ਬਹਾਵਲਪੁਰ ਟਰੱਸਟ ਧਰਮਸ਼ਾਲਾ ਮੰਡੀ ਗੋਬਿੰਦਗੜ੍ਹ ਨੂੰ ਸੌਂਪੀ 02 ਲੱਖ ਰੁਪਏ ਦੀ ਗਰਾਂਟ : ਭਾਂਬਰੀ
ਬਹਾਵਲਪੁਰ ਟਰੱਸਟ ਧਰਮਸ਼ਾਲਾ ਮੰਡੀ ਗੋਬਿੰਦਗੜ੍ਹ ਨੂੰ ਸੌਂਪੀ 02 ਲੱਖ ਰੁਪਏ ਦੀ ਗਰਾਂਟ : ਭਾਂਬਰੀ
ਅਸ਼ੋਕ ਧੀਮਾਨ,ਮੰਡੀ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ) 20 ਦਸੰਬਰ 2021
ਬਹਾਵਲਪੁਰ ਟਰੱਸਟ ਧਰਮਸ਼ਾਲਾ ਮੰਡੀ ਗੋਬਿੰਦਗੜ੍ਹ ਵੱਲੋਂ ਲੋਕ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਜੋ ਕਿ ਹੋਰਨਾਂ ਸਮਾਜ ਸੇਵੀ ਜੱਥੇਬੰਦੀਆਂ ਤੇ ਸੰਸਥਾਵਾਂ ਲਈ ਪ੍ਰੇਰਨਾ ਸਰੋਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿ਼ਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ ਨੇ ਬਹਾਵਲਪੁਰ ਟਰੱਸਟ ਧਰਮਸ਼ਾਲਾ ਮੰਡੀ ਗੋਬਿੰਦਗੜ੍ਹ ਨੂੰ 02 ਲੱਖ ਰੁਪਏ ਦੀ ਗਰਾਂਟ ਸੌਂਪਣ ਮੌਕੇ ਕੀਤਾ।
ਸ. ਭਾਂਬਰੀ ਨੇ ਕਿਹਾ ਕਿ ਇਨ੍ਹਾਂ ਪੈਸਿਆ ਨਾਲ ਇਹ ਟਰੱਸਟ ਹੋਰ ਸਮਾਜ ਸੇਵਾ ਦਾ ਕਾਰਜ ਅਮਲ ਵਿੱਚ ਲਿਆਵੇਗਾ ਜਿਸ ਨਾਲ ਸਮਾਜ ਦਾ ਭਲਾ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਇੱਕ ਇਨਸਾਨ ਨੂੰ ਆਪਣੀ ਨਿੱਜੀ ਤਰੱਕੀ ਦੇ ਨਾਲ ਨਾਲ ਸਮਾਜ ਦਾ ਪੱਧਰ ਵੀ ਉੱਚਾ ਚੁੱਕਣ ਵਾਸਤੇ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਆਉਣ ਵਾਲੀਆਂ ਪੀੜੀਆਂ ਨੂੰ ਬਿਹਤਰ ਜਿੰਦਗੀ ਤੇ ਬਿਹਤਰ ਸਮਾਜ ਮਿਲੇਗਾ।
ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਲੋਕ ਹਿੱਤ ਵਿੱਚ ਇਤਿਹਾਸਕ ਫੈਸਲੇ ਕੀਤੇ ਗਏ ਹਨ ਜਿਨ੍ਹਾਂ ਦੀ ਹਰੇਕ ਵਰਗ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਫੈਸਲਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਨੇ ਹਮੇਸ਼ਾਂ ਵਿਕਾਸ ਅਤੇ ਲੋਕ ਭਲਾਈ ਨੂੰ ਪਹਿਲ ਦਿੱਤੀ ਹੈ।
ਸ. ਭਾਂਬਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਬਿਜਲੀ ਬਿਲ ਮੁਆਫ ਕਰਕੇ ਗਰੀਬ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਅਤੇ ਬਿਜਲੀ ਸਸਤੀ ਕੀਤੀ, ਪੈਟਰੋਲ ਡੀਜ਼ਲ ਸਸਤਾ ਕੀਤਾ, ਰੇਤ ਸਸਤੀ ਕੀਤੀ, ਲਾਲ ਲਕੀਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦਿੱਤੇ ਜਿਸ ਨੇ ਗਰੀਬ ਲੋਕਾਂ ਦਾ ਆਪਣਾ ਘਰ ਹੋਣ ਹੋਣ ਦਾ ਸੁਪਨਾ ਸਾਕਾਰ ਕੀਤਾ।
ਚੇਅਰਮੈਨ ਜਿ਼ਲ੍ਹਾ ਯੋਜਨਾ ਕਮੇਟੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਸਿ਼ਆਂ ਵਿੱਚ ਫਸਾਉਣ ਵਾਲਿਆਂ ਨੂੰ ਜਲਦੀ ਹੀ ਜੇਲਾਂ ਵਿੱਚ ਭੇਜਿਆ ਜਾਵੇਗਾ ਬੇਅਦਬੀ ਦੇ ਦੋਸ਼ੀ ਵੀ ਕਿਸੇ ਹਾਲ ਵਿੱਚ ਬਖਸ਼ੇ ਨਹੀਂ ਜਾਣਗੇ।
ਇਸ ਮੌਕੇ ਭਗਵਾਨ ਦਾਸ ਪੱਪੂ ਪ੍ਰਧਾਨ, ਅਸ਼ੋਕ ਕੁਮਾਰ, ਅਮਿਤ ਠਾਕੁਰ ਐਮ ਸੀ, ਰਾਜ ਕੁਮਾਰ ਖੱਟਰ, ਘਣਸ਼ਿਆਮ ਦਾਸ, ਰਾਕੇਸ਼ ਚਾਵਲਾ, ਰਾਜ ਕੁਮਾਰ, ਅਸ਼ਵਨੀ ਭਾਟੀਆ ਅਤੇ ਪ੍ਰੇਮ ਚੰਦ ਸਮੇਤ ਪੰਤਵੰਤੇ ਹਾਜਰ ਸਨ।