੇ ਨਾਲੋਂ ਬੰਦੇ ਤੋੜਕੇ ਆਪਣੇ ਧੜੇ ਨਾਲ ਜੋੜਨ ਦਾ ਰੁਝਾਨ ਵਧਦਾ ਜਾ ਰਿਹਾ ਹੈ। ਜਿਨ੍ਹਾਂ ਨੂੰ ਲਗਾਤਾਰ ਨੁਮਾਇੰਦਗੀਆਂ ਦਿੱਤੀਅਾਂ ਗੲੀਅਾਂ ਅਤੇ ਬੀਬੀ ਹਰਚੰਦ ਕੌਰ ਘਨੌਰੀ ਦੇ ਨੇੜਲੇ ਆਗੂਆਂ ਵਜੋਂ ਜਾਣੇ ਜਾਂਦੇ ਸਨ , ਅੱਜ ਉਹ ਬਾਗੀ ਹੋ ਕੇ ਵਿਰੋਧੀ ਧੜੇ ਵਿਚ ਖਡ਼੍ਹੇ ਹੋਏ ਦਿਖਾਈ ਦੇ ਰਹੇ ਹਨ। ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਦੇ ਬਾਗ਼ੀ ਹੋ ਜਾਣ ਨਾਲ ਵਿਰੋਧੀ ਧੜੇ ਨੂੰ ਵੱਡਾ ਬਲ ਮਿਲਿਆ ਹੈ, ਕਿਉਂਕਿ ਪਹਿਲਾਂ ਇਸ ਧੜੇ ਵਿਚ ਕਾਫ਼ੀ ਬਲਾਕ ਪ੍ਰਧਾਨ ਅਤੇ ਸਰਪੰਚ, ਪੰਚ ਮੌਜੂਦ ਸਨ।
ਸੂਤਰਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦੇ ਹੋਰ ਸਰਪੰਚ ਵੀ ਬੀਬੀ ਹਰਚੰਦ ਕੌਰ ਘਨੌਰੀ ਤੋਂ ਬਾਗੀ ਹੋ ਕੇ ਵਿਰੋਧੀ ਧੜੇ ਚ ਸ਼ਾਮਲ ਹੋਣਗੇ। ਭਾਵੇਂ ਕਿ ਵਿਰੋਧੀ ਧੜੇ ਵਿੱਚ ਸ਼ਾਮਲ ਕੁਝ ਐਸੀ ਸੀ ਚਿਹਰੇ ਆਪਣੇ ਆਪ ਨੂੰ ਬੀਬੀ ਘਨੌਰੀ ਦੀ ਕੁਰਸੀ ਤੇ ਬੈਠਣ ਦੇ ਸੁਪਨੇ ਵੀ ਲੈ ਰਹੇ ਹਨ, ਪਰ ਕੀ ਉਨ੍ਹਾਂ ਦੇ ਸੁਪਨਿਆਂ ਨੂੰ ਬੂਰ ਪਵੇਗਾ ? , ਬੀਬੀ ਘਨੌਰੀ ਤੋਂ ਬਾਗ਼ੀ ਹੋਏ ਧੜੇ ਚ ਇਕ ਗੱਲ ਸਪੱਸ਼ਟ ਇਹ ਵੀ ਹੈ ਕਿ ਉਹ ਬੀਬੀ ਹਰਚੰਦ ਕੌਰ ਘਨੌਰੀ ਨੂੰ ਹਟਾਏ ਜਾਣ ਦੀ ਮੰਗ ਤਾਂ ਜ਼ਰੂਰ ਕਰ ਰਹੇ ਹਨ, ਪਰ ਜਿਸ ਬੇਦਾਗ, ਇਮਾਨਦਾਰ ਤੇ ਪੜ੍ਹੇ ਲਿਖੇ ਵਿਅਕਤੀ ਦੀ ਉਹ ਮੰਗ ਕਰਦੇ ਹਨ ਉਹ ਨਾਮ ਅਜੇ ਤੱਕ ਨਸ਼ਰ ਨਹੀਂ ਕਰ ਸਕੇ। ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਵੇਂਕਿ ਬੀਬੀ ਹਰਚੰਦ ਕੌਰ ਘਨੌਰੀ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੱਕ ਆਪਣੀ ਪਹੁੰਚ ਬਣਾਈ ਹੋਈ ਹੈ, ਜਦਕਿ ਵਿਰੋਧੀ ਧੜੇ ਦੇ ਆਗੂ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲ ਕਈ ਵਾਰ ਅਪੀਲਾਂ ਕਰ ਚੁੱਕੇ ਹਨ।
