ਬਲਾਕ ਸੀਤੋ ਗੁੰਨੋ ਦੇ ਪਿੰਡਾਂ ਵਿੱਚ ਸਕੂਲੀ ਬੱਚਿਆਂ ਲਈ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ
ਬਲਾਕ ਸੀਤੋ ਗੁੰਨੋ ਦੇ ਪਿੰਡਾਂ ਵਿੱਚ ਸਕੂਲੀ ਬੱਚਿਆਂ ਲਈ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 26 ਜਨਵਰੀ 2022
ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ `ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ: ਸਰਬਿੰਦਰ ਸਿੰਘ ਸੇਠੀ ਦੀਆਂ ਹਦਾਇਤਾਂ `ਤੇ ਗਣਤੰਤਰ ਦਿਵਸ ਮੌਕੇ ਸੀਤੋ ਗੁੰਨੋ ਬਲਾਕ ਦੇ ਪੇਂਡੂ ਖੇਤਰਾਂ ਵਿੱਚ ਟੈਸਟਿੰਗ ਅਤੇ ਟੀਕਾਕਰਨ ਲਗਾਉਣ ਸਬੰਧੀ ਕੈਂਪ ਲਗਾਇਆ ਗਿਆ।
ਐੱਸ.ਐੱਮ.ਓ ਡਾ: ਬਬੀਤਾ ਨੇ ਦੱਸਿਆ ਕਿ ਕਰੋਨਾ ਦੀ ਤੀਸਰੀ ਲਹਿਰ ਦੇ ਮੱਦੇਨਜਰ ਕੈਂਪਾਂ ਵਿੱਚ ਸਕੂਲ ਸਟਾਫ਼ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਰਾਮਸਰਾ, ਸੀਤੋ ਗੁੰਨੋ, ਬੱਲੂਆਣਾ ਦੇ ਸਰਕਾਰੀ ਸਕੂਲਾਂ ਵਿੱਚ 15 ਤੋਂ 18 ਸਾਲ ਤੱਕ ਦੇ ਸਕੂਲੀ ਬੱਚਿਆਂ ਨੂੰ ਕੋਵਿਡ ਟੀਕਾਕਰਨ ਮੁਹਿੰਮ ਚਲਾਈ ਗਈ ਤਾਂ ਜੋ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ।ਸੀਤੋ ਗੁੰਨੋ ਬਲਾਕ ਦੇ ਵਿਸ਼ੇਸ਼ ਤੌਰ `ਤੇ ਰਾਜਪੁਰਾ, ਗੋਬਿੰਦਗੜ੍ਹ ਵਿਖੇ 28 ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਸਟਾਫ਼ ਵੱਲੋਂ ਟੀਕਾਕਰਨ ਅਤੇ ਸੈਂਪਲ ਲਏ ਗਏ।
ਇਸ ਮੌਕੇ ਨੋਡਲ ਅਫ਼ਸਰ ਡਾ: ਨਵੀਨ ਮਿੱਤਲ ਨੇ ਸਮੂਹ ਬਲਾਕ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਰੋਨਾ ਨੂੰ ਜੜ੍ਹ ਤੋਂ ਖ਼ਤਮ ਕਰਨਾ ਹੈ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਣਾ ਹੈ ਤਾਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ, ਉਹ ਜਲਦੀ ਤੋਂ ਜਲਦੀ ਆਪਣੀ ਦੂਸਰੀ ਡੋਜ਼ ਲੈਣ। ਇਸ ਤੋਂ ਇਲਾਵਾ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀ ਡਾਕਟਰੀ ਸਲਾਹ ਅਨੁਸਾਰ ਆਪਣੀ ਖੁਰਾਕ ਜ਼ਰੂਰ ਲੈਣ।
ਉਨ੍ਹਾਂ ਦੱਸਿਆ ਕਿ ਟੀਕਾਕਰਨ ਤੋਂ ਬਾਅਦ ਵੀ ਮਾਸਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ, ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਸੁਨੀਲ ਟੰਡਨ ਨੇ ਦੱਸਿਆ ਕਿ ਇਸੇ ਲੜੀ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬਲਾਕ ਦੇ ਪੇਂਡੂ ਖੇਤਰਾਂ ਦੇ ਸਾਰੇ ਸਿਹਤ ਤੇ ਤੰਦਰੁਸਤੀ ਕੇਂਦਰਾਂ ਅਤੇ ਪੀ.ਐਚ.ਸੀ. ਵਿਖੇ ਟੀਕਾਕਰਨ ਕੀਤਾ ਗਿਆ।
ਇਸ ਮੌਕੇ ਸੀਤੋ ਗੁੰਨੋ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਟਾਫ਼ ਨਰਸ ਕੁਲਦੀਪ, ਅੰਮ੍ਰਿਤਪਾਲ, ਐਚਐਮਓ ਮੁਕੇਸ਼ ਸਿੰਘ, ਆਸ਼ਾ ਵਰਕਰ ਨਿਰਮਲਾ ਅਤੇ ਸਕੂਲ ਲੈਕਚਰਾਰ ਨਰਾਇਣ ਰਾਮ ਅਤੇ ਹੋਰ ਅਧਿਆਪਕ ਹਾਜ਼ਰ ਸਨ।