ਜਸਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ, ਮੈਡੀਕਲ ਖੋਜ਼ ਲਈ ਕੀਤੀ ਦਾਨ
ਅਸ਼ੋਕ ਵਰਮਾ , ਬਠਿੰਡਾ, 28 ਜੁਲਾਈ 2022
ਡੇਰਾ ਸੱਚਾ ਸੌਦਾ ਦੀ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਦਾਰ ਭੈਣ ਜਸਵੀਰ ਕੌਰ ਇੰਸਾਂ ਮੁਲਤਾਨੀਆਂ ਰੋਡ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪਤੀ ਮਾਸਟਰ ਪਾਲਾ ਸਿੰਘ ਇੰਸਾਂ, ਬੇਟੇ ਅਵਤਾਰ ਸਿੰਘ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ, ਭੁੱਚੋ ਕਲਾਂ, ਬਠਿੰਡਾ ਨੂੰ ਦਾਨ ਕੀਤਾ। ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਿਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਏਰੀਆ ਭੰਗੀਦਾਸ ਜਗਿੰਦਰ ਇੰਸਾਂ ਨੇ ਦੱਸਿਆ ਕਿ ਭੰਗੀਦਾਸ ਭੈਣ ਜਸਵੀਰ ਕੌਰ ਇੰਸਾਂ ਨੇ ਮੌਤ ਉਪਰੰਤ ਸ਼ਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ । ਜਿਸ ਨੂੰ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਨੇ ਦੱਸਿਆ ਕਿ ਭੈਣ ਜੀ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਉਹ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ। ਉਨਾਂ ਜਿਉਂਦੇ ਜੀ ਵੀ ਮਾਨਵਤਾ ਦੀ ਸੇਵਾ ਕੀਤੀ ਅਤੇ ਉਹ ਜਾਂਦੇ-ਜਾਂਦੇ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਾਨਵਤਾ ਤੇ ਇੱਕ ਬਹੁਤ ਵੱਡਾ ਪਰਉਪਕਾਰ ਕਰ ਗਏ ਹਨ। ਇਸ ਮੌਕੇ 45 ਮੈਂਬਰ ਪੰਜਾਬ ਭੈਣ ਕੁਲਦੀਪ ਇੰਸਾਂ, ਮੀਨੂੰ ਕਸ਼ਿਅਪ ਇੰਸਾਂ, ਵਿਨੋਦ ਇੰਸਾਂ, ਸਖਵਿੰਦਰ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਜ਼ਿਲਾ ਸੁਜਾਣ ਭੈਣਾਂ, ਜ਼ਿਲਾ 25 ਮੈਂਬਰ, ਬਲਾਕ ਭੰਗੀਦਾਸ, 15 ਮੈੈਂਬਰ, ਸੁਜਾਣ ਭੈਣਾਂ, ਬਲਾਕ ਬਠਿੰਡਾ, ਚੁੱਘੇ ਕਲਾਂ, ਭੁੱਚੋ ਮੰਡੀ ਦੇ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।