ਹਲਕਾ ਮਹਿਲ ਕਲਾਂ ਚ ਜਿੱਥੇ ਬੀਬੀ ਹਰਚੰਦ ਕੌਰ ਘਨੌਰੀ ਨੂੰ ਹੀ ਦੁਬਾਰਾ ਟਿਕਟ ਦੇਣ ਦੀਆਂ ਚਰਚਾਵਾਂ ਜ਼ੋਰਾਂ ਉਤੇ ਹਨ, ਉਥੇ ਅੱਧੀ ਦਰਜਨ ਦੇ ਕਰੀਬ ਕਾਂਗਰਸੀ ਚਿਹਰੇ ਆਪਣੇ ਆਪ ਨੂੰ ਹਲਕਾ ਮਹਿਲ ਕਲਾਂ ਤੋਂ ਟਿਕਟ ਦੇ ਦਾਅਵੇਦਾਰ ਦੱਸ ਰਹੇ ਹਨ। ਜਿਸ ਕਰਕੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਚ ਕਾਂਗਰਸ ਦੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਮੈ ਇਕੱਲੀ ਤੇ ਮੁਲਾਹਜ਼ੇਦਾਰ ਬਾਹਲੇ, ਮੈਂ ਕੀਹਦਾ ਕੀਹਦਾ ਮਾਣ ਰੱਖਲਾਂ, ਵਾਲੀ ਸਥਿਤੀ ਕਾਂਗਰਸ ਦੀ ਹੈ ਕਿਉਂਕਿ ਚੋਣ ਇੱਕ ਇਨਸਾਨ ਨੂੰ ਲੜਾਈ ਜਾਵੇਗੀ, ਜਦਕਿ ਦਾਅਵੇਦਾਰ ਜ਼ਿਆਦਾ ਦਿਖਾਈ ਦੇ ਰਹੇ ਹਨ। ਇਕ ਗੱਲ ਇਹ ਵੀ ਸਪੱਸ਼ਟ ਹੈ ਕਿ ਭਾਵੇਂਕਿ ਬੀਬੀ ਘਨੌਰੀ ਤੋਂ ਬਾਗ਼ੀ ਹੋਏ ਧੜੇ ਸਾਰਾ ਜ਼ੋਰ ਬੀਬੀ ਘਨੌਰੀ ਦੀ ਟਿਕਟ ਕਟਾਉਣ ਲਈ ਲੱਗਿਆ ਹੋਇਆ ਹੈ ਪਰ ਵੱਡੀ ਪੱਧਰ ਤੇ ਬੀਬੀ ਹਰਚੰਦ ਕੌਰ ਘਨੌਰੀ ਖ਼ਿਲਾਫ਼ ਸਰਗਰਮੀਆਂ ਤੇਜ਼ ਨਹੀਂ ਹੋ ਸਕੀਆਂ।
ਜਿਸ ਨਾਲ ਪੰਜਾਬ ਹਾਈ ਕਮਾਂਡ ਨੂੰ ਬੀਬੀ ਹਰਚੰਦ ਕੌਰ ਘਨੌਰੀ ਦੀ ਟਿਕਟ ਕੱਟਣ ਲਈ ਮਜਬੂਰ ਕੀਤਾ ਜਾ ਸਕੇ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਬਾਗੀ ਧੜੇ ਵੱਲੋਂ ਕਿਸ ਵਿਅਕਤੀ ਨੂੰ ਆਪਣੇ ਵੱਲੋਂ ਇੱਥੇ ਉਮੀਦਵਾਰ ਐਲਾਨਿਆ ਜਾਵੇਗਾ ਜਾਂ ਉਮੀਦਵਾਰ ਦੇ ਨਾਮ ਦਾ ਅੈਲਾਨ ਹੋਣ ਤੇ ਇਹ ਧੜਾ ਵੀ ਖਿੰਡ ਜਾਵੇਗਾ।

Spread Information
Advertisement
Advertisement
error: Content is protected !!