ਬਠਿੰਡਾ ਵਿਖੇ ਮਨਾਇਆ ਗਿਆ ਸੰਸਥਾ ਦਿਵਸ
ਅਸ਼ੋਕ ਵਰਮਾ,ਬਠਿੰਡਾ ,25 ਦਸੰਬਰ 2021
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਬਠਿੰਡਾ ਨੇ ਸੰਸਥਾ ਵਿਖੇ ਓਪੀਡੀ ਸੇਵਾਵਾਂ ਦੇ ਉਦਘਾਟਨ ਦੇ ਦੋ ਸਾਲ ਪੂਰੇ ਹੋਣ ‘ਤੇ ਵੀਰਵਾਰ, 23 ਦਸੰਬਰ ਨੂੰ ਆਪਣਾ ਇੰਸਟੀਚਿਊਟ ਦਿਵਸ ਮਨਾਇਆ। ਪ੍ਰੋਗਰਾਮ ਦਾ ਉਦਘਾਟਨ ਏਮਜ਼ ਬਠਿੰਡਾ ਦੇ ਮਾਨਯੋਗ ਡਾਇਰੈਕਟਰ ਪ੍ਰੋਫੈਸਰ ਡਾ: ਡੀ.ਕੇ. ਸਿੰਘ ਵੱਲੋਂ ਪਦਮ ਸ਼੍ਰੀ ਨਾਲ ਸਨਮਾਨਿਤ ਪ੍ਰੋਫ਼ੈਸਰ ਡਾ: ਦਿਗੰਬਰ ਬੇਹੜਾ ਦੇ ਸਨਮਾਨ ਨਾਲ ਕੀਤਾ ਗਿਆ | ਡਾ. ਬੇਹਰਾ ਸਾਹ ਦੀਆਂ ਬਿਮਾਰੀਆਂ ਦੇ ਇੱਕ ਬਹੁਤ ਹੀ ਸਤਿਕਾਰਤ ਮਾਹਿਰ ਹਨ ਅਤੇ ਪੀ.ਜੀ.ਆਈ., ਚੰਡੀਗੜ੍ਹ ਵਿਖੇ ਪਲਮਨਰੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਸਨ। ਇਸ ਪ੍ਰੋਗਰਾਮ ਵਿੱਚ ਏਮਜ਼ ਇੰਸਟੀਚਿਊਟ ਬਾਡੀ ਦੇ ਮੈਂਬਰ ਪ੍ਰੋਫ਼ੈਸਰ ਡਾ. ਰਾਜੀਵ ਗੁਪਤਾ, ਜੋ ਕਿ ਡੀ.ਐਮ.ਸੀ., ਲੁਧਿਆਣਾ ਵਿੱਚ ਕਾਰਡੀਅਕ ਸਰਜਨ ਹਨ ਅਤੇ ਪ੍ਰੋਫ਼ੈਸਰ ਡਾ. ਵਿਤੁਲ ਗੁਪਤਾ, ਜੋ ਕਿ ਬਠਿੰਡਾ ਤੋਂ ਇੱਕ ਸੀਨੀਅਰ ਡਾਕਟਰ ਹਨ, ਨੇ ਵੀ ਸ਼ਿਰਕਤ ਕੀਤੀ।
ਏਮਜ਼ ਬਠਿੰਡਾ ਦੇ ਡੀਨ ਅਤੇ ਮੈਡੀਕਲ ਸੁਪਰਡੈਂਟ ਡਾ: ਸਤੀਸ਼ ਗੁਪਤਾ ਨੇ ਸੰਸਥਾ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ | ਓਹਨਾ ਨੇ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਅਤੇ ‘ਬਲੈਕ ਫੰਗਸ’ ਮਹਾਂਮਾਰੀ ਦੇ ਦੌਰਾਨ ਸੰਸਥਾ ਦੁਆਰਾ ਨਿਭਾਈ ਗਈ ਭੂਮਿਕਾ ‘ਤੇ ਜ਼ੋਰ ਦਿੱਤਾ, ਜਦੋਂ ਖੇਤਰ ਦੇ ਹੋਰ ਹਸਪਤਾਲ ਸੰਕਟ ਨਾਲ ਸਿੱਝਣ ਲਈ ਸੰਘਰਸ਼ ਕਰ ਰਹੇ ਸਨ | ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਇੰਸਟੀਚਿਊਟ ਵੱਲੋਂ ਥੋੜ੍ਹੇ ਸਮੇਂ ਵਿੱਚ ਕੀਤੀ ਸ਼ਾਨਦਾਰ ਤਰੱਕੀ ਲਈ ਡਾਇਰੈਕਟਰ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਸੰਸਥਾ ਜਲਦੀ ਹੀ ਪੀ.ਜੀ.ਆਈ, ਚੰਡੀਗੜ੍ਹ ਵਰਗਾ ਰੁਤਬਾ ਹਾਸਲ ਕਰ ਸਕਦੀ ਹੈ । ਮਾਨਯੋਗ ਡਾਇਰੈਕਟਰ ਨੇ ਆਪਣੇ ਸੰਬੋਧਨ ਵਿੱਚ ਸਰਜਨਾਂ ਦੁਆਰਾ ਗੋਡੇ ਬਦਲਣ, ਕੈਂਸਰ ਦੀ ਸਰਜਰੀ, ਦਿਮਾਗ ਦੀ ਸਰਜਰੀ ਆਦਿ ਵਿੱਚ ਸੀਮਤ ਸਰੋਤਾਂ, ਸੀਮਤ ਜਗ੍ਹਾ ਦੇ ਨਾਲ ਗੁੰਝਲਦਾਰ ਸਰਜਰੀਆਂ ਕਰਨ ਵਿੱਚ ਕੀਤੇ ਜਾ ਰਹੇ ਬੇਮਿਸਾਲ ਕੰਮ ਨੂੰ ਉਜਾਗਰ ਕੀਤਾ ਕਿਉਂਕਿ ਮਾਡਯੂਲਰ ਓਟੀ ਕੰਪਲੈਕਸ ਅਜੇ ਵੀ ਨਿਰਮਾਣ ਅਧੀਨ ਹੈ।
ਮੁੱਖ ਮਹਿਮਾਨ ਨੇ ਹੋਰ ਪਤਵੰਤਿਆਂ ਨਾਲ ਸੰਸਥਾ ਦੇ ਮੈਗਜ਼ੀਨ ”ਏਕ ਕਦਮ” ਦਾ ਉਦਘਾਟਨ ਕੀਤਾ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਵੱਡੀਆਂ ਪ੍ਰਾਪਤੀਆਂ ਦੇ ਨਾਲ-ਨਾਲ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਦੇ ਲੇਖ, ਕਹਾਣੀਆਂ, ਕਵਿਤਾਵਾਂ ਅਤੇ ਤਸਵੀਰਾਂ ਸ਼ਾਮਲ ਹਨ। ਇਸ ਤੋਂ ਬਾਅਦ ਇਨਾਮਾਂ ਦੀ ਵੰਡ ਕੀਤੀ ਗਈ, ਜਿੱਥੇ ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ ਪੰਖੀਤਾ ਘਈ, ਜਯਾ ਜੈਨ, ਈਸ਼ਾਨ ਮਾਨਕਤਲਾ ਅਤੇ ਮਯੰਕ ਗਰਗ ਨੇ ਆਪਣੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ ਮੁੱਖ ਮਹਿਮਾਨ ਅਤੇ ਡਾਇਰੈਕਟਰ ਤੋਂ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਤੋਂ ਬਾਅਦ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਸਪਤਾਲ ਦੇ ਵਿਦਿਆਰਥੀਆਂ, ਨਰਸਾਂ, ਅਧਿਆਪਕਾਂ ਅਤੇ ਸਟਾਫ਼ ਵੱਲੋਂ ਗੀਤ, ਡਾਂਸ, ਕਵਿਤਾਵਾਂ ਅਤੇ ਸਕਿੱਟ ਪੇਸ਼ ਕੀਤੇ ਗਏ